ਭਾਜਪਾ ਦੇ ਮੰਚ ਤੋਂ ਰਵਨੀਤ ਬਿੱਟੂ ਦੇ ਵਿਗੜੇ ਬੋਲ: ਮੀਡੀਆ ਨੂੰ ਕਿਹਾ 'ਵਿਕਾਊ', ਪੱਤਰਕਾਰਾਂ ਵੱਲੋਂ ਤਿੱਖਾ ਵਿਰੋਧ ਅਤੇ ਬਾਈਕਾਟ
ਜਗਰਾਉਂ ਵਿਖੇ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਵੱਡਾ ਹੰਗਾਮਾ, ਮੀਡੀਆ ਕਰਮੀਆਂ ਵੱਲੋਂ ਬਿੱਟੂ ਖ਼ਿਲਾਫ਼ ਨਾਅਰੇਬਾਜ਼ੀ, ਤਿੱਖੇ ਵਿਰੋਧ ਮਗਰੋਂ ਮੰਗਣੀ ਪਈ ਮੁਆਫ਼ੀ
(ਦੀਪਕ ਜੈਨ)
ਜਗਰਾਉਂ 27 ਸਤੰਬਰ 2026
ਭਾਜਪਾ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਜਗਰਾਉਂ ਪੜਾਅ ਦੌਰਾਨ ਉਸ ਵੇਲੇ ਵੱਡਾ ਡਰਾਮਾ ਅਤੇ ਹੰਗਾਮਾ ਦੇਖਣ ਨੂੰ ਮਿਲਿਆ, ਜਦੋਂ ਸਾਬਕਾ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਮੀਡੀਆ ਦੇ ਸਾਹਮਣੇ ਹੀ ਆਪਣੀ ਸ਼ਬਦਾਂ ਦੀ ਮਰਿਆਦਾ ਭੁੱਲ ਬੈਠੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸ਼ਰਮਾ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਨੇੜੇ ਯੁਗਲ ਕਿਸ਼ੋਰ ਧਰਮਸ਼ਾਲਾ ਵਿਖੇ ਰੱਖੇ ਗਏ ਇਸ ਸਮਾਗਮ ਵਿੱਚ ਬਿੱਟੂ ਵੱਲੋਂ ਪ੍ਰੈੱਸ ਨੂੰ 'ਵਿਕਾਊ' ਅਤੇ 'ਸਰਕਾਰ ਦਾ ਖਰੀਦਿਆ ਹੋਇਆ' ਕਹਿਣ 'ਤੇ ਸਥਾਨਕ ਪੱਤਰਕਾਰਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ।
ਮੀਡੀਆ 'ਤੇ ਸਿੱਧਾ ਅਤੇ ਇਤਰਾਜ਼ਯੋਗ ਹਮਲਾ
ਸਮਾਗਮ ਦੀ ਕਵਰੇਜ ਲਈ ਭਾਜਪਾ ਵੱਲੋਂ ਹੀ ਸਥਾਨਕ ਮੀਡੀਆ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜ ਕੇ ਬੁਲਾਇਆ ਗਿਆ ਸੀ। ਪਰ ਮੰਚ ਤੋਂ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਅਚਾਨਕ ਪੱਤਰਕਾਰਾਂ 'ਤੇ ਭੜਕ ਉੱਠੇ। ਉਨ੍ਹਾਂ ਮੀਡੀਆ ਨੂੰ ਸਿੱਧੇ ਨਿਸ਼ਾਨੇ 'ਤੇ ਲੈਂਦਿਆਂ ਤਿੱਖੀ ਟਿੱਪਣੀ ਕੀਤੀ, "ਤੁਸੀਂ ਕਿਹੜਾ ਸਾਡਾ ਕਵਰੇਜ ਕੀਤਾ ਗਿਆ ਪ੍ਰਸਾਰਨ ਆਪਣੇ ਚੈਨਲਾਂ 'ਤੇ ਦਿਖਾਉਣਾ ਹੈ, ਤੁਸੀਂ ਤਾਂ ਆਪ ਸਰਕਾਰ ਦੇ ਖਰੀਦੇ ਹੋਏ ਵਿਕਾਊ ਮੀਡੀਆ ਨਾਲ ਸੰਬੰਧ ਰੱਖਦੇ ਹੋ।" ਬਿੱਟੂ ਵੱਲੋਂ ਸ਼ਰੇਆਮ ਲਗਾਏ ਗਏ ਇਨ੍ਹਾਂ ਦੋਸ਼ਾਂ ਨੇ ਸਮਾਗਮ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਦਿੱਤਾ।
ਪੱਤਰਕਾਰਾਂ ਦਾ ਪਲਟਵਾਰ ਅਤੇ ਸਮਾਗਮ ਦਾ ਬਾਈਕਾਟ
