Babushahi Special-ਯੁੱਧ ਨਸ਼ਿਆਂ ਵਿਰੁੱਧ : ਡੀਆਈਜੀ ਦੀ ਹਾਜ਼ਰੀ ’ਚ ਫਰੋਲੇ ਨਸ਼ੇ ਸਬੰਧੀ ਪੁਲਿਸ ਦੇ ਪੋਤੜੇ
ਅਸ਼ੋਕ ਵਰਮਾ
ਬਠਿੰਡਾ, 11 ਅਕਤੂਬਰ 2026 : ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਅਤੇ ਐਸਐਸਪੀ ਸੁਹੇਲ ਕਾਸਮ ਮੀਰ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੀ ਮੀਟਿੰਗ ਦੌਰਾਨ ਹਰਿਆਣਾ ਦੀ ਸਰਹੱਦ ਲਾਗੇ ਪੈਂਦੇ ਪਿੰਡ ਪਥਰਾਲਾ ’ਚ ਲੋਕਾਂ ਨੇ ਪਿੰਡ ’ਚ ਹੁੰਦੇ ਨਸ਼ਿਆਂ ਦੇ ਕਾਰੋਬਾਰ ਸਬੰਧੀ ਰੱਜਕੇ ਪੋਤੜੇ ਫਰੋਲੇ ਅਤੇ ਪੁਲਿਸ ਨੂੰ ਰਗੜੇ ਲਾਏ। ਹਾਲਾਂਕਿ ਜਦੋਂ ਪੇਂਡੂੂ ਲੋਕਾਂ ਨੇ ਆਪਣਾ ਦਰਦ ਬਿਆਨਿਆਂ ਤਾਂ ਅਫਸਰ ਝੰਜੋੜੇ ਵੀ ਗਏ। ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਸ਼ੀਸ਼ਾ ਵੀ ਦਿਖਾਇਆ ਕਿ ਚਾਹ ਮਿਲੇ ਨਾਂ ਮਿਲੇ ਪਰ ਨਸ਼ਾ ਝੱਟ ਮਿਲ ਜਾਂਦਾ ਹੈ। ਇਸ ਮੌਕੇ ਇੱਕ ਔਰਤ ਨੇ ਦੁੱਖੜਾ ਰੋਂਦਿਆਂ ਪਿੰਡ ਦੀ ਜਵਾਨੀ ਨੂੰ ਬਚਾਉਣ ਲਈ ਵਾਸਤਾ ਪਾਇਆ । ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਗੱਭਰੂਆਂ ਦੀਆਂ ਅਰਥੀਆਂ ਉੱਠਣ ਲੱਗੀਆਂ ਹਨ। ਉਨ੍ਹਾਂ ਕਿਹਾ ‘ਸਾਹਿਬ, ਸਾਡੇ ਬੱਚਿਆਂ ਨੂੰ ਬਚਾ ਲਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਿੰਡ ਪੁੱਤਾਂ ਤੋਂ ਖਾਲੀ ਹੋ ਜਾਏਗਾ।
ਇਸ ਮੌਕੇ ਔਰਤਾਂ ਨੇ ਕਿਹਾ ਕਿ ਕੋਈ ਦਿਨ ਵੀ ਅਜਿਹਾ ਨਹੀਂ ਲੰਘਦਾ, ਜਦੋਂ ਕਿਸੇ ਘਰੋ ਪੁੱਤ ਦੇ ਮਾਰੇ ਜਾਣ ਦੀ ਖ਼ਬਰ ਨਾ ਆਉਂਦੀ ਹੋਵੇ ਇਸ ਲਈ ਪੁਲਿਸ ਨੂੰ ਹੁਣ ਨਸ਼ਾ ਵੇਚਣ ਵਾਲਿਆਂ ਖਿਲਾਫ ਫੈਸਲਾਕੁੰਨ ਕਾਰਵਾਈ ਕਰਨੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੀ ਨਸ਼ਾ ਤਸਕਰੀ ਕਾਰਨ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆਕੇ ਨਾਂ ਕੇਵਲ ਆਪਣੀਆਂ ਜਾਨਾਂ ਗੁਆ ਰਹੇ ਹਨ ਬਲਕਿ ਹੁਣ ਤਾਂ ਨਸ਼ਾਖੋਰੀ ਨੇ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਆਪਣੀ ਗ੍ਰਿਫ਼ਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਇਸ ਮੌਕੇ ਪੁਲਿਸ ਖ਼ਿਲਾਫ਼ ਖਰੀਆਂ ਖਰੀਆਂ ਸੁਣਾਈਆਂ ਅਤੇ ਦੋਸ਼ ਲਾਇਆ ਕਿ ਨਸ਼ਿਆਂ ਦੀ ਵਿੱਕਰੀ ਕਾਰਨ ਚੋਰੀ ਦੀਆ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ। ਇਸ ਮੌਕੇ ਇੱਕ ਬਜ਼ੁਰਗ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਕਿਹਾ ਕਿ ਪਿੰਡ ਵਿਚ ਨਸ਼ੇ ਦੇ ਕਾਰੋਬਾਰੀਆਂ ਖ਼ਿਲਾਫ਼ ਖੁੱਲ੍ਹ ਕੇ ਬੋਲਣਾ ਵੀ ਆਸਾਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਮੂੰਹ ਖੋਹਲਦਾ ਹੈ ਤਾਂ ਜਾਨ ਨੂੰ ਖਤਰਾ ਬਣਦਾ ਹੈ।ਪਿੰਡ ਵਾਸੀ ਨਸੀਬ ਕੌਰ ਨੇ ਕਿਹਾ ਕਿ ਹੁਣ ਤਾਂ ਹਰ ਤੀਸਰੇ ਦਿਨ ਇਹ ਸੁਣਨ ਨੂੰ ਮਿਲਦਾ ਹੈ ਕਿ ਨਸ਼ੇ ਕਾਰਨ ਫਲਾਣੇ ਪਰਿਵਾਰ ਦੇ ਘਰ ਸੱਥਰ ਵਿਛ ਗਿਆ ਹੈ। ਨਸੀਬ ਕੌਰ ਦੇ ਦਾਅਵੇ ਅਨੁਸਾਰ ਪਿਛਲੇ 10 ਤੋਂ 15 ਸਾਲਾਂ ਦੌਰਾਨ ਨਸ਼ਾ ਵਿਕਣ ਦੀ ਸਮੱਸਿਆ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਉਨ੍ਹਾ ਕਿਹਾ ਕਿ ਸਿਰਫ਼ ਨਸ਼ੇੜੀਆਂ ਨੂੰ ਫੜਨ ਨਾਲ ਇਹ ਸਮੱਸਿਆ ਹੱਲ ਨਹੀ ਹੋਵੇਗੀ , ਸਗੋਂ ਇਹ ਪਤਾ ਲਾਉਣਾ ਜ਼ਰੂਰੀ ਹੈ ਕਿ ਨਸ਼ਾ ਕਿੱਥੋਂ ਅਤੇ ਸਪਲਾਈ ਕੌਣ ਕਰ ਰਿਹਾ ਹੈ। ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਪਿੰਡ ਵਾਸੀਆਂ ਨੇ ਜੋਰ ਦੇਕੇ ਕਿਹਾ ਕਿ ਉਨ੍ਹਾਂ ਨੂੰ ਕਦੇ ਨਸ਼ਾ ਤਸਕਰਾਂ ਖਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਹੁੰਦੀ ਦਿਖਾਈ ਨਹੀ ਦਿੱਤੀ। ਲੋਕ ਆਖਦੇ ਹਨ ਕਿ ਉਨ੍ਹਾਂ ਨੇ ਤਾਂ ਵਿਕਾਸ ਦੀ ਪੁੜੀ ਮੰਗੀ ਸੀ, ਵਿਕਣ ਚਿੱਟੇ ਦੀ ਪੁੜੀ ਲੱਗ ਗਈ।
ਬੱਚਿਆਂ ਨੂੰ ਵੀ ਨਸ਼ਿਆਂ ਦੀ ਮਾਰ
ਪਿੰਡ ਵਾਸੀ ਨੌਜਵਾਨ ਮਲਕੀਤ ਸਿੰਘ ਦਾ ਕਹਿਣਾ ਕਿ ਸਮੱਸਿਆ ਦੀ ਗੰਭੀਰਤਾ ਦਾ ਅੰਦਾਜਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ 10 ਤੋਂ 15 ਸਾਲ ਦੀ ਉਮਰ ਦੇ ਬੱਚੇ ਵੀ ਨਸ਼ਿਆਂ ਦੀ ਲਪੇਟ ਵਿੱਚ ਆਉਣ ਲੱਗੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਦੋ ਵਾਰੀ ਤਾਂ ਇੱਕ ਦਿਨ ਵਿਚ ਤਿੰਨ-ਤਿੰਨ ਨੌਜਵਾਨਾਂ ਦੀ ਮੌਤ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ ਜਿੰਨ੍ਹਾਂ ਕਾਰਨ ਸਿਵਿਆਂ ਵਿੱਚ ਅੰਤਿਮ ਸਸਕਾਰ ਕਰਨ ਲਈ ਥਾਂ ਦੀ ਕਮੀ ਮਹਿਸੂਸ ਹੋਣ ਲੱਗੀ ਸੀ। ਉਨ੍ਹਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਨਸ਼ੇੜੀਆਂ ਵੱਲੋਂ ਕੀਤੀਆਂ ਜਾਂਦੀਆਂ ਚੋਰੀਆਂ ਚਕਾਰੀ ਕਾਰਨ ਪਿੰਡ ਵਾਸੀਆਂ ’ਚ ਆਪਣੇ ਜਾਨ ਮਾਲ ਪ੍ਰਤੀ ਸਹਿਮ ਦਾ ਮਹੌਲ ਹੈ।
