ਹਾਸਿਆਂ ਦੇ ਰੰਗਾਂ ਨਾਲ ਰਿਸ਼ਤਿਆਂ ਦੀ ਅਹਿਮੀਅਤ ਦੇ ਸੁਨੇਹੇ ਨਾਲ ਦੇ ਵਿਦਾ ਨਾਟਿਅਮ ਥੀਏਟਰ ਫੈਸਟੀਵਲ
‘ਡੈਡਜ਼ ਗਰਲ ਫਰੈਂਡ’ ਦੇ ਮੰਚਨ ਨਾਲ 15 ਦਿਨਾਂ ਦੇ ਰੰਗਮੰਚੀ ਮਹਾਂਉਤਸਵ ਦੀ ਯਾਦਗਾਰੀ ਸਮਾਪਤੀ
ਅਸ਼ੋਕ ਵਰਮਾ
ਬਠਿੰਡਾ, 11 ਅਕਤੂਬਰ 2026 । ਕਿਤੇ ਤਾੜੀਆਂ ਦੀ ਗੂੰਜ, ਕਿਤੇ ਹਾਸਿਆਂ ਦੇ ਫੁਹਾਰੇ ਅਤੇ ਕਿਤੇ ਜ਼ਿੰਦਗੀ ਦੀਆਂ ਡੂੰਘੀਆਂ ਸੱਚਾਈਆਂ ਨਾਲ ਰੂਬਰੂ ਕਰਵਾਉਂਦੇ ਸੰਵਾਦਾਂ ਦੀ ਛਾਪ। ਇਨ੍ਹਾਂ ਯਾਦਾਂ ਨੂੰ ਸਮੇਟਦਿਆਂ ਨਾਟਿਅਮ ਦਾ 15ਵਾਂ ਨੈਸ਼ਨਲ ਥੀਏਟਰ ਫੈਸਟੀਵਲ ਬੀਤੇ ਸ਼ਨੀਵਾਰ ਦੀ ਰਾਤ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਯਾਦਗਾਰੀ ਹੋ ਨਿੱਬੜਿਆ। ਫੈਸਟੀਵਲ ਦੀ ਆਖਰੀ ਸ਼ਾਮ ਨਾਟਿਅਮ ਦੀ ਆਪਣੀ ਟੀਮ ਵੱਲੋਂ ਨਿਰਦੇਸ਼ਕ ਕੀਰਤੀ ਕਿਰਪਾਲ ਦੀ ਅਗਵਾਈ ਹੇਠ ਪੇਸ਼ ਨਾਟਕ ‘ਡੈਡਜ਼ ਗਰਲ ਫਰੈਂਡ’ ਨੇ ਦਰਸ਼ਕਾਂ ਨੂੰ ਹਸਾਉਣ ਦੇ ਨਾਲ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਸੋਚਣ ਲਈ ਵੀ ਪ੍ਰੇਰਿਤ ਕੀਤਾ। ਇਸ ਤਰ੍ਹਾਂ 15 ਦਿਨਾਂ ਤੱਕ ਸ਼ਹਿਰ ਨੂੰ ਰੰਗਮੰਚ ਦੇ ਰੰਗਾਂ ਨਾਲ ਜੋੜਨ ਵਾਲਾ ਇਹ ਮਹਾਂਉਤਸਵ ਅਮਿੱਟ ਯਾਦਾਂ ਛੱਡ ਗਿਆ।
ਹਾਸੇ ਦੀ ਚਾਸ਼ਨੀ ਵਿੱਚ ਪਰੋਇਆ ਰਿਸ਼ਤਿਆਂ ਦਾ ਸੁਨੇਹਾ
- ਨਾਟਕ ‘ਡੈਡਜ਼ ਗਰਲ ਫਰੈਂਡ’ ਪ੍ਰਸਿੱਧ ਲੇਖਕ ਅਤੇ ਪ੍ਰੋਫੈਸਰ ਦਲੀਪ ਵੈਦਿਆ ਦੀ ਕਹਾਣੀ ਰਾਹੀਂ ਪੇਸ਼ੇਵਰ ਸਫਲਤਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵਿਚਲੇ ਪਾੜੇ ਨੂੰ ਉਭਾਰਦਾ ਹੈ। ਨਾਮ ਅਤੇ ਸ਼ੋਹਰਤ ਹਾਸਲ ਕਰਨ ਦੇ ਬਾਵਜੂਦ ਦਲੀਪ ਆਪਣੀ ਧੀ ਦੀਆ ਅਤੇ ਜਵਾਈ ਕਨਵ ਨਾਲ ਭਾਵਨਾਤਮਕ ਨੇੜਤਾ ਕਾਇਮ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦਾ ਹੈ। ਇਸੇ ਦੌਰਾਨ ਉਸ ਦੀ ਪ੍ਰਸ਼ੰਸਕ ਅਵਨੀ ਦੀ ਆਮਦ ਕਹਾਣੀ ਨੂੰ ਦਿਲਚਸਪ ਮੋੜ ਦਿੰਦੀ ਹੈ।