ਚੰਡੀਗੜ੍ਹ 'ਚ ਵਾਪਰਿਆ ਅਜੀਬੋ-ਗਰੀਬ ਭਿਆਨਕ ਹਾਦਸਾ! ਚਲਦੀ ਟ੍ਰੇਨ ਦਾ ਦਰਵਾਜ਼ਾ ਟੁੱਟ ਕੇ ਕਾਰ 'ਤੇ ਡਿੱਗਿਆ, 25 ਸਾਲਾ ਲੜਕੀ ਸਮੇਤ ਇੱਕੋ ਪਰਿਵਾਰ ਦੇ 5 ਮੈਂਬਰ ਗੰਭੀਰ ਜ਼ਖ਼ਮੀ
Babushahi Network
ਚੰਡੀਗੜ੍ਹ, 11 ਅਕਤੂਬਰ 2026-ਚੰਡੀਗੜ੍ਹ ਦੇ ਹੱਲੋ ਮਾਜਰਾ ਚੌਂਕ ਦੇ ਨੇੜੇ ਇੱਕ ਬਹੁਤ ਹੀ ਖ਼ੌਫ਼ਨਾਕ ਅਤੇ ਅਜੀਬੋ-ਗਰੀਬ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਰੇਲਵੇ ਟਰੈਕ ਤੋਂ ਗੁਜ਼ਰ ਰਹੀ ਇੱਕ ਚਲਦੀ ਟ੍ਰੇਨ ਦਾ ਦਰਵਾਜ਼ਾ ਅਚਾਨਕ ਟੁੱਟ ਕੇ ਹੇਠਾਂ ਸੜਕ ਤੋਂ ਲੰਘ ਰਹੀ ਇੱਕ ਕਾਰ ਉੱਪਰ ਜਾ ਡਿੱਗਿਆ। ਇਸ ਭਿਆਨਕ ਹਾਦਸੇ ਵਿੱਚ ਕਾਰ (ਨੰਬਰ CH 03 N 5460) ਸਵਾਰ ਇੱਕੋ ਪਰਿਵਾਰ ਦੇ 5 ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚ ਇੱਕ 25 ਸਾਲਾ ਲੜਕੀ ਵੀ ਸ਼ਾਮਲ ਹੈ।
ਮਿਲੀ ਜਾਣਕਾਰੀ ਅਨੁਸਾਰ ਹੱਲੋ ਮਾਜਰਾ ਚੌਂਕ ਨੇੜੇ ਬਣੇ ਪੁੱਲ ਦੇ ਉੱਪਰੋਂ ਰੇਲਵੇ ਟਰੈਕ ਲੰਘਦਾ ਹੈ, ਜਿੱਥੋਂ ਟ੍ਰੇਨ ਲੰਘ ਰਹੀ ਸੀ। ਉਸੇ ਵੇਲੇ ਹੇਠਾਂ ਸੜਕ ਤੋਂ ਇੱਕ ਕਾਰ ਗੁਜ਼ਰ ਰਹੀ ਸੀ। ਅਚਾਨਕ ਉੱਪਰੋਂ ਲੰਘ ਰਹੀ ਟ੍ਰੇਨ ਦਾ ਦਰਵਾਜ਼ਾ ਉੱਖੜ ਕੇ ਜਾਂ ਟੁੱਟ ਕੇ ਸਿੱਧਾ ਹੇਠਾਂ ਆ ਰਹੀ ਕਾਰ ਦੇ ਉੱਤੇ ਡਿੱਗਿਆ। ਦਰਵਾਜ਼ਾ ਇੰਨੀ ਤੇਜ਼ ਰਫ਼ਤਾਰ ਨਾਲ ਡਿੱਗਿਆ ਕਿ ਉਹ ਕਾਰ ਦਾ ਸ਼ੀਸ਼ਾ ਤੋੜਦਾ ਹੋਇਆ ਸਿੱਧਾ ਕਾਰ ਦੇ ਅੰਦਰ ਜਾ ਵੜਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਅੰਦਰ ਬੈਠੇ ਪਰਿਵਾਰ ਵਿੱਚ ਚੀਕ-ਚਿਹਾਰਾ ਮਚ ਗਿਆ।
