ਅੰਮ੍ਰਿਤਸਰ ਦੇ ਵੱਡਾ ਹਨੂੰਮਾਨ ਮੰਦਰ ਵਿੱਚ ਨਰਾਤਿਆਂਨਾਲ ਹੀ ਸ਼ੁਰੂ ਹੋਇਆ ਵਿਸ਼ਵ ਪ੍ਰਸਿੱਧ ‘ਲੰਗੂਰ ਮੇਲਾ’
ਸੰਤਾਨ ਪ੍ਰਾਪਤੀ ਦੀ ਮਨੋਕਾਮਨਾ ਪੂਰੀ ਹੋਣ ’ਤੇ ਬੱਚੇ ਲਾਲ ਬਾਣੇ ਪਹਿਨ ਕੇ 10 ਦਿਨਾਂ ਤੱਕ ਸਖ਼ਤ ਨਿਯਮਾਂ ਦੀ ਕਰਦੇ ਹਨ ਪਾਲਣਾ
ਪਵਿੱਤਰ ਵਟਵ੍ਰਿੱਖ ਅਤੇ ਬੈਠੀ ਮੁਦਰਾ ਵਿੱਚ ਵਿਰਾਜਮਾਨ ਹਨੂੰਮਾਨ ਜੀ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਸ਼ਰਧਾਲੂ
ਕੁਲਵਿੰਦਰ ਸਿੰਘ
ਅੰਮ੍ਰਿਤਸਰ 11 ਅਕਤੂਬਰ ਅੰਮ੍ਰਿਤਸਰ ਦੇ ਇਤਿਹਾਸਕ ਸ੍ਰੀ ਦੁਰਗਿਆਣਾ ਤੀਰਥ ਸਥਿਤ ਵੱਡਾ ਹਨੂੰਮਾਨ ਮੰਦਰ ਵਿੱਚ ਸ਼ਾਰਦੀ ਨਰਾਤਿਆਂ ਦੇ ਪਾਵਨ ਮੌਕੇ ’ਤੇ ਵਿਸ਼ਵ ਪ੍ਰਸਿੱਧ 10 ਰੋਜ਼ਾ ‘ਲੰਗੂਰ ਮੇਲਾ’ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਨਰਾਤਿਆਂ ਦੇ ਪਹਿਲੇ ਦਿਨ ਮਾਤਾ ਸ਼ੈਲਪੁਤਰੀ ਦੀ ਵਿਧੀਵਤ ਪੂਜਾ-ਅਰਚਨਾ ਦੇ ਨਾਲ ਹੀ ਮੰਦਰ ਵਿੱਚ ਲੰਗੂਰ ਦਾ ਰੂਪ ਧਾਰਨ ਕੀਤੇ ਬੱਚਿਆਂ ਅਤੇ ਪਰਿਵਾਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਆਸਥਾ ਅਤੇ ਪੁਰਾਤਨ ਪਰੰਪਰਾ ਦਾ ਇਹ ਵਿਲੱਖਣ ਸੰਗਮ ਹਰ ਸਾਲ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਨੂੰ ਆਪਣੇ ਵੱਲ ਖਿੱਚਦਾ ਹੈ।
ਮੰਦਰ ਦੇ ਮੁੱਖ ਪੁਜਾਰੀ ਸ਼ੁਭਮ ਸ਼ਰਮਾ ਨੇ ਇਸ ਪ੍ਰਾਚੀਨ ਪਰੰਪਰਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਥਾਨ ਦਾ ਇਤਿਹਾਸ ਤ੍ਰੇਤਾ ਯੁੱਗ ਅਤੇ ਰਾਮਾਇਣ ਕਾਲ ਨਾਲ ਜੁੜਿਆ ਹੋਇਆ ਹੈ। ਧਾਰਮਿਕ ਮਾਨਤਾ ਅਨੁਸਾਰ, ਲਵ ਅਤੇ ਕੁਸ਼ ਨੇ ਅਸ਼ਵਮੇਧ ਯੱਗ ਦੇ ਘੋੜੇ ਨੂੰ ਫੜਨ ਸਮੇਂ ਸੰਕਟਮੋਚਨ ਹਨੂੰਮਾਨ ਜੀ ਨੂੰ ਇਸੇ ਵਟਵ੍ਰਿੱਖ ਨਾਲ ਬੰਨ੍ਹ ਦਿੱਤਾ ਸੀ। ਬਾਅਦ ਵਿੱਚ ਬੰਧਨ ਮੁਕਤ ਹੋਣ ’ਤੇ ਬਜਰੰਗਬਲੀ ਨੇ ਆਸ਼ੀਰਵਾਦ ਦਿੱਤਾ ਸੀ ਕਿ ਇੱਥੇ ਸੰਤਾਨ ਪ੍ਰਾਪਤੀ ਦੀ ਇੱਛਾ ਲੈ ਕੇ ਆਉਣ ਵਾਲੇ ਸ਼ਰਧਾਲੂਆਂ ਦੀ ਮਨੋਕਾਮਨਾ ਪੂਰੀ ਹੋਵੇਗੀ।
