ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਥੈਲੇਸੀਮੀਆ ਪੀੜ੍ਹਤ ਬੱਚਿਆਂ ਦੀ ਮੱਦਦ ਲਈ 94 ਯੂਨਿਟ ਖੂਨਦਾਨ
ਅਸ਼ੋਕ ਵਰਮਾ
ਬਠਿੰਡਾ, 11 ਅਕਤੂਬਰ 2026 : ਥੈਲੇਸਮੀਆਂ ਤੋਂ ਪੀੜ੍ਹਤ ਬੱਚਿਆਂ ਨੂੰ ਇਲਾਜ਼ ਦੌਰਾਨ ਸਮੇਂ ਸਿਰ ਖੂਨ ਮੁਹੱਈਆ ਹੋ ਸਕੇ ਇਸੇ ਟੀਚੇ ਤਹਿਤ ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਅੱਜ 94 ਯੂਨਿਟ ਖੂਨਦਾਨ ਕੀਤਾ ਗਿਆ। ਡੇਰਾ ਆਗੂ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਡੇਰਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੇ ਆਦੇਸ਼ਾਂ ਤਹਿਤ ਕੀਤਾ ਹੈ। ‘ਥੈਲੇਸੀਮੀਆ ਪੀੜ੍ਹਤ ਬੱਚਿਆਂ ਲਈ ਖੂਨਦਾਨ ਕੈਂਪ’ ਮੁਹਿੰਮ ਤਹਿਤ ਅੱਜ ਇੱਥੇ ਮਲੋਟ ਰੋਡ ’ਤੇ ਸਥਿਤ ਐਮ. ਐਸ. ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ’ਚ ਲਾਏ ਖੂਨਦਾਨ ਕੈਂਪ ਦੌਰਾਨ ਡੇਰਾ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਖੂਨ ਨੂੰ ਇਕੱਤਰ ਕਰਨ ਦੀ ਜਿੰਮੇਵਾਰੀ ਸਿਵਲ ਹਸਪਤਾਲ ਬਠਿੰਡਾ ਅਤੇ ਆਦੇਸ਼ ਹਸਪਤਾਲ ਬਠਿੰਡਾ ਦੀਆਂ ਬਲੱਡ ਬੈਂਕ ਟੀਮਾਂ ਨੇ ਨਿਭਾਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੇ ਸਟੇਟ ਕਮੇਟੀ ਮੈਂਬਰ ਗੁਰਮੇਲ ਸਿੰਘ ਇੰਸਾਂ ਨੇ ਦੱਸਿਆ ਕਿ ਬਠਿੰਡਾ ਥੈਲੇਸੀਮੀਆ ਵੈਲਫੇਅਰ ਸੁਸਾਇਟੀ ਨੇ ਬਲੱਡ ਬੈਂਕਾਂ ’ਚ ਖੂਨ ਦੀ ਕਮੀਂ ਹੋਣ ਦੀ ਜਾਣਕਾਰੀ ਜਦੋਂ ਡੇਰਾ ਸੱਚਾ ਸੌਦਾ ਨੂੰ ਦਿੱਤੀ ਤਾਂ ਗੁਰੂ ਜੀ ( ਡੇਰਾ ਮੁਖੀ ) ਨੇ ਸਾਧ ਸੰਗਤ ਨੂੰ ਥੈਲੇਸੀਮੀਆ ਪੀੜ੍ਹਤ ਬੱਚਿਆਂ ਲਈ ਖੂਨਦਾਨ ਕੈਂਪ ਲਾਉਣ ਲਈ ਕਿਹਾ ਸੀ ਜਿਸ ’ਤੇ ਅਮਲ ਕਰਦਿਆਂ ਹੀ ਅੱਜ ਇਹ ਕੈਂਪ ਲਾਇਆ ਗਿਆ ਹੈ। ਕੈਂਪ ਦਾ ਉਦਘਾਟਨ ਤਹਿਸੀਲਦਾਰ ਬਠਿੰਡਾ ਕੰਵਲਦੀਪ ਸਿੰਘ ਨੇ ਕੀਤਾ ਜਦੋਂਕਿ ਸਕੱਤਰ ਰੈੱਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ, ਬਠਿੰਡਾ ਥੈਲੇਸੀਮੀਆ ਵੈਲਫੇਅਰ ਸੁਸਾਇਟੀ ਦੇ ਸੈਕਟਰੀ ਜਗਦੀਸ਼ ਕੁਮਾਰ, ਜੁਆਇੰਟ ਸੈਕਟਰੀ ਕਵਿਸ਼ ਕੁਮਾਰ ਅਤੇ ਖਜ਼ਾਨਚੀ ਪ੍ਰਵੀਨ ਕਾਲੜਾ ਵੀ ਵਿਸ਼ੇਸ਼ ਤੌਰ ’ਤੇ ਨਾਲ ਮੌਜੂਦ ਰਹੇ।
