ਯੁੱਧ ਨਸ਼ਿਆਂ ਵਿਰੁੱਧ’ ਤਹਿਤ ਲੁਧਿਆਣਾ ਪੁਲਿਸ ਦੀ ਕਾਰਵਾਈ
ਹੈਰੋਇਨ ਤੇ ਆਈਸ ਦੀ ਬਰਾਮਦਗੀ ਮਗਰੋਂ 23 ਸਾਲਾ ਨੌਜਵਾਨ ਗ੍ਰਿਫ਼ਤਾਰ, ਨੈੱਟਵਰਕ ਦੀ ਜਾਂਚ ਜਾਰੀ
ਸੁਖਮਿੰਦਰ ਭੰਗੂ
ਲੁਧਿਆਣਾ, 11 ਅਕਤੂਬਰ 2026
ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੂੰ ਅਹਿਮ ਸਫ਼ਲਤਾ ਮਿਲੀ ਹੈ।
ਗੁਰਸੇਵਕ ਸਿੰਘ ਬਰਾੜ, ਪੀ.ਪੀ.ਐੱਸ., ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ), ਜਸ਼ਨਦੀਪ ਸਿੰਘ ਗਿੱਲ, ਪੀ.ਪੀ.ਐੱਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-4, ਇੰਦਰਜੀਤ ਸਿੰਘ, ਪੀ.ਪੀ.ਐੱਸ., ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀ ਏਰੀਆ-ਏ ਅਤੇ ਦਲਵੀਰ ਸਿੰਘ, ਮੁੱਖ ਅਫ਼ਸਰ ਥਾਣਾ ਕੂੰਮ ਕਲਾਂ ਦੀ ਅਗਵਾਈ ਹੇਠ ਐੱਸ.ਆਈ. ਸੁਰਜੀਤ ਸਿੰਘ, ਇੰਚਾਰਜ ਪੁਲਿਸ ਚੌਕੀ ਕਟਾਣੀ ਕਲਾਂ ਅਤੇ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦਿਆਂ ਇੱਕ ਕਥਿਤ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਮਿਤੀ 10-10-2026 ਨੂੰ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਨੇ ਕਰਨਵੀਰ ਸਿੰਘ ਉਰਫ਼ ਅੰਗ੍ਰੇਜ਼ (ਉਮਰ ਕਰੀਬ 23 ਸਾਲ), ਪੁੱਤਰ ਜਗਦੀਸ਼ ਸਿੰਘ, ਵਾਸੀ ਪਿੰਡ ਛੰਦੜਾ, ਥਾਣਾ ਕੂੰਮ ਕਲਾਂ, ਜ਼ਿਲ੍ਹਾ ਲੁਧਿਆਣਾ ਨੂੰ ਚਿੱਟੇ ਰੰਗ ਦੀ ਕਾਰ ਨੰਬਰ CH-01-AK-1921 ਮਾਰਕਾ ਆਈ-20 ਸਮੇਤ ਕਾਬੂ ਕੀਤਾ।
ਕਾਰ ਦੀ ਅਗਲੀ ਸੀਟ 'ਤੇ ਪਏ ਇੱਕ ਲਿਫ਼ਾਫ਼ੇ ਵਿੱਚੋਂ 110 ਗ੍ਰਾਮ ਹੈਰੋਇਨ, 61 ਗ੍ਰਾਮ ਆਈਸ, ₹5,000 ਭਾਰਤੀ ਕਰੰਸੀ ਡਰੱਗ ਮਨੀ, 10 ਛੋਟੇ ਪਲਾਸਟਿਕ ਲਿਫ਼ਾਫ਼ੇ ਅਤੇ ਇੱਕ ਇਲੈਕਟ੍ਰਾਨਿਕ ਕੰਡਾ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਮੋਬਾਈਲ ਫ਼ੋਨ ਵੀ ਬਰਾਮਦਗੀ ਦੇ ਵੇਰਵਿਆਂ ਵਿੱਚ ਦਰਜ ਹੈ।
ਇਸ ਸਬੰਧੀ ਥਾਣਾ ਕੂੰਮ ਕਲਾਂ ਵਿਖੇ ਮੁਕੱਦਮਾ ਨੰਬਰ 161 ਮਿਤੀ 10-10-2026, ਧਾਰਾ 21/61/85 ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕਰਕੇ ਮੁਲਜ਼ਮ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਥਾਣਾ ਕੂੰਮ ਕਲਾਂ ਵਿਖੇ ਮੁਕੱਦਮਾ ਨੰਬਰ 08 ਮਿਤੀ 16-01-2025, ਧਾਰਾਵਾਂ 115(2), 118, 351(2), 191(3), 190, 118(2) ਅਤੇ 238 ਬੀ.ਐੱਨ.ਐੱਸ. ਤਹਿਤ ਦਰਜ ਹੈ।
ਪੁਲਿਸ ਵੱਲੋਂ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਨਸ਼ਾ ਤਸਕਰੀ ਨਾਲ ਜੁੜੇ ਸੰਭਾਵੀ ਹੋਰ ਸਬੰਧਾਂ ਅਤੇ ਨੈੱਟਵਰਕ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
- Download Babushahi App
-
-