ਇਸੇ ਮਾਨਤਾ ਦੇ ਚੱਲਦਿਆਂ ਜਿਨ੍ਹਾਂ ਪਰਿਵਾਰਾਂ ਦੀ ਸੰਤਾਨ ਪ੍ਰਾਪਤੀ ਦੀ ਅਰਦਾਸ ਪੂਰੀ ਹੁੰਦੀ ਹੈ, ਉਹ ਨਰਾਤਿਆਂ ਦੌਰਾਨ ਆਪਣੇ ਬੱਚਿਆਂ ਨੂੰ ਲੰਗੂਰ ਦਾ ਰੂਪ ਦੇ ਕੇ ਭਗਵਾਨ ਹਨੂੰਮਾਨ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਲਈ ਲਿਆਉਂਦੇ ਹਨ। ਸ਼ਰਧਾਲੂਆਂ ਵਿੱਚ ਵਿਸ਼ਵਾਸ ਹੈ ਕਿ ਇਹ ਪਰੰਪਰਾ ਕਲਯੁੱਗ ਦੇ ਆਰੰਭ ਤੋਂ ਲਗਾਤਾਰ ਚੱਲਦੀ ਆ ਰਹੀ ਹੈ। ਪੁਜਾਰੀ ਸ਼ੁਭਮ ਸ਼ਰਮਾ ਅਤੇ ਆਪਣੇ ਬੱਚੇ ਨੂੰ ਲੰਗੂਰ ਬਣਾ ਕੇ ਮੰਦਰ ਲਿਆਏ ਸ਼ਰਧਾਲੂ ਵਰੁਣ ਰਾਣਾ ਨੇ ਦੱਸਿਆ ਕਿ ਲੰਗੂਰ ਬਣਨ ਵਾਲੇ ਬੱਚਿਆਂ ਨੂੰ ਪਹਿਲੇ ਨਰਾਤੇ ਤੋਂ ਲੈ ਕੇ ਦਸਵੀਂ ਤਾਰੀਖ਼ ਤੱਕ ਕਈ ਸਖ਼ਤ ਧਾਰਮਿਕ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ ਦੌਰਾਨ ਬੱਚਿਆਂ ਨੂੰ ਲਾਲ ਰੰਗ ਦਾ ਵਿਸ਼ੇਸ਼ ਬਾਣਾ ਪਹਿਨਾਇਆ ਜਾਂਦਾ ਹੈ, ਪੈਰਾਂ ਵਿੱਚ ਘੁੰਗਰੂ, ਸਿਰ ’ਤੇ ਟੋਪੀ ਅਤੇ ਹੱਥ ਵਿੱਚ ਛੜੀ ਦਿੱਤੀ ਜਾਂਦੀ ਹੈ।
ਇਨ੍ਹਾਂ ਦਸ ਦਿਨਾਂ ਦੌਰਾਨ ਬੱਚੇ ਜ਼ਮੀਨ ’ਤੇ ਸੌਂਦੇ ਹਨ, ਨੰਗੇ ਪੈਰੀਂ ਰਹਿੰਦੇ ਹਨ ਅਤੇ ਦਿਨ ਵਿੱਚ ਦੋ ਵਾਰ ਮੰਦਰ ਆ ਕੇ ਮੱਥਾ ਟੇਕਦੇ ਹਨ। ਇਸ ਤੋਂ ਇਲਾਵਾ ਚਾਕੂ ਨਾਲ ਕੱਟੇ ਭੋਜਨ, ਲਸਣ, ਪਿਆਜ਼ ਅਤੇ ਤਾਮਸਿਕ ਵਸਤਾਂ ਦਾ ਤਿਆਗ ਵੀ ਕੀਤਾ ਜਾਂਦਾ ਹੈ। ਵਰੁਣ ਰਾਣਾ ਨੇ ਕਿਹਾ ਕਿ ਪ੍ਰਭੂ ਦੀ ਭਗਤੀ ਵਿੱਚ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਪਰ ਹਨੂੰਮਾਨ ਜੀ ਦੀ ਕਿਰਪਾ ਨਾਲ ਸ਼ਰਧਾਲੂ ਇਹ ਸਾਧਨਾ ਪੂਰੀ ਕਰਦੇ ਹਨ।