ਇਸ ਘਟਨਾ ਵੇਲੇ ਕਾਰ ਵਿੱਚ ਸਵਾਰ ਪਰਿਵਾਰ ਦੇ 5 ਮੈਂਬਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ 25 ਸਾਲਾ ਲੜਕੀ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰਦਿਆਂ ਜ਼ਖ਼ਮੀਆਂ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਹਾਦਸੇ ਦੀਆਂ ਜੋ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਉਹ ਕਾਫ਼ੀ ਖ਼ੌਫ਼ਨਾਕ ਹਨ ਅਤੇ ਹਾਦਸੇ ਦੀ ਭਿਆਨਕਤਾ ਨੂੰ ਬਿਆਨ ਕਰ ਰਹੀਆਂ ਹਨ। ਘਟਨਾ ਤੋਂ ਬਾਅਦ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਿਰਕਾਰ ਚਲਦੀ ਟ੍ਰੇਨ ਦਾ ਦਰਵਾਜ਼ਾ ਇਸ ਤਰ੍ਹਾਂ ਕਿਵੇਂ ਟੁੱਟ ਸਕਦਾ ਹੈ? ਕੀ ਇਹ ਰੇਲਵੇ ਵਿਭਾਗ ਦੀ ਲਾਪਰਵਾਹੀ ਸੀ ਜਾਂ ਦਰਵਾਜ਼ਾ ਖਸਤਾ ਹਾਲਤ ਵਿੱਚ ਸੀ? ਇਸ ਪੂਰੇ ਮਾਮਲੇ ਦੀ ਅਸਲ ਵਜ੍ਹਾ ਤਾਂ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗੀ।
ਜ਼ਿਕਰਯੋਗ ਹੈ ਕਿ ਹੱਲੋ ਮਾਜਰਾ ਚੌਂਕ ਵਾਲਾ ਇਹ ਰੋਡ ਬਹੁਤ ਹੀ ਰੋਜ਼ਾਨਾ ਦੀ ਆਵਾਜਾਈ ਵਾਲਾ ਇਲਾਕਾ ਹੈ, ਜਿੱਥੋਂ ਹਰ ਵੇਲੇ ਕਾਰਾਂ, ਬੱਸਾਂ, ਦੋ-ਪਹੀਆ ਵਾਹਨ, ਸਾਈਕਲ ਸਵਾਰ ਅਤੇ ਪੈਦਲ ਲੰਘਣ ਵਾਲੇ ਲੋਕ ਗੁਜ਼ਰਦੇ ਰਹਿੰਦੇ ਹਨ। ਖ਼ੁਸ਼ਕਿਸਮਤੀ ਇਹ ਰਹੀ ਕਿ ਇਹ ਦਰਵਾਜ਼ਾ ਕਾਰ ਉੱਤੇ ਡਿੱਗਿਆ, ਜੇਕਰ ਇਹ ਦਰਵਾਜ਼ਾ ਕਿਸੇ ਪੈਦਲ ਚੱਲਣ ਵਾਲੇ, ਸਾਈਕਲ ਸਵਾਰ ਜਾਂ ਬਾਈਕ ਸਵਾਰ ਉੱਪਰ ਡਿੱਗ ਜਾਂਦਾ ਤਾਂ ਮੌਕੇ 'ਤੇ ਹੀ ਕਿਸੇ ਦੀ ਜਾਨ ਜਾ ਸਕਦੀ ਸੀ। ਇਸ ਘਟਨਾ ਨੇ ਰੇਲਵੇ ਦੀ ਸੁਰੱਖਿਆ ਅਤੇ ਰੱਖ-ਰਖਾਅ 'ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।
- Download Babushahi App
-
-