ਸੱਤ ਮਹੀਨਿਆਂ ਦੀ ਗਰਭਵਤੀ ਔਰਤ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਪਤੀ ਤੇ ਸੱਸ-ਸਹੁਰੇ ਖ਼ਿਲਾਫ਼ ਕੇਸ ਦਰਜ
ਦਾਜ ਵਿੱਚ 31 ਲੱਖ ਰੁਪਏ ਨਕਦ, ਕਾਰ ਤੇ ਗਹਿਣੇ ਦੇਣ ਦੇ ਬਾਵਜੂਦ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼
ਅਲਵਰ, 12 ਅਕਤੂਬਰ 2026: ਰਾਜਸਥਾਨ ਦੇ ਅਲਵਰ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਸੱਤ ਮਹੀਨਿਆਂ ਦੀ ਗਰਭਵਤੀ 28 ਸਾਲਾ ਔਰਤ ਨੇ ਡਬਲ ਡੈਕਰ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਅੰਤਿਮਾ ਵਜੋਂ ਹੋਈ ਹੈ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸ ਨੇ ਆਪਣੇ ਪਤੀ, ਸੱਸ ਅਤੇ ਸਹੁਰੇ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।
ਪੁਲਿਸ ਮੁਤਾਬਕ, ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਵਾਪਰੀ। ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਅੰਤਿਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ’ਤੇ ਅਰਾਵਲੀ ਵਿਹਾਰ ਪੁਲਿਸ ਥਾਣੇ ਵਿੱਚ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਤੰਗ-ਪ੍ਰੇਸ਼ਾਨ ਕਰਨ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਵਿਆਹ ਸਮੇਂ 31 ਲੱਖ ਰੁਪਏ ਨਕਦ, ਕਾਰ ਅਤੇ ਸੋਨੇ-ਚਾਂਦੀ ਦੇ ਗਹਿਣੇ ਦੇਣ ਦੇ ਬਾਵਜੂਦ ਅੰਤਿਮਾ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪੁਲਿਸ ਵੱਲੋਂ ਸਹੁਰੇ ਪਰਿਵਾਰ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
- Download Babushahi App
-
-