ਵੱਡਾ ਹਨੂੰਮਾਨ ਮੰਦਰ ਕਮੇਟੀ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ ਨੇ ਨਰਾਤਿਆਂ, ਵਾਲਮੀਕਿ ਜਯੰਤੀ ਅਤੇ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਮੰਦਰ ਆਪਣੀ ਵਿਲੱਖਣ ਧਾਰਮਿਕ ਮਾਨਤਾ ਅਤੇ ਪਰੰਪਰਾ ਕਰਕੇ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਉਨ੍ਹਾਂ ਦੱਸਿਆ ਕਿ ਇੱਥੇ ਹਨੂੰਮਾਨ ਜੀ ਦੀ ਬੈਠੀ ਹੋਈ ਸਵੈੰਭੂ ਮੂਰਤੀ ਸੁਸ਼ੋਭਿਤ ਹੈ।
ਉਨ੍ਹਾਂ ਅਨੁਸਾਰ, ਕਈ ਅਜਿਹੇ ਪਰਿਵਾਰ ਵੀ ਇੱਥੇ ਮੱਥਾ ਟੇਕਣ ਪਹੁੰਚਦੇ ਹਨ, ਜਿਨ੍ਹਾਂ ਨੂੰ 20 ਤੋਂ 25 ਸਾਲਾਂ ਤੱਕ ਸੰਤਾਨ ਦਾ ਸੁਖ ਪ੍ਰਾਪਤ ਨਹੀਂ ਹੋਇਆ ਸੀ। ਪਰਿਵਾਰਾਂ ਦੀ ਮਾਨਤਾ ਹੈ ਕਿ ਬਾਬਾ ਜੀ ਦੇ ਦਰ ’ਤੇ ਅਰਦਾਸ ਕਰਨ ਤੋਂ ਬਾਅਦ ਉਨ੍ਹਾਂ ਦੇ ਘਰਾਂ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਇਸ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ। ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕ ਵੀ ਇਸ ਮੇਲੇ ਵਿੱਚ ਸ਼ਰਧਾ ਨਾਲ ਸ਼ਾਮਲ ਹੁੰਦੇ ਹਨ।
ਸ਼ਰਧਾਲੂ ਅਨਿਲ ਸ਼ਰਮਾ ਨੇ ਕਿਹਾ ਕਿ ਲੰਗੂਰ ਮੇਲਾ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਜਿਹੜੇ ਮਾਪੇ ਪੁੱਤਰ ਜਾਂ ਧੀ ਦੀ ਮਨੋਕਾਮਨਾ ਪੂਰੀ ਹੋਣ ’ਤੇ ਮੰਨਤ ਮੰਗਦੇ ਹਨ, ਉਹ ਆਪਣੀ ਮੰਨਤ ਪੂਰੀ ਹੋਣ ਤੋਂ ਬਾਅਦ ਬੱਚਿਆਂ ਨੂੰ ਲੰਗੂਰ ਬਣਾ ਕੇ ਇੱਥੇ ਦਰਸ਼ਨਾਂ ਲਈ ਲਿਆਉਂਦੇ ਹਨ।
ਮੇਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਪ੍ਰਬੰਧਕਾਂ ਵੱਲੋਂ ਸੁਰੱਖਿਆ, ਰੌਸ਼ਨੀ, ਪੀਣ ਵਾਲੇ ਪਾਣੀ ਅਤੇ ਕਤਾਰਾਂ ਦੇ ਸੁਚਾਰੂ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਅਗਲੇ ਦਸ ਦਿਨਾਂ ਤੱਕ ਦੁਰਗਿਆਣਾ ਤੀਰਥ ਦਾ ਸਮੁੱਚਾ ਮਾਹੌਲ ਭਗਤੀਮਈ ਰਹੇਗਾ ਅਤੇ ਮੰਦਰ ਕੰਪਲੈਕਸ ‘ਜੈ ਸ੍ਰੀ ਰਾਮ’ ਅਤੇ ‘ਜੈ ਬਜਰੰਗਬਲੀ’ ਦੇ ਜੈਕਾਰਿਆਂ ਨਾਲ ਗੂੰਜਦਾ ਰਹੇਗਾ।
- Download Babushahi App
-
-