Breaking: ਜਗਤਾਰ ਸਿੰਘ ਹਵਾਰਾ ਪੈਰੋਲ ਲਈ ਹੋਇਆ ਰਾਜ਼ੀ!
Babushahi Network
ਚੰਡੀਗੜ੍ਹ, 9 ਅਕਤੂਬਰ 2026: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਆਪਣੀ ਬਜ਼ੁਰਗ ਅਤੇ ਬੀਮਾਰ ਮਾਤਾ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਲੈਣ ਵਾਸਤੇ ਸਹਿਮਤ ਹੋ ਗਏ ਹਨ। ਇਸ ਦੀ ਪੁਸ਼ਟੀ ਉਨ੍ਹਾਂ ਦੇ ਧਰਮੀ ਪਿਤਾ ਅਤੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਗੁਰਚਰਨ ਸਿੰਘ ਹਵਾਰਾ ਨੇ ਕੀਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹਵਾਰਾ ਨੂੰ 10 ਦਿਨਾਂ ਦੀ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਸੀ, ਤਾਂ ਜੋ ਉਹ ਆਪਣੇ ਪਿੰਡ ਜਾ ਕੇ ਮਾਤਾ ਜੀ ਨੂੰ ਮਿਲ ਸਕਣ। ਹਾਲਾਂਕਿ, ਸੁਰੱਖਿਆ ਅਤੇ ਹੋਰ ਤਕਨੀਕੀ ਕਾਰਨਾਂ ਕਰਕੇ ਇਸ ’ਤੇ ਸਹਿਮਤੀ ਨਹੀਂ ਬਣ ਸਕੀ।
ਗੁਰਚਰਨ ਸਿੰਘ ਅਨੁਸਾਰ, ਹਵਾਰਾ ਦੀ ਮਾਤਾ ਦੀ ਵਿਗੜਦੀ ਸਿਹਤ ਨੂੰ ਦੇਖਦਿਆਂ ਪਰਿਵਾਰ ਅਤੇ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਨੇ ਉਨ੍ਹਾਂ ਨੂੰ ਇੱਕ ਦਿਨ ਦੀ ਪੈਰੋਲ ਸਵੀਕਾਰ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਹਵਾਰਾ ਨੇ ਆਪਣੀ ਸਹਿਮਤੀ ਦੇ ਦਿੱਤੀ।
ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਪੰਜਾਬ ਆਉਣ-ਜਾਣ ਦੇ ਸਮੇਂ ਤੋਂ ਇਲਾਵਾ ਹਵਾਰਾ ਨੂੰ ਆਪਣੀ ਮਾਤਾ ਅਤੇ ਪਰਿਵਾਰ ਨਾਲ ਮਿਲਣ ਲਈ ਲਗਭਗ 7 ਤੋਂ 8 ਘੰਟੇ ਮਿਲ ਸਕਦੇ ਹਨ। ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਵੱਲੋਂ ਨਿਭਾਉਣ ਦਾ ਭਰੋਸਾ ਦਿੱਤਾ ਗਿਆ ਹੈ।
ਹਾਲਾਂਕਿ, ਗੁਰਚਰਨ ਸਿੰਘ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਸਹਿਮਤੀ ਜ਼ਬਾਨੀ ਗੱਲਬਾਤ ਰਾਹੀਂ ਹੋਈ ਹੈ। ਪੈਰੋਲ ਸਬੰਧੀ ਅਜੇ ਕੋਈ ਲਿਖਤੀ ਹੁਕਮ ਜਾਰੀ ਨਹੀਂ ਹੋਇਆ ਅਤੇ ਨਾ ਹੀ ਤਾਰੀਖ਼ ਤੈਅ ਕੀਤੀ ਗਈ ਹੈ। ਪਰਿਵਾਰ ਨੂੰ ਉਮੀਦ ਹੈ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਮਾਂ-ਪੁੱਤ ਦੀ ਮੁਲਾਕਾਤ ਸੰਭਵ ਹੋ ਸਕੇਗੀ।
- Download Babushahi App
-
-