ਮੈਡੀਕਲ ਨਸ਼ੇ ਵੀ ਪਿੰਡ ’ਚ ਭਾਰੂ
ਪਿੰਡ ਵਾਸੀ ਗਗਨਦੀਪ ਸਿੰਘ ਦਾ ਕਹਿਣਾ ਸੀ ਕਿ ਪਥਰਾਲਾ ਵਿੱਚ ਮੈਡੀਕਲ ਨਸ਼ਿਆਂ ਦੀ ਬੇਲਗਾਮ ਵਿਕਰੀ ਇੱਕਵੱਡੀ ਸਮਸਿਆ ਬਣੀ ਹੋਈ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਸ਼ਿਆਂ ਦੀ ਵਿਕਰੀ ਰੋਕਣ ਲਈ ਪਿੰਡ ਵਿੱਚ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਇਸ ਪਾਸਿਓਂ ਰੋਕਿਆ ਜਾ ਸਕੇ। ਗਗਨਦੀਪ ਸਿੰਘ ਨੇ ਨਸ਼ੇ ਦੀ ਮਾਰ ਹੇਠ ਆ ਚੁੱਕੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਵੀ ਠੋਸ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ।
Ê ਪੁਲਿਸ ਦੇ ਦੀਵੇ ਥੱਲੇ ਹਨੇਰਾ
ਤਹਾਨੂੰ ਦੱਸ ਦੇਈਏ ਕਿ ਹਰਿਆਣਾ ਦੀ ਸਰਹੱਦ ਤੋਂ ਕੁੱਝ ਦੂਰੀ ’ਤੇ ਸਥਿਤ ਪਿੰਡ ਪਥਰਾਲਾ ’ਚ ਪੁਲਿਸ ਚੌਂਕੀ ਬਣਾਈ ਗਈ ਹੈ। ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਦੀ ਤਾਇਨਾਤੀ ਦੇ ਬਾਵਜੂਦ ਨਸ਼ੇ ਦਾ ਵਿਕਣਾ ਪੁਲਿਸ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਸਿੱਧੇ ਤੌਰ ’ਤੇ ਤਾਂ ਪਿੰਡ ਵਾਸੀ ਕੁੱਝ ਨਹੀਂ ਬੋਲਦੇ ਪਰ ਉਨ੍ਹਾਂ ਪੁਲਿਸ ਵਿੱਚ ਕਾਲੀਆਂ ਭੇਡਾਂ ਹੋਣ ਸਬੰਧੀ ਇਸ਼ਾਰਾ ਕਰਦੇ ਹਨ।
ਪੁਲਿਸ ਵੱਲੋਂ ਸਹਿਯੋਗ ਦੀ ਮੰਗ
ਪਿੰਡ ਵਾਸੀਆਂ ਦੀਆਂ ਸ਼ਕਾਇਤਾਂ ਸੁਣਨ ਤੋਂ ਬਾਅਦ ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਖਿਲਾਫ ਕਾਰਵਾਈ ਲਈ ਆਮ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਪਥਰਾਲਾ ’ਚ ਨਿਗਰਾਨੀ ਰੱਖਣ ਲਈ ਪ੍ਰਸ਼ਾਸ਼ਨ ਵੱਲੋਂ ਇੱਕ ਡੀਐਸਪੀ ਅਤੇ ਬੀਡੀਪੀਓ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਜੋ ਪਿੰਡ ’ਚ ਹਰ ਪ੍ਰਕਾਰ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣਗੇ। ਉਨ੍ਹਾਂ ਕਿਹਾ ਕਿ ਪੁਲਿਸ ਨਦਸ਼ਆਂ ਖਿਲਾਫ ਜਾਗਰੂਕਤਾ ਮੁਹਿੰੰਮ ਵੀ ਚਲਾ ਰਹੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਵੀ ਨਹੀਂ ਜਾਏਗਾ।
- Download Babushahi App
-
-