ਇੱਕ ਪਾਸੇ ਧੀ ਆਪਣੇ ਪਿਤਾ ਦਾ ਪਿਆਰ ਤੇ ਸਾਥ ਲੋਚਦੀ ਹੈ, ਦੂਜੇ ਪਾਸੇ ਅਵਨੀ ਉਸ ਨਾਲ ਆਪਣਾ ਭਵਿੱਖ ਜੋੜਨਾ ਚਾਹੁੰਦੀ ਹੈ। ਇਨ੍ਹਾਂ ਸਥਿਤੀਆਂ ਵਿੱਚੋਂ ਪੈਦਾ ਹੋਣ ਵਾਲੇ ਹਾਸੇ-ਮਜ਼ਾਕ ਅਤੇ ਕਨਵ ਦੀਆਂ ਪ੍ਰਤੀਕਿਰਿਆਵਾਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ। ਹਲਕੇ-ਫੁਲਕੇ ਸੰਵਾਦਾਂ ਦੇ ਬਾਵਜੂਦ ਨਾਟਕ ਇਹ ਗੰਭੀਰ ਸਵਾਲ ਛੱਡਦਾ ਹੈ ਕਿ ਸਫਲਤਾ ਦੀ ਦੌੜ ਵਿੱਚ ਕਿਤੇ ਇਨਸਾਨ ਆਪਣੇ ਹੀ ਰਿਸ਼ਤਿਆਂ ਤੋਂ ਦੂਰ ਤਾਂ ਨਹੀਂ ਹੋ ਰਿਹਾ। ਨਾਟਕ ਦਾ ਸੁਨੇਹਾ ਸੀ ਕਿ ਰਿਸ਼ਤੇ ਸਿਰਫ਼ ਇੱਛਾਵਾਂ ਨਾਲ ਨਹੀਂ, ਸਗੋਂ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਸਮਾਂ ਦੇਣ ਨਾਲ ਨਿਭਦੇ ਹਨ।
ਨਾਟਿਅਮ ਦੇ ਉਪਰਾਲੇ ਦੀ ਅਮਰਜੀਤ ਮਹਿਤਾ ਵੱਲੋਂ ਸ਼ਲਾਘਾ
ਸਮਾਪਤੀ ਸਮਾਰੋਹ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੀ ਪਤਨੀ ਬਬੀਤਾ ਮਹਿਤਾ ਨੇ ਸ਼ਮ੍ਹਾ ਰੌਸ਼ਨ ਕਰਕੇ ਸਮਾਰੋਹ ਦਾ ਆਗਾਜ਼ ਕੀਤਾ। ਉਹਨਾਂ ਦੇ ਨਾਲ ਗਰੀਨ ਸਿਟੀ ਗਰੁੱਪ ਦੇ ਐਮਡੀ ਡੀਪੀ ਗੋਇਲ, ਡਰੀਮ ਹਾਈਟਸ ਦੇ ਐਮਡੀ ਸੁਨੀਲ ਬਾਂਸਲ, ਸਾਗਾ ਦੇ ਐਮਡੀ ਅਨੀਸ਼ ਗੁਪਤਾ, ਸਿਲਵਰ ਓਕਸ ਸਕੂਲ ਗਰੁੱਪ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਅਤੇ ਵਾਸੂ ਆਈ ਹਸਪਤਾਲ ਦੇ ਐਮਡੀ ਡਾ. ਗੌਰਵ ਮੰਗਲਾ, ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ, ਸਰਪ੍ਰਸਤ ਸੁਦਰਸ਼ਨ ਗੁਪਤਾ ਆਦਿ ਵੀ ਮੌਜੂਦ ਸਨ। ਅਮਰਜੀਤ ਮਹਿਤਾ ਨੇ 15 ਦਿਨਾਂ ਤੱਕ ਸ਼ਹਿਰ ਵਾਸੀਆਂ ਨੂੰ ਰੰਗਮੰਚ ਨਾਲ ਜੋੜੀ ਰੱਖਣ ਲਈ ਨਾਟਿਅਮ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਉਪਰਾਲੇ ਸ਼ਹਿਰ ਦੀ ਕਲਾਤਮਕ ਪਛਾਣ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਨਾਟਿਅਮ ਦੀ ਮੰਗ ’ਤੇ ਬਲਵੰਤ ਗਾਰਗੀ ਆਡੀਟੋਰੀਅਮ ਨਾਟਕਾਂ ਦੇ ਮੰਚਣ ਲਈ ਮੁਫ਼ਤ ਮੁਹੱਈਆ ਕਰਵਾਉਣ ਵਾਸਤੇ ਯਤਨ ਕਰਨ ਦਾ ਭਰੋਸਾ ਵੀ ਦਿੱਤਾ।
ਨਾਟਿਅਮ ਦੀ ਟੀਮ ਨੇ ਸਭਨਾਂ ਦਾ ਕੀਤਾ ਧੰਨਵਾਦ
- ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਫੈਸਟੀਵਲ ਨੂੰ ਯਾਦਗਾਰੀ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਪਾਂਸਰਾਂ, ਕਲਾਕਾਰਾਂ, ਦਰਸ਼ਕਾਂ ਅਤੇ ਮੀਡੀਆ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦੇ ਪਿਆਰ ਅਤੇ ਸਹਿਯੋਗ ਨੇ ਇਸ ਰੰਗਮੰਚੀ ਸਫ਼ਰ ਨੂੰ ਯਾਦਗਾਰੀ ਬਣਾਇਆ ਹੈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਹੈ। ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਾਟਿਅਮ ਦਾ ਸੁਪਨਾ ਸੀ ਕਿ ਇਸ ਸ਼ਹਿਰ ਵਿੱਚ ਸਿਰਫ਼ ਇਮਾਰਤਾਂ ਹੀ ਨਾ ਬਣਨ, ਸਗੋਂ ਕਹਾਣੀਆਂ ਵੀ ਬਣਨ। ਇਸ ਸ਼ਹਿਰ ਵਿੱਚ ਕੇਵਲ ਲੋਕ ਹੀ ਨਾ ਰਹਿਣ, ਬਲਕਿ ਕਿਰਦਾਰ ਵੀ ਬਣਨ। ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਨੇ ਰੰਗਮੰਚ ਦੇ ਉਸ ਮਕਸਦ ਨੂੰ ਉਭਾਰਿਆ, ਜਿਸ ਤਹਿਤ ਕਲਾ ਰਾਹੀਂ ਸਮਾਜ ਦੀਆਂ ਭਾਵਨਾਵਾਂ, ਸੰਵੇਦਨਾਵਾਂ ਅਤੇ ਜੀਵਨ ਦੇ ਅਨੁਭਵਾਂ ਨੂੰ ਮੰਚ ਮਿਲਦਾ ਹੈ।
- Download Babushahi App
-
-