ਉਨ੍ਹਾਂ ਸਾਧ ਸੰਗਤ ਵੱਲੋਂ ਲਗਏ ਇਸ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਜਿਸ ਨਾਲ ਜ਼ਿੰਦਗੀਆਂ ਬਚਾਉਣ ’ਚ ਮੱਦਦ ਮਿਲਦੀ ਹੈ। ਕੈਂਪ ਦੌਰਾਨ ਦਾਨ ਕੀਤੇ94 ਯੂਨਿਟ ਖੂਨ ’ਚੋਂ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੀ ਟੀਮ ਨੇ 69 ਯੂਨਿਟ ਅਤੇ ਆਦੇਸ਼ ਹਸਪਤਾਲ ਬਠਿੰਡਾ ਦੀ ਟੀਮ ਵੱਲੋਂ 25 ਯੂਨਿਟ ਖੂਨ ਇਕੱਤਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਮਹਿਜ ਅੱਜ ਦਾ ਹੀ ਕੈਂਪ ਨਹੀਂ ਭਵਿੱਖ ’ਚ ਵੀ ਜਦੋਂ ਬਲੱਡ ਬੈਂਕ ਟੀਮਾਂ ਨੂੰ ਖੂਨ ਦੀ ਲੋੜ ਪਵੇਗੀ ਤਾਂ ਉਨ੍ਹਾਂ ਵੱਲੋਂ ਸੂਚਿਤ ਕਰਨ ’ਤੇ ਅਜਿਹੇ ਕੈਂਪ ਲਗਾਏ ਜਾਣਗੇ । ਕੈਂਪ ’ਚ ਪੁੱਜੇ ਸਿਵਲ ਹਸਪਤਾਲ ਬਲੱਡ ਬੈਂਕ ਦੇ ਇੰਚਾਰਜ ਮੈਡਮ ਡਾ. ਰੀਤਿਕਾ ਅਤੇ ਆਦੇਸ਼ ਹਸਪਤਾਲ ਦੇ ਡਾ. ਅਨੂਠੀ ਨੇ ਕੈਂਪ ਲਈ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਥੈਲੇਸੀਮੀਆ ਪੀੜ੍ਹਤ ਬੱਚਿਆਂ ਲਈ ਖੂਨ ਦੀ ਬੇਹੱਦ ਜ਼ਿਆਦਾ ਲੋੜ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਜੋ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਹੈ ਇਸ ਨਾਲ ਪੀੜ੍ਹਤ ਬੱਚਿਆਂ ਦੇ ਇਲਾਜ ’ਚ ਮੱਦਦ ਮਿਲੇਗੀ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸਟੇਟ ਕਮੇਟੀ ਮੈਂਬਰ ਕੁਲਬੀਰ ਇੰਸਾਂ, ਜਸਵਿੰਦਰ ਇੰਸਾਂ, ਗੁਰਦੇਵ ਸਿੰਘ ਇੰਸਾਂ, ਸ਼ਿੰਦਰਪਾਲ ਇੰਸਾਂ, ਸੇਵਕ ਇੰਸਾਂ, ਰੋਹਿਤ ਇੰਸਾਂ, ਅਮਰਜੀਤ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਜਸਵੰਤ ਇੰਸਾਂ, ਸਿਮਰਨ ਇੰਸਾਂ, ਰੇਖਾ ਇੰਸਾਂ, ਵਿਨੋਦ ਇੰਸਾਂ, ਬੀਨਾ ਇੰਸਾਂ, ਮੀਨੂੰ ਇੰਸਾਂ, ਸੁਖਵਿੰਦਰ ਇੰਸਾਂ, ਸੁਖਜਿੰਦਰ ਇੰਸਾਂ, ਬਿਮਲਾ ਇੰਸਾਂ, ਗੁਰਪਿੰਦਰ ਇੰਸਾਂ, ਵੀਨਾ ਇੰਸਾਂ ਅਤੇ ਜਸਵੀਰ ਕੌਰ ਇੰਸਾਂ ਆਦਿ ਸਮੇਤ ਖੂਨਦਾਨੀ ਹਾਜ਼ਰ ਸਨ।
- Download Babushahi App
-
-