ਝੋਟਾ ਕਤਲ ਕਾਂਡ: ਅਸ਼ਵਨੀ 'ਤੇ ਸੀ 5 ਪਰਚੇ..., ਫਿਰ ਕਿਵੇਂ ਜਾਰੀ ਹੋਇਆ ਅਸਲਾ ਲਾਈਸੈਂਸ? ਉਠੇ ਸਵਾਲ
ਪ੍ਰਸ਼ਾਸਨ 'ਤੇ ਲੱਗੇ ਗੰਭੀਰ ਇਲਜ਼ਾਮ
ਬਾਬੂਸ਼ਾਹੀ ਬਿਊਰੋ
ਮਾਨਸਾ, 15 ਅਕਤੂਬਰ, 2026: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ, ਜਿਸ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਮੁਲਜ਼ਮ ਅਸ਼ਵਨੀ ਕੁਮਾਰ ਨੂੰ 5 ਪੁਲਿਸ ਕੇਸ ਦਰਜ ਹੋਣ ਦੇ ਬਾਵਜੂਦ ਹੱਥੋਂ-ਹੱਥ ਅਸਲਾ ਲਾਇਸੈਂਸ ਜਾਰੀ ਕੀਤਾ ਗਿਆ ਸੀ। ਇਨ੍ਹਾਂ ਪੁਲਿਸ ਕੇਸਾਂ ਵਿੱਚੋਂ ਤਿੰਨ ਕੇਸ ਇਕੱਲੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਨਾਲ ਸਬੰਧਤ ਸਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਾਰੇ ਮਾਮਲਿਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਮਾਨਸਾ ਦੇ ਐਸ.ਐਸ.ਪੀ. ਵੱਲੋਂ 9 ਅਗਸਤ 2024 ਨੂੰ ਕੀਤੀ ਗਈ ਸਿਫ਼ਾਰਸ਼ ਦੇ ਆਧਾਰ 'ਤੇ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਨੇ 21 ਅਗਸਤ 2024 ਨੂੰ ਅਸ਼ਵਨੀ ਕੁਮਾਰ ਨੂੰ ਇਹ ਅਸਲਾ ਲਾਇਸੈਂਸ ਜਾਰੀ ਕੀਤਾ ਸੀ, ਜਿਸ ਦੀ ਵੈਧਤਾ 2029 ਤੱਕ ਸੀ। ਇਸੇ ਲਾਇਸੈਂਸ ਦੇ ਆਧਾਰ 'ਤੇ ਅਸ਼ਵਨੀ ਨੇ 7.62 ਐਮ.ਐਮ. ਦੀ ਪਿਸਟਲ ਅਤੇ 12 ਬੋਰ ਦੀ ਗਨ ਸਮੇਤ ਦੋ ਹਥਿਆਰ ਰੱਖੇ ਹੋਏ ਸਨ ਅਤੇ ਉਸ ਨੂੰ ਇੱਕ ਵਾਰ ਵਿੱਚ 50 ਤੇ ਸਾਲ ਵਿੱਚ 100 ਕਾਰਤੂਸ ਖ਼ਰੀਦਣ ਦੀ ਇਜਾਜ਼ਤ ਦਿੱਤੀ ਗਈ ਸੀ।
ਆਮ ਤੌਰ 'ਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਿਸੇ ਅਪਰਾਧਿਕ ਕੇਸ ਵਾਲੇ ਵਿਅਕਤੀ ਦਾ ਲਾਇਸੈਂਸ ਨਵੀਨ (ਰੀਨਿਊ) ਵੀ ਨਹੀਂ ਕੀਤਾ ਜਾਂਦਾ, ਪਰ ਅਸ਼ਵਨੀ ਦੇ ਮਾਮਲੇ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਲਾਇਸੈਂਸ ਦਿੱਤਾ ਗਿਆ, ਜਿਸ ਦੀ ਵਰਤੋਂ ਉਸ ਨੇ ਆਪਣੀ ਦੁਕਾਨ 'ਚ ਪਰਵਿੰਦਰ ਝੋਟਾ ਦੀ ਹੱਤਿਆ ਕਰਨ ਲਈ ਕੀਤੀ। ਹੁਣ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਕੀ ਇਹ ਲਾਇਸੈਂਸ ਕਿਸੇ ਸਿਆਸੀ ਦਬਾਅ ਹੇਠ ਜਾਰੀ ਕੀਤਾ ਗਿਆ ਸੀ, ਜੋ ਕਿ ਜਾਂਚ ਦਾ ਇੱਕ ਅਹਿਮ ਵਿਸ਼ਾ ਹੈ।
- Download Babushahi App
-
-