ਜਗਰਾਉਂ ਅਨਾਜ ਮੰਡੀ 'ਚ ਰਵਨੀਤ ਬਿੱਟੂ ਦਾ ਤਿੱਖਾ ਹਮਲਾ! ਭਿੱਜੇ ਝੋਨੇ ਲਈ AAP ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ- ਕੇਂਦਰ ਨਾਲ ਜੁੜੇ ਮੁੱਦੇ ਹੱਲ ਕਰਨ ਦਾ ਦਿੱਤਾ ਭਰੋਸਾ
ਦੀਪਕ ਜੈਨ, ਜਗਰਾਉਂ-
ਐਤਵਾਰ ਨੂੰ ਮੀਂਹ ਪੈਣ ਮਗਰੋਂ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਗਰਾਉਂ ਦੀ ਅਨਾਜ ਮੰਡੀ ਦਾ ਅਚਨਚੇਤ ਦੌਰਾ ਕੀਤਾ ਅਤੇ ਪੰਜਾਬ ਸਰਕਾਰ ਦੇ ਮੰਡੀ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਮੰਡੀ ਵਿੱਚ ਰੁਲ ਰਹੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਬਿੱਟੂ ਨੇ ਸਿੱਧਾ ਨਿਸ਼ਾਨਾ ਸੂਬਾ ਸਰਕਾਰ 'ਤੇ ਸਾਧਦਿਆਂ ਕਈ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮੇਂ ਸਿਰ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਹੁੰਦੇ, ਤਾਂ ਅੱਜ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲ ਕੇ ਖਰਾਬ ਨਾ ਹੁੰਦਾ।
ਬਿੱਟੂ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਮੀਂਹ ਕਾਰਨ ਭਿੱਜੇ ਝੋਨੇ ਲਈ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਦੀ ਢਿੱਲੀ ਕਾਰਜਪ੍ਰਣਾਲੀ ਜ਼ਿੰਮੇਵਾਰ ਹੈ। ਮੰਡੀ ਵਿੱਚ ਖਰੀਦ ਦੀ ਸੁਸਤ ਰਫਤਾਰ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਦਾ ਖਮਿਆਜ਼ਾ ਅੰਨਦਾਤਾ ਨੂੰ ਭੁਗਤਣਾ ਪੈ ਰਿਹਾ ਹੈ।
ਦੌਰੇ ਦੌਰਾਨ ਕਿਸਾਨਾਂ ਨੇ ਖਾਦਾਂ (ਡੀਏਪੀ ਅਤੇ ਯੂਰੀਆ) ਦੀ ਘਾਟ ਅਤੇ ਕਥਿਤ ਕਾਲਾਬਾਜ਼ਾਰੀ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਉਠਾਇਆ। ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਖਾਦਾਂ ਦੀ ਕਾਲਾਬਾਜ਼ਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜ਼ਬਰਦਸਤੀ ਨੈਨੋ ਖਾਦਾਂ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬਿੱਟੂ ਨੇ ਇਸ ਨੂੰ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ ਕਰਾਰ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਇਸ ਮੌਕੇ ਇਹ ਗੱਲ ਵੀ ਸਾਹਮਣੇ ਆਈ ਕਿ ਆੜ੍ਹਤੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਕਈ ਸਮੱਸਿਆਵਾਂ ਸਿਰਫ਼ ਪੰਜਾਬ ਸਰਕਾਰ ਨਾਲ ਹੀ ਨਹੀਂ, ਸਗੋਂ ਕੇਂਦਰ ਸਰਕਾਰ ਨਾਲ ਵੀ ਸਿੱਧੇ ਤੌਰ 'ਤੇ ਜੁੜੀਆਂ ਹੋਈਆਂ ਹਨ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਨੇ 2.5% ਆੜ੍ਹਤ, ਈਪੀਐੱਫ ਅਦਾਇਗੀਆਂ ਅਤੇ ਪੁਰਾਣੇ ਚੌਲਾਂ ਦੀ ਚੁਕਾਈ ਦੇ ਮੁੱਦੇ ਉਠਾਏ, ਜੋ ਕੇਂਦਰ ਅਤੇ ਸੂਬਾ ਦੋਵਾਂ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।
ਫੂਡ ਐਂਡ ਅਲਾਈਡ ਵਰਕਰ ਯੂਨੀਅਨ ਦੇ ਰਮੇਸ਼ ਕੁਮਾਰ ਸਹੋਤਾ ਨੇ ਮੀਂਹ ਕਾਰਨ ਭਿੱਜੀਆਂ ਬੋਰੀਆਂ ਅਤੇ ਅਨਾਜ ਦੀ ਸਫ਼ਾਈ ਲਈ ਵਾਧੂ ਮਿਹਨਤਾਨੇ ਦਾ ਮੁੱਦਾ ਚੁੱਕਿਆ। ਮਜ਼ਦੂਰੀ ਦੀਆਂ ਦਰਾਂ ਤੈਅ ਕਰਨ ਵਿੱਚ ਵੀ ਦੋਵਾਂ ਸਰਕਾਰਾਂ ਦੀ ਭੂਮਿਕਾ ਹੁੰਦੀ ਹੈ। ਫਸਲਾਂ ਦੀ ਐਮਐਸਪੀ ਅਤੇ ਖਾਦਾਂ ਦੀ ਸਪਲਾਈ ਵਰਗੇ ਮੁੱਦੇ ਸਿੱਧੇ ਤੌਰ 'ਤੇ ਕੇਂਦਰੀ ਨੀਤੀਆਂ ਨਾਲ ਜੁੜੇ ਹੋਏ ਹਨ।
ਜਿੱਥੇ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ, ਉੱਥੇ ਹੀ ਉਨ੍ਹਾਂ ਨੇ ਮੰਡੀ ਵਿੱਚ ਮੌਜੂਦ ਸਾਰੇ ਵਰਗਾਂ ਨੂੰ ਭਰੋਸਾ ਦਿਵਾਇਆ ਕਿ ਉਹ ਕੇਂਦਰ ਸਰਕਾਰ ਨਾਲ ਸਬੰਧਤ ਮੁੱਦਿਆਂ ਨੂੰ ਜਲਦ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਹ ਖਾਦਾਂ ਦੀ ਸਪਲਾਈ, ਆੜ੍ਹਤੀਆਂ ਦੀਆਂ ਅਦਾਇਗੀਆਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨੇ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆਂ ਦੀ ਕੇਂਦਰੀ ਮੰਤਰੀ ਨਾਲ ਜਲਦ ਮੀਟਿੰਗ ਕਰਵਾਉਣ ਦਾ ਵਾਅਦਾ ਵੀ ਕੀਤਾ।
- Download Babushahi App
-
-