ਤਪਾ ਦੇ ਹੋਟਲ ਵਿੱਚ Lady ਦਾ ਕਤਲ, ਪਿੰਡ ਧਿੰਗੜ ਦੀ ਜਸਵੀਰ ਕੌਰ ਦੀ ਮੌਤ; ਨੌਜਵਾਨ ਖ਼ਿਲਾਫ਼ ਕੇਸ ਦਰਜ
Kamaljeet Singh
ਬਰਨਾਲਾ 11 October 2026:
ਬਰਨਾਲਾ-ਬਠਿੰਡਾ ਰੋਡ ’ਤੇ ਤਪਾ ਸਥਿਤ ਇੱਕ ਹੋਟਲ ਦੇ ਕਮਰੇ ਵਿੱਚੋਂ ਮਹਿਲਾ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਜਸਵੀਰ ਕੌਰ ਵਾਸੀ ਪਿੰਡ ਧਿੰਗੜ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਮਨਦੀਪ ਸਿੰਘ ਵਾਸੀ ਪਿੰਡ ਬਦਰਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕਾ ਦੇ ਪਤੀ ਮੰਗਾ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਘਰ ਛੱਡ ਕੇ ਸਵੇਰੇ ਕਰੀਬ 11 ਵਜੇ ਬਾਜ਼ਾਰ ਚਲਾ ਗਿਆ ਸੀ। ਜਦੋਂ ਉਹ ਦੁਪਹਿਰ ਕਰੀਬ 3 ਵਜੇ ਘਰ ਵਾਪਸ ਆਇਆ ਤਾਂ ਉਸ ਦੀ ਪਤਨੀ ਘਰ ਵਿੱਚ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਉਸ ਨੇ ਐਮਸੀ ਹੈਪੀ ਸਿੰਘ ਨੂੰ ਨਾਲ ਲੈ ਕੇ ਜਸਵੀਰ ਕੌਰ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਪਤਾ ਲੱਗਿਆ ਕਿ ਜਸਵੀਰ ਕੌਰ ਦਾ ਕਥਿਤ ਤੌਰ ’ਤੇ ਤਪਾ ਦੇ ਇੱਕ ਹੋਟਲ ਵਿੱਚ ਕਤਲ ਕਰ ਦਿੱਤਾ ਗਿਆ ਹੈ।
ਥਾਣਾ ਤਪਾ ਦੇ ਐਸਐਚਓ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ। ਹੋਟਲ ਦੇ ਕਮਰੇ ਵਿੱਚੋਂ ਜਸਵੀਰ ਕੌਰ ਦੀ ਲਾਸ਼ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ। ਪੁਲਿਸ ਨੇ ਫੋਰੈਂਸਿਕ ਟੀਮ ਦੀ ਮਦਦ ਨਾਲ ਮੌਕੇ ਤੋਂ ਲੋੜੀਂਦੀ ਜਾਂਚ ਕੀਤੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਵੀ ਕੀਤੀ ਗਈ।ਐਸਐਚਓ ਅਮਰੀਕ ਸਿੰਘ ਅਨੁਸਾਰ, ਇਸ ਮਾਮਲੇ ਵਿੱਚ ਅਮਨਦੀਪ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 137, ਧਾਰਾ 103(1) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਕਤਲ ਦੇ ਕਾਰਨਾਂ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।
ਪਿੰਡ ਧਿੰਗੜ ਦੇ ਸਾਬਕਾ ਸਰਪੰਚ ਜਗਪਾਲ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਦੇ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੈ। ਪਰਿਵਾਰ ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਹੈ। ਉਨ੍ਹਾਂ ਕਿਹਾ ਕਿ ਜਸਵੀਰ ਕੌਰ ਦੀ ਮੌਤ ਨਾਲ ਉਸ ਦੇ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ ਅਤੇ ਪਰਿਵਾਰ ਲਈ ਇਹ ਬਹੁਤ ਵੱਡਾ ਦੁੱਖ ਹੈ। ਸਾਬਕਾ ਸਰਪੰਚ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਰਿਵਾਰ ਪੁਲਿਸ ਦੇ ਭਰੋਸੇ ’ਤੇ ਪੋਸਟਮਾਰਟਮ ਸਮੇਤ ਅਗਲੀ ਕਾਰਵਾਈ ਕਰਵਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਹੈ।
- Download Babushahi App
-
-