Breaking- ਇੰਡੀਗੋ ਫਲਾਈਟ ’ਚ ਲੱਗੀ ਅੱਗ! ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ
ਯਾਤਰੀਆਂ ’ਚ ਮਚੀ ਹਫ਼ੜਾ-ਦਫ਼ੜੀ, ਕੈਬਿਨ ਕਰੂ ਨੇ ਫਾਇਰ ਐਕਸਟਿੰਗਵਿਸ਼ਰ ਨਾਲ ਅੱਗ ’ਤੇ ਪਾਇਆ ਕਾਬੂ
ਨਵੀਂ ਦਿੱਲੀ, 12 ਅਕਤੂਬਰ 2026: ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇੱਕ ਫਲਾਈਟ ਵਿੱਚ ਪਾਵਰ ਬੈਂਕ ਖ਼ਰਾਬ ਹੋਣ ਕਾਰਨ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਦਾ ਰਸਤਾ ਬਦਲ ਕੇ ਇਸ ਨੂੰ ਹੈਦਰਾਬਾਦ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ।
ਜਾਣਕਾਰੀ ਅਨੁਸਾਰ, ਉਡਾਣ ਦੌਰਾਨ ਇੱਕ ਯਾਤਰੀ ਦੇ ਪਾਵਰ ਬੈਂਕ ਵਿੱਚ ਖ਼ਰਾਬੀ ਆਉਣ ਕਾਰਨ ਅੱਗ ਲੱਗ ਗਈ, ਜਿਸ ਨਾਲ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਘਬਰਾਹਟ ਫੈਲ ਗਈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੂੰ ਇੱਕ ਯਾਤਰੀ ਨੇ ਆਪਣੇ ਮੋਬਾਈਲ ਫ਼ੋਨ ਵਿੱਚ ਰਿਕਾਰਡ ਕੀਤਾ।
ਵੀਡੀਓ ਵਿੱਚ ਕੁਝ ਯਾਤਰੀ ਆਪਣੇ ਬੈਗਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਸਥਿਤੀ ਨੂੰ ਸੰਭਾਲਦਿਆਂ ਜਹਾਜ਼ ਦੇ ਕੈਬਿਨ ਕਰੂ ਨੇ ਫਾਇਰ ਐਕਸਟਿੰਗਵਿਸ਼ਰ ਦੀ ਵਰਤੋਂ ਕਰਕੇ ਅੱਗ ’ਤੇ ਕਾਬੂ ਪਾਇਆ। ਇਸ ਤੋਂ ਬਾਅਦ ਜਹਾਜ਼ ਨੂੰ ਹੈਦਰਾਬਾਦ ਵਿੱਚ ਸੁਰੱਖਿਅਤ ਉਤਾਰ ਲਿਆ ਗਿਆ।
ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਹੋਰ ਨੁਕਸਾਨ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਘਟਨਾ ਹਵਾਈ ਯਾਤਰਾ ਦੌਰਾਨ ਪਾਵਰ ਬੈਂਕ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਸੁਰੱਖਿਅਤ ਵਰਤੋਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ।
- Download Babushahi App
-
-