ਅਰਵਿੰਦ ਕੇਜਰੀਵਾਲ ਤੇ ਸਾਥੀਆਂ ਵਿਰੁੱਧ ਐੱਫ.ਆਈ.ਆਰ. ਦਰਜ: ਕਾਲਕਾ, ਕਾਹਲੋਂ
ਨਵੀਂ ਦਿੱਲੀ 12 ਅਕਤੂਬਰ, 2026 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਖੁਲਾਸਾ ਕੀਤਾ ਹੈ ਕਿ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਸਬੰਧੀ ਉਨ੍ਹਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਿੱਲੀ ਪੁਲਿਸ ਦੇ ਨਵੀਂ ਦਿੱਲੀ ਜ਼ਿਲ੍ਹੇ ਦੇ ਡੀ.ਸੀ.ਪੀ. ਵੱਲੋਂ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਪ੍ਰਧਾਨ ਸਰਦਾਰ ਕਾਲਕਾ ਅਤੇ ਜਰਨਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਰਗੇ ਪਵਿੱਤਰ ਅਤੇ ਇਤਿਹਾਸਕ ਧਾਰਮਿਕ ਅਸਥਾਨ ਵਿਖੇ ਸਿਆਸੀ ਨਾਅਰੇਬਾਜ਼ੀ ਕਰਨਾ, ਜਾਣਬੁੱਝ ਕੇ ਵਿਘਨ ਪੈਦਾ ਕਰਨਾ ਅਤੇ ਗੁੰਮਰਾਹਕੁੰਨ ਵੀਡੀਓਜ਼ ਪ੍ਰਸਾਰਿਤ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਪਵਿੱਤਰਤਾ ਅਤੇ ਧਾਰਮਿਕ ਮਰਿਆਦਾ ਨੂੰ ਰਾਜਨੀਤਿਕ ਸਰਗਰਮੀਆਂ ਲਈ ਵਰਤਣ ਦੀ ਕੋਈ ਵੀ ਕੋਸ਼ਿਸ਼ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਗੁਰਦੁਆਰਾ ਸਾਹਿਬਾਨ ਸਿਰਫ਼ ਭਗਤੀ ਦੇ ਅਸਥਾਨ ਹੀ ਨਹੀਂ, ਸਗੋਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸਰਬੱਤ ਦੇ ਭਲੇ, ਮਨੁੱਖਤਾ, ਸੇਵਾ ਅਤੇ ਆਪਸੀ ਸਦਭਾਵਨਾ ਦੇ ਮਹਾਨ ਕੇਂਦਰ ਹਨ। ਦੋਵੇਂ ਆਗੂਆਂ ਨੇ ਕਿਹਾ ਕਿ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਮਰਿਆਦਾ ਨੂੰ ਕਾਇਮ ਰੱਖਣਾ ਅਤੇ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਸਿਆਸੀ ਦਖ਼ਲਅੰਦਾਜ਼ੀ ਤੋਂ ਦੂਰ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਂਵਾਰੀ ਹੈ।
ਸਰਦਾਰ ਕਾਲਕਾ ਅਤੇ ਕਾਹਲੋ ਨੇ ਸਪੱਸ਼ਟ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰਾਂ ਦੀ ਪਵਿੱਤਰਤਾ, ਮਰਿਆਦਾ ਅਤੇ ਸਨਮਾਨ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਪਵਿੱਤਰ ਅਹਾਤਿਆਂ ਅੰਦਰ ਕਿਸੇ ਵੀ ਕਿਸਮ ਦੀਆਂ ਸਿਆਸੀ ਸਰਗਰਮੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਵਿਰੁੱਧ ਨਿਯਮਾਂ ਅਨੁਸਾਰ ਢੁਕਵੀਂ ਕਾਰਵਾਈ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਦੋਵੇਂ ਆਗੂਆਂ ਨੇ ਕਿਹਾ ਕਿ ਗੁਰੂ ਘਰ ਦੀ ਪਵਿੱਤਰਤਾ ਅਤੇ ਸਿੱਖ ਮਰਿਆਦਾ ਕਿਸੇ ਵੀ ਸਿਆਸੀ ਪਾਰਟੀ ਜਾਂ ਵਿਅਕਤੀ ਦੇ ਸਿਆਸੀ ਹਿੱਤਾਂ ਤੋਂ ਉੱਪਰ ਹੈ। ਇਸ ਲਈ ਸਾਰੀਆਂ ਧਿਰਾਂ ਨੂੰ ਧਾਰਮਿਕ ਅਸਥਾਨਾਂ ਦੀ ਮਰਿਆਦਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
- Download Babushahi App
-
-