ਕੁੱਤੇ ਵੱਲੋਂ ਵੱਢੇ ਜਾਣ ਮੌਕੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਣੂ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 28 ਸਤੰਬਰ 2026 :ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਬਠਿੰਡਾ ਦੀ ਓ.ਪੀ.ਡੀ. ਵਿਖੇ ਵਿਸ਼ਵ ਹਲਕਾਅ ਦਿਵਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਹਲਕਾਅ ਦੀ ਬਿਮਾਰੀ, ਇਸ ਤੋਂ ਬਚਾਅ ਅਤੇ ਕੁੱਤੇ ਜਾਂ ਹੋਰ ਜਾਨਵਰ ਦੇ ਕੱਟਣ ਉਪਰੰਤ ਤੁਰੰਤ ਕੀਤੇ ਜਾਣ ਵਾਲੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਹਲਕਾਅ ਇੱਕ ਗੰਭੀਰ ਪਰ ਰੋਕਥਾਮ ਬਿਮਾਰੀ ਹੈ। ਕੁੱਤੇ ਜਾਂ ਕਿਸੇ ਹੋਰ ਸ਼ੱਕੀ ਜਾਨਵਰ ਦੇ ਕੱਟਣ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ। ਜਾਨਵਰ ਦੇ ਕੱਟਣ ਤੋਂ ਤੁਰੰਤ ਬਾਅਦ ਜ਼ਖ਼ਮ ਨੂੰ ਸਾਬਣ ਅਤੇ ਵਗਦੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਤੱਕ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਬਿਨਾਂ ਦੇਰੀ ਦੇ ਸਰਕਾਰੀ ਸਿਹਤ ਸੰਸਥਾ ਵਿਖੇ ਪਹੁੰਚ ਕੇ ਡਾਕਟਰੀ ਸਲਾਹ ਅਨੁਸਾਰ ਐਂਟੀ-ਰੇਬੀਜ਼ ਵੈਕਸੀਨ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਨਾਲ ਹਲਕਾਅ ਤੋਂ ਬਚਾਅ ਸੰਭਵ ਹੈ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਕਿਹਾ ਜਾਨਵਰ ਸਾਡੇ ਦੋਸਤ ਹੋ ਸਕਦੇ ਹਨ ਪਰ ਕਈ ਵਾਰ ਜਦੋਂ ਅਸੀਂ ਇਨ੍ਹਾਂ ਨੂੰ ਗੁੱਸਾ ਕਰਦੇ ਹਾਂ ਤਾਂ ਇਹ ਸਾਨੂੰ ਕੱਟ ਲੈਂਦੇ ਹਨ। ਉਹਨਾਂ ਦੱਸਿਆ ਕਿ ਭਾਰਤ ਵਿੱਚ ਹਰੇਕ ਸਾਲ ਰੇਬੀਜ਼ ਨਾਲ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਬਿਮਾਰੀ ਕੁੱਤਾ, ਖਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ। ਉਹਨਾਂ ਕਿਹਾ ਕਿ ਜਾਨਵਰਾਂ ਦੇ ਵੱਢੇ, ਚੱਟੇ, ਝਰੀਟਾਂ, ਜਖ਼ਮਾਂ ਨੂੰ ਨਜ਼ਰਅੰਦਾਜ਼ ਨਾ ਕਰੋ । ਜਖ਼ਮ ਤੇ ਮਿਰਚ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ ਬਲਕਿ ਜਲਦੀ ਤੋਂ ਜਲਦੀ ਮਾਹਿਰ ਡਾਕਟਰ ਨਾਲ ਸੰਪਰਕ ਕਰੋ
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਣਦੀਪ ਕੌਰ ਨੇ ਦੱਸਿਆ ਕਿ ਹਲਕਾਅ ਦਾ ਵਾਇਰਸ ਮੁੱਖ ਤੌਰ ’ਤੇ ਸੰਕਰਮਿਤ ਜਾਨਵਰ ਦੀ ਲਾਰ ਰਾਹੀਂ, ਖਾਸ ਕਰਕੇ ਕੱਟਣ ਨਾਲ, ਮਨੁੱਖੀ ਸਰੀਰ ਵਿੱਚ ਦਾਖਲ ਹੋ ਸਕਦਾ ਹੈ। ਸਰਕਾਰੀ ਹਸਪਤਾਲਾਂ, ਸੀ.ਐਚ.ਸੀਜ਼ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਆਮ ਤੌਰ ਤੇ ਜਾਨਵਰ ਆਪਣੇ ਬਚਾਅ ਵਿੱਚ ਅਤੇ ਉਤੇਜਿਤ ਹੋ ਕੇ ਹੀ ਵੱਢਦੇ ਹਨ। ਇਸ ਲਈ ਜਾਨਵਰਾਂ ਨੂੰ ਪਰੇਸ਼ਾਨ ਨਾ ਕਰੋ ਅਤੇ ਨਾ ਹੀ ਡਰਾਓ। ਕੁੱਤਿਆਂ ਨੂੰ ਖੇਡਦੇ ਸਮੇਂ, ਨੀਂਦ ਵੇਲੇ ਜਾਂ ਬਿਮਾਰੀ ਦੌਰਾਨ ਤੰਗ ਨਾ ਕਰੋ। ਜਦੋਂ ਜਾਨਵਰ ਗੁੱਸੇ ਵਿੱਚ ਹੋਵੇ ਤਾਂ ਉਸ ਤੋਂ ਦੂਰ ਰਹੋ। ਉਹਨਾਂ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਰਸਤੇ ਵਿੱਚ ਤੁਹਾਨੂੰ ਕੁੱਤਾ ਕੱਟ ਜਾਂਦਾ ਹੈ ਤਾਂ ਆਪਣੇ ਅਧਿਆਪਕ ਜਾਂ ਮਾਤਾ ਪਿਤਾ ਨੂੰ ਇਸ ਦੀ ਜਾਣਕਾਰੀ ਦਿਓ। ਉਹ ਪਰਿਵਾਰ ਜਿਨ੍ਹਾਂ ਨੇ ਕੁੱਤੇ ਜਾਂ ਕੋਈ ਹੋਰ ਜਾਨਵਰ ਘਰ ਵਿੱਚ ਰੱਖੇ ਹਨ, ਉਹਨਾਂ ਦੇ ਹਰੇਕ ਸਾਲ ਟੀਕਾਕਰਣ ਕਰਵਾਇਆ ਜਾਵੇ ਤਾਂ ਜ਼ੋ ਹਲਕਾਅ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ । ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਕੇਵਲ ਸਿੰਘ, ਲਖਵਿੰਦਰ ਸਿੰਘ ,ਗਗਨਦੀਪ ਸਿੰਘ ਭੁੱਲਰ ਅਤੇ ਸਿਹਤ ਕਰਮਚਾਰੀ ਹਾਜ਼ਰ ਸਨ ।
- Download Babushahi App
-
-