ਗੁਰੂ ਘਰਾਂ ਦੀ ਮਰਿਆਦਾ ਤੇ ਸਿੱਖ ਭਾਵਨਾਵਾਂ ਦਾ ਸਤਿਕਾਰ ਹਰ ਹਾਲ ‘ਚ ਬਰਕਰਾਰ ਰਹੇ- ਕਾਹਲਵਾਂ
ਸ਼੍ਰੋਮਣੀ ਕਮੇਟੀ ਸਕੱਤਰ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਨੂੰ ਮੰਦਭਾਗਾ ਦੱਸਿਆ
ਅੰਮ੍ਰਿਤਸਰ, 11 ਅਕਤੂਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਦਿੱਲੀ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਿੱਖ ਧਰਮ ਦੇ ਪਾਵਨ ਅਸਥਾਨ ਅਤੇ ਸਮੁੱਚੀ ਮਾਨਵਤਾ ਲਈ ਅਧਿਆਤਮਕ ਸ਼ਾਂਤੀ, ਸੇਵਾ ਤੇ ਸ਼ਰਧਾ ਦੇ ਕੇਂਦਰ ਹਨ, ਜਿਨ੍ਹਾਂ ਦੀ ਮਰਿਆਦਾ, ਪਰੰਪਰਾਵਾਂ ਅਤੇ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ।
ਸ. ਕਾਹਲਵਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਨੰਗੇ ਸਿਰ ਅਤੇ ਜੁੱਤੀਆਂ ਸਮੇਤ ਦਾਖ਼ਲ ਹੋਣਾ ਸਿੱਖ ਮਰਿਆਦਾ ਦੇ ਉਲਟ ਹੈ। ਜੇਕਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਦੌਰਾਨ ਅਜਿਹਾ ਹੋਇਆ ਹੈ ਤਾਂ ਇਸ ਸਬੰਧੀ ਸਥਾਨਕ ਗੁਰਦੁਆਰਾ ਪ੍ਰਬੰਧਕਾਂ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਮਰਿਆਦਾ ਦੀ ਪਾਲਣਾ ਯਕੀਨੀ ਬਣਾਉਣ ਲਈ ਕੀ ਕਦਮ ਚੁੱਕੇ ਗਏ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਅਜਿਹੇ ਪਾਵਨ ਅਸਥਾਨ ਹਨ, ਜਿੱਥੇ ਬਿਨਾਂ ਕਿਸੇ ਧਰਮ, ਜਾਤ, ਵਰਗ ਦੇ ਹਰ ਵਿਅਕਤੀ ਨੂੰ ਬਰਾਬਰ ਸਤਿਕਾਰ ਦਿੱਤਾ ਜਾਂਦਾ ਹੈ। ਇਨ੍ਹਾਂ ਅਸਥਾਨਾਂ ਦੀ ਸਥਾਪਨਾ ਦਾ ਮੂਲ ਸੰਦੇਸ਼ ਸਰਬੱਤ ਦੇ ਭਲੇ, ਆਪਸੀ ਸਦਭਾਵਨਾ ਅਤੇ ਮਾਨਵਤਾ ਦੀ ਸੇਵਾ ਨਾਲ ਜੁੜਿਆ ਹੋਇਆ ਹੈ, ਇਸ ਲਈ ਕਿਸੇ ਵੀ ਮਾਮਲੇ ਨੂੰ ਲੈ ਕੇ ਗੁਰਦੁਆਰਾ ਸਾਹਿਬਾਨ ਅੰਦਰ ਤਲਖ਼ੀ ਵਾਲਾ ਮਾਹੌਲ ਪੈਦਾ ਕਰਨਾ ਜਾਂ ਧਾਰਮਿਕ ਮਰਿਆਦਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਾਰਵਾਈਆਂ ਕਰਨਾ ਠੀਕ ਨਹੀਂ ਹੈ।
ਸ਼੍ਰੋਮਣੀ ਕਮੇਟੀ ਸਕੱਤਰ ਨੇ ਆਖਿਆ ਕਿ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਹਰ ਤਰ੍ਹਾਂ ਦੇ ਵਿਵਾਦਾਂ ਤੋਂ ਉੱਪਰ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਜਿਹੀਆਂ ਘਟਨਾਵਾਂ ਦੀ ਚਰਚਾ ਅਤੇ ਪ੍ਰਸਾਰ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਪ੍ਰਭਾਵਿਤ ਹੁੰਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਪੱਧਰ ’ਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ, ਸਤਿਕਾਰ ਅਤੇ ਮਰਿਆਦਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਹੋਵੇ।
- Download Babushahi App
-
-