ਬਿੱਟੂ ਦੇ ਇਨ੍ਹਾਂ ਬੋਲਾਂ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਸਾਰੇ ਮੀਡੀਆ ਕਰਮੀਆਂ ਨੇ ਇਕਜੁੱਟ ਹੋ ਕੇ ਸਖ਼ਤ ਇਤਰਾਜ਼ ਜਤਾਇਆ। ਪੱਤਰਕਾਰਾਂ ਨੇ ਬਿੱਟੂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਪੰਡਾਲ ਵਿੱਚ ਕੋਈ 'ਵਿਕਾਊ' ਪੱਤਰਕਾਰ ਹੈ ਤਾਂ ਉਸਦਾ ਨਾਂ ਲੈ ਕੇ ਸਪੱਸ਼ਟ ਗੱਲ ਕੀਤੀ ਜਾਵੇ, ਸਾਰੇ ਮੀਡੀਆ ਕਰਮੀਆਂ ਨੂੰ ਇੱਕੋ ਰੱਸੀ ਵਿੱਚ ਨਾ ਲਪੇਟਿਆ ਜਾਵੇ। ਜਦੋਂ ਰਵਨੀਤ ਬਿੱਟੂ ਨੇ ਗੋਲਮੋਲ ਜਵਾਬ ਦੇ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਸਮਾਗਮ ਵਿੱਚ ਕੁਝ ਅਜਿਹੇ ਲੋਕ ਆ ਗਏ ਹਨ ਜਿਨ੍ਹਾਂ ਲਈ ਇਹ ਸ਼ਬਦ ਵਰਤੇ ਗਏ ਹਨ, ਤਾਂ ਅਸੰਤੁਸ਼ਟ ਅਤੇ ਰੋਹ ਵਿੱਚ ਆਏ ਪੱਤਰਕਾਰਾਂ ਨੇ ਸਮਾਗਮ ਦਾ ਬਾਈਕਾਟ ਕਰ ਦਿੱਤਾ ਅਤੇ ਪੰਡਾਲ ਤੋਂ ਬਾਹਰ ਆ ਗਏ।
ਮੁਰਦਾਬਾਦ ਦੇ ਨਾਅਰੇ ਅਤੇ ਬਿੱਟੂ ਦਾ ਸਪੱਸ਼ਟੀਕਰਨ
ਪੱਤਰਕਾਰਾਂ ਦੇ ਬਾਹਰ ਆਉਂਦਿਆਂ ਹੀ ਰਵਨੀਤ ਬਿੱਟੂ ਵੀ ਉਨ੍ਹਾਂ ਦੇ ਮਗਰ ਹੀ ਬਾਹਰ ਆ ਗਏ। ਬਾਹਰ ਨਿਕਲਦੇ ਸਾਰ ਹੀ ਸਥਾਨਕ ਮੀਡੀਆ ਕਰਮੀਆਂ ਨੇ ਰੋਸ ਵਜੋਂ 'ਰਵਨੀਤ ਬਿੱਟੂ ਮੁਰਦਾਬਾਦ' ਦੀ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਤ ਵਿਗੜਦੇ ਦੇਖ ਅਤੇ ਮੀਡੀਆ ਦੇ ਤਿੱਖੇ ਰੋਹ ਅੱਗੇ ਝੁਕਦਿਆਂ ਬਿੱਟੂ ਨੇ ਪੱਤਰਕਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨਰਮ ਪੈਂਦਿਆਂ ਕਿਹਾ, "ਜੇ ਤੁਹਾਡੇ ਵਿੱਚ ਗੁੱਸਾ ਹੈ ਤਾਂ ਤੁਸੀਂ ਮੇਰੇ ਮੁਰਦਾਬਾਦ ਦੀ ਨਾਅਰੇਬਾਜੀ ਕਰ ਲਓ, ਪਰ ਮੇਰੀ ਗੱਲ ਸੁਣ ਲਓ। ਮੇਰਾ ਮਕਸਦ ਜਗਰਾਉਂ ਦੇ ਲੋਕਲ ਮੀਡੀਆ ਨੂੰ ਠੇਸ ਪਹੁੰਚਾਉਣਾ ਨਹੀਂ ਸੀ।" ਬਿੱਟੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਭੜਾਸ ਉਨ੍ਹਾਂ ਵੱਡੇ ਅਦਾਰਿਆਂ ਪ੍ਰਤੀ ਸੀ ਜੋ ਭਾਜਪਾ ਦੀ ਆਵਾਜ਼ ਪੰਜਾਬ ਦੀ ਜਨਤਾ ਤੱਕ ਨਹੀਂ ਪਹੁੰਚਾ ਰਹੇ। ਅੰਤ ਵਿੱਚ ਰਵਨੀਤ ਬਿੱਟੂ ਵੱਲੋਂ ਮੌਕੇ 'ਤੇ ਮੌਜੂਦ ਸਾਰੇ ਪੱਤਰਕਾਰਾਂ ਤੋਂ ਆਪਣੀ ਗਲਤੀ ਦੀ ਮੁਆਫ਼ੀ ਮੰਗੀ ਗਈ, ਜਿਸ ਤੋਂ ਬਾਅਦ ਪੱਤਰਕਾਰਾਂ ਦਾ ਗੁੱਸਾ ਸ਼ਾਂਤ ਹੋਇਆ ਅਤੇ ਉਨ੍ਹਾਂ ਨੇ ਬਿੱਟੂ ਦਾ ਪੱਖ ਸੁਣਿਆ।
- Download Babushahi App
-
-