ਬਰਨਾਲਾ 'ਚ ਨਕਲੀ ਦੇਸੀ ਘਿਓ ਬਣਾਉਣ ਵਾਲੇ ਅੱਡੇ 'ਤੇ ਫੂਡ ਵਿਭਾਗ ਦੀ ਛਾਪੇਮਾਰੀ: ਤਾਲੇ ਤੋੜ ਕੇ ਘਿਓ ਅਤੇ ਨਾਮੀ ਬ੍ਰਾਂਡ ਦੇ ਖਾਲੀ ਡੱਬੇ ਬਰਾਮਦ, ਥਾਂ ਸੀਲ
Kamaljeet Singh
ਬਰਨਾਲਾ, 12 ਅਕਤੂਬਰ, 2026: ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਮਿਲਾਵਟਖੋਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸਵੇਰੇ ਫੂਡ ਸੇਫਟੀ ਵਿਭਾਗ ਨੇ ਪੁਲਿਸ ਟੀਮ ਅਤੇ ਸਥਾਨਕ ਕੌਂਸਲਰ ਨੂੰ ਨਾਲ ਲੈ ਕੇ ਬਰਨਾਲਾ ਦੀ ਤਾਰਾ ਕਾਲੋਨੀ (ਲਖੀ ਕਾਲੋਨੀ ਦੇ ਪਿੱਛੇ) ਦੀ ਗਲੀ ਨੰਬਰ-1 ਵਿੱਚ ਇੱਕ ਸੰਦਿਗਧ ਠਿਕਾਣੇ 'ਤੇ ਛਾਪੇਮਾਰੀ ਕੀਤੀ। ਫੂਡ ਸੇਫਟੀ ਅਫ਼ਸਰ (FSO) ਚਰਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਇੱਥੇ ਨਕਲੀ ਦੇਸੀ ਘਿਓ ਤਿਆਰ ਕੀਤੇ ਜਾਣ ਦੀ ਗੁਪਤ ਸੂਚਨਾ ਮਿਲੀ ਸੀ।
ਟੀਮ ਦੇ ਮੌਕੇ 'ਤੇ ਪਹੁੰਚਣ 'ਤੇ ਮਕਾਨ ਨੂੰ ਵੱਡੇ ਤਾਲੇ ਲੱਗੇ ਹੋਏ ਸਨ। ਇਸ ਦੌਰਾਨ ਸਬੰਧਤ ਵਿਅਕਤੀ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ, ਪਰ ਚਾਬੀ ਨਾ ਹੋਣ ਦੀ ਗੱਲ ਕਹਿਣ 'ਤੇ ਸਹਾਇਕ ਥਾਣੇਦਾਰ ਮਨਜੀਤ ਸਿੰਘ, ਵਾਰਡ ਨੰਬਰ 28 ਦੇ ਕੌਂਸਲਰ ਧਰਮ ਸਿੰਘ ਫ਼ੌਜੀ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਤਾਲੇ ਤੋੜ ਕੇ ਅੰਦਰ ਤਲਾਸ਼ੀ ਲਈ ਗਈ। ਅੰਦਰ ਜਾਂਚ ਦੌਰਾਨ ਇੱਕ ਟੱਬ ਵਿੱਚੋਂ ਕਰੀਬ 3 ਤੋਂ 4 ਕਿੱਲੋ ਤਾਜ਼ਾ ਤਿਆਰ ਕੀਤਾ ਦੇਸੀ ਘਿਓ ਬਰਾਮਦ ਹੋਇਆ, ਜਿਸ ਦੇ ਸੈਂਪਲ ਤੁਰੰਤ ਲਏ ਗਏ। ਇਸ ਤੋਂ ਇਲਾਵਾ 'ਪਰਮਾਨੰਦ' ਦੇਸੀ ਘਿਓ ਬ੍ਰਾਂਡ ਦੇ ਖਾਲੀ ਗੱਤੇ ਦੇ ਡੱਬੇ ਵੀ ਮਿਲੇ, ਜਿਨ੍ਹਾਂ 'ਤੇ ਨਿਰਮਾਣ ਮਿਤੀ ਜੂਨ 2026 ਅਤੇ ਲੁਧਿਆਣਾ ਦਾ ਪਤਾ ਦਰਜ ਸੀ।
ਫ਼ੂਡ ਸੇਫਟੀ ਅਫ਼ਸਰ ਨੇ ਦੱਸਿਆ ਕਿ ਉਕਤ ਜਗ੍ਹਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਲਏ ਗਏ ਸੈਂਪਲਾਂ ਨੂੰ ਜਾਂਚ ਲਈ ਖਰੜ ਸਥਿਤ ਸਰਕਾਰੀ ਲੈਬਾਰਟਰੀ ਵਿਖੇ ਭੇਜਿਆ ਜਾ ਰਹਾ ਹੈ। ਲੈਬ ਰਿਪੋਰਟ ਆਉਣ ਤੋਂ ਬਾਅਦ ਕਾਨੂੰਨ ਅਨੁਸਾਰ ਅਗਲੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਂਚ ਦੌਰਾਨ ਇਸ ਘਿਓ ਦਾ ਮਾਲਕ ਸੁਰੇਸ਼ ਕੁਮਾਰ ਨਾਮੀ ਵਿਅਕਤੀ ਸਾਹਮਣੇ ਆਇਆ ਹੈ, ਜਿਸ ਵਿਰੁੱਧ ਪਹਿਲਾਂ ਵੀ ਤਪਾ ਮੰਡੀ ਨੇੜੇ ਵੱਖ-ਵੱਖ ਬ੍ਰਾਂਡਾਂ ਦਾ ਨਕਲੀ ਘਿਓ ਬਰਾਮਦ ਹੋਣ 'ਤੇ ਵਿਭਾਗੀ ਕਾਰਵਾਈ ਹੋ ਚੁੱਕੀ ਹੈ। ਪੁਲਿਸ ਅਤੇ ਸਥਾਨਕ ਕੌਂਸਲਰ ਨੇ ਪੂਰੀ ਕਾਰਵਾਈ ਨੂੰ ਨਿਯਮਾਂ ਅਨੁਸਾਰ ਨੇਪਰੇ ਚਾੜ੍ਹਨ ਦੀ ਪੁਸ਼ਟੀ ਕੀਤੀ ਹੈ।
- Download Babushahi App
-
-