CU ਦੇ Startup ਪ੍ਰੋਗਰਾਮ ’ਚ ਪਹੁੰਚੇ MP ਨਵੀਨ ਜਿੰਦਲ, AI ਤੋਂ ਲੈ ਕੇ ਕਿਸਾਨਾਂ ਦੀ ਆਮਦਨ ਤੱਕ ਕੀਤੀ ਗੱਲਬਾਤ
10 ਅਕਤੂਬਰ 2026 :
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ Campus Camp Season 2 ਪ੍ਰੋਗਰਾਮ ਵਿੱਚ ਲੋਕ ਸਭਾ ਮੈਂਬਰ ਅਤੇ ਉਦਯੋਗਪਤੀ ਨਵੀਨ ਜਿੰਦਲ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਦੇ ਸਟਾਰਟਅੱਪਸ, ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਅਤੇ ਪੰਜਾਬ ਵਿੱਚ ਨਵੇਂ ਕਾਰੋਬਾਰੀ ਮੌਕਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਨਵੀਨ ਜਿੰਦਲ ਨੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ IIT ਮਦਰਾਸ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਜਾ ਰਹੇ ਸਟਾਰਟਅੱਪ ਈਕੋਸਿਸਟਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪਲੇਟਫਾਰਮ ਨੌਜਵਾਨਾਂ ਨੂੰ ਆਪਣੇ ਨਵੇਂ ਵਿਚਾਰ ਪੇਸ਼ ਕਰਨ, ਮਾਹਿਰਾਂ ਨਾਲ ਚਰਚਾ ਕਰਨ ਅਤੇ ਫੰਡਿੰਗ ਤੇ ਉਤਸ਼ਾਹ ਪ੍ਰਾਪਤ ਕਰਨ ਦੇ ਮੌਕੇ ਦਿੰਦੇ ਹਨ। ਉਨ੍ਹਾਂ ਮੁਤਾਬਕ, AI ਅਤੇ ਆਧੁਨਿਕ ਤਕਨਾਲੋਜੀ ਨੂੰ ਅਪਣਾ ਕੇ ਨੌਜਵਾਨ ਆਪਣੇ ਕੰਮ ਨੂੰ ਹੋਰ ਬਿਹਤਰ ਬਣਾ ਸਕਦੇ ਹਨ।
AI ਦੇ ਸੰਭਾਵਿਤ ਨੁਕਸਾਨਾਂ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਹਰ ਤਕਨਾਲੋਜੀ ਦੇ ਫਾਇਦੇ ਅਤੇ ਨੁਕਸਾਨ ਹੋ ਸਕਦੇ ਹਨ, ਪਰ ਇਸ ਨੂੰ ਸਕਾਰਾਤਮਕ ਸੋਚ ਨਾਲ ਅਪਣਾਉਣਾ ਚਾਹੀਦਾ ਹੈ। ਉਨ੍ਹਾਂ AI ਦੀ ਤੁਲਨਾ ਅੱਗ ਦੀ ਖੋਜ ਨਾਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅੱਗ ਨੇ ਮਨੁੱਖੀ ਜੀਵਨ ਵਿੱਚ ਬਦਲਾਅ ਲਿਆਂਦਾ, ਉਸੇ ਤਰ੍ਹਾਂ AI ਜਾਣਕਾਰੀ ਨੂੰ ਤੇਜ਼ੀ ਨਾਲ ਸਮਝਣ ਅਤੇ ਕੰਮ ਕਰਨ ਵਿੱਚ ਮਦਦ ਕਰ ਸਕਦਾ ਹੈ।
ਪੰਜਾਬ ਵਿੱਚ ਸਟਾਰਟਅੱਪਸ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਨਵੀਨ ਜਿੰਦਲ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇਸ ਖੇਤਰ ਵਿੱਚ ਕੀਤੇ ਜਾ ਰਹੇ ਯਤਨ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਨੇ ਖੇਤੀਬਾੜੀ ਨੂੰ ਆਧੁਨਿਕ ਤਕਨਾਲੋਜੀ ਅਤੇ ਉਦਯੋਗ ਨਾਲ ਜੋੜਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ, ਫ਼ਸਲਾਂ ਦੀ ਬਰਬਾਦੀ ਰੋਕਣ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਨਵੀਂ ਤਕਨਾਲੋਜੀ ਅਤੇ ਬਾਜ਼ਾਰ ਦੀ ਮੰਗ ਅਨੁਸਾਰ ਫ਼ਸਲਾਂ ਦੀ ਚੋਣ ਬਾਰੇ ਜਾਗਰੂਕ ਕਰਨ ਦੀ ਗੱਲ ਵੀ ਕਹੀ।
ਦੇਸ਼ ਦੀਆਂ ਸਿਆਸੀ ਸੰਸਥਾਵਾਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਅਤੇ ਵਿਰੋਧੀ ਧਿਰ ਦੇ ਪ੍ਰਦਰਸ਼ਨਾਂ ਬਾਰੇ ਨਵੀਨ ਜਿੰਦਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਮੁੱਦੇ ਉਠਾਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੀਆਂ ਸੰਸਥਾਵਾਂ ’ਤੇ ਲੋਕਾਂ ਦਾ ਭਰੋਸਾ ਕਾਇਮ ਹੈ ਅਤੇ ਭਾਰਤ ਵਿਕਸਤ ਰਾਸ਼ਟਰ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
- Download Babushahi App
-
-