Political Special : ਕਿੱਥੇ ਹੈ ਬੀਬੀ ਹਰਗੋਬਿੰਦ ਕੌਰ? ਕੋਠਾ ਉਸਰਿਆ ਤਰਖਾਣ ਵਿਸਰਿਆ ਬਣੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ?
ਇਸਤਰੀ ਵਿੰਗ ਦੀਆਂ ਰੈਲੀਆਂ ’ਚ ਗੈਰਹਾਜ਼ਰੀ ਤੋਂ ਚਰਚੇ ਛਿੜੇ
ਅਸ਼ੋਕ ਵਰਮਾ
ਬਠਿੰਡਾ , 27 ਸਤੰਬਰ 2026 : ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਪੰਜਾਬ ’ਚ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਦੀ ਗੈਰਹਾਜ਼ਰੀ ਤੋਂ ਨਵੇਂ ਸਿਆਸੀ ਚਰਚੇ ਛਿੜ ਗਏ ਹਨ। ਹਰਗੋਬਿੰਦ ਨੂੰ ਆਖਰੀ ਵਾਰ ਸੰਸਦ ਮੈਂਬਰ ਹਰਸਿਮਰਤ ਬਾਦਲ ਦੇ ਚੰਡੀਗੜ੍ਹ ਰੋਸ ਮੁਜ਼ਾਹਰੇ ’ਚ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਕਿਸੇ ਰੈਲੀ ’ਚ ਸ਼ਮੂਲੀਅਤ ਨਹੀਂ ਕੀਤੀ ਹੈ। ਹੁਣ ਜਦੋਂ ਅਕਾਲੀ ਦਲ ਪੰਜਾਬ ’ਚ ਪੈਰ ਜਮਾਉਣ ਲਈ ਜੂਝ ਰਿਹਾ ਹੈ ਤਾਂ ਪਾਰਟੀ ਦੇ ਇੱਕ ਮਹੱਤਵਪੂਰਨ ਵਿੰਗ ਦੀ ਪ੍ਰਧਾਨ ਦਾ ਪਾਰਟੀ ਪ੍ਰੋਗਰਾਮਾਂ ਚੋਂ ਗੈਰਹਾਜ਼ਰ ਰਹਿਣਾ ਸਹਿਜ ਨਹੀਂ ਹੈ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਇਸਤਰੀ ਵਿੰਗ ਦੀ ਕਮਾਂਡ ਹਰਸਿਮਰਤ ਦੇ ਹੱਥ ਹੋਣ ਤੋਂ ਤਾਂ ਇਹੋ ਜਾਪਦਾ ਹੈ ਕਿ ਹਰਗੋਬਿੰਦ ਨਾਲ ‘ ਕੋਠਾ ਉੱਸਰਿਆ ਤਰਖਾਣ ਵਿਸਰਿਆ’ ਵਾਲੀ ਹੋਈ ਹੈ ਨਹੀਂ ਤਾਂ ਬਿਨਾਂ ਗੱਲੋਂ ਕੌਣ ਚੁੱਪ ਬੈਠਦਾ ਹੈ।
ਇਹ ਅਲਹਿਦਾ ਹੈ ਕਿ ਚਰਚਾ ਅਨੁਸਾਰ ਇੱਕ ਪ੍ਰਧਾਨ ਨੂੰ ਅਣਗੌਲਿਆ ਕਰਨਾ ਸ਼੍ਰੋਮਣੀ ਅਕਾਲੀ ਦਲ ਲਈ ਸਿਆਸੀ ਤੌਰ ’ਤੇ ਮਹਿੰਗਾ ਸੌਦਾ ਸਾਬਤ ਹੋ ਸਕਦਾ ਹੈ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਨ ਮਗਰੋਂ ਹਰਗੋਬਿੰਦ ਕੌਰ ਦੀ ਪਹਿਲੀ ਵੱਡੀ ਪ੍ਰੀਖਿਆ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜਬੂਤ ਕਰਨਾ ਸੀ ਜਦੋਂਕਿ ਦੂਸਰੇ ਦੋ ਵੱਡੇ ਸਿਆਸੀ ਇਮਤਿਹਾਨ 2024 ਦੀ ਮੁਕਤਸਰ ਦੀ ਮਾਘੀ ਰੈਲੀ ਅਤੇ ਲੋਕ ਸਭਾ ਚੋਣਾਂ ਸਨ। ਹਰਗੋਬਿੰਦ ਨੇ ਇੰਨ੍ਹਾਂ ਪ੍ਰੋਗਰਾਮਾਂ ਨੂੰ ਆਪਣੇ ਲਈ ਚੁਣੌਤੀਆਂ ਮੰਨਦਿਆਂ ਮਾਘੀ ਮੇਲੇ ਅਤੇ ਬਠਿੰਡਾ ਵਿੱਚ ਔਰਤਾਂ ਦੀਆਂ ਵੱਡੀਆਂ ਕਾਨਫਰੰਸਾਂ ਕਰਕੇ ਦਿਖਾ ਦਿੱਤਾ ਕਿ ਇਸ ਮਾਮਲੇ ਵਿੱਚ ਉਹ ਕਿਸੇ ਤੋਂ ਘੱਟ ਨਹੀਂ ਹੈ। ਸੰਸਦੀ ਚੋਣਾਂ ਦੌਰਾਨ ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਬਠਿੰਡਾ ਹਲਕੇ ਤੋਂ ਚੌਥੀ ਵਾਰ ਉਮੀਦਵਾਰ ਸੀ ਜਦੋਂਕਿ ਮੁਕਾਬਲੇ ’ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਸਨ ਜਿੰਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਾਲ ਹਰਾਇਆ ਸੀ।

ਜੱਗ ਜਾਹਿਰ ਹੈ ਕਿ 2015 ’ਚ ਵਾਪਰੇ ਬੇਅਦਬੀ ਤੇ ਗੋਲੀਬਾਰੀ ਮਾਮਲਿਆਂ ਅਤੇ 2022 ’ਚ ਹਾਰ ਦੀਆਂ ਨਿਵਾਣਾਂ ਛੋਹਣ ਕਾਰਨ 2024 ਵਿੱਚ ਅਕਾਲੀ ਦਲ ਸਿਆਸੀ ਤੌਰ ’ਤੇ ਵੈਂਟੀਲੇਟਰ ’ਤੇ ਸੀ। ਇਸ ਮੌਕੇ ਪਾਰਟੀ ਵੱਲੋਂ ਹਰਸਿਮਰਤ ਦੇ ਚੋਣ ਪ੍ਰਚਾਰ ਦੀ ਦਿੱਤੀ ਗਈ ਜਿੰਮੇਵਾਰੀ ਹਰਗੋਬਿੰਦ ਕੌਰ ਨੇ ਚੁਣੌਤੀ ਵਜੋਂ ਲਿਆ ਅਤੇ ਦਿਨ ਰਾਤ ਇੱਕ ਕਰ ਦਿੱਤਾ। ਚੋਣ ਨਤੀਜਿਆਂ ਦੌਰਾਨ ਇਕਲੌਤੀ ਹਰਸਿਮਰਤ ਕੌਰ ਬਾਦਲ 2019 ’ਚ 21 ਹਜ਼ਾਰ ਦੀ ਲੀਡ ਦੇ ਮੁਕਾਬਲੇ 50 ਹਜ਼ਾਰ ਦੇ ਵੱਡੇ ਫਰਕ ਨਾਲ ਚੋਣ ਜਿੱਤੀ ਜਦੋਂਕਿ ਬਾਕੀ 12 ਉਮੀਦਵਾਰ ਹਾਰ ਗਏ ਅਤੇ ਬਹੁਤਿਆਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਸਨ। ਹਾਲਾਂਕਿ ਸਿਆਸੀ ਤੇ ਸਮਾਜਿਕ ਹਲਕਿਆਂ ’ਚ ਹਰਸਿਮਰਤ ਦੀ ਜਿੱਤ ਸਬੰਧੀ ਹੋਰ ਵੀ ਕਈ ਕਾਰਨਾਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਪਰ ਜਿੱਤਣ ’ਚ ਹਰਗੋਬਿੰਦ ਦਾ ਵੀ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ ਜਿਸ ਦੀ ਮਿਸਾਲ ਅਕਸਰ ਸੁਖਬੀਰ ਬਾਦਲ ਵੀ ਦਿੰਦੇ ਸਨ।
ਇਹ ਵੱਖਰੀ ਗੱਲ ਹੈ ਕਿ ਹਰਗੋਬਿੰਦ ਨੂੰ ਹਰਸਿਮਰਤ ਦੀ ਜਿੱਤ ਦਾ ਖਮਿਆਜਾ ਆਪਣੀ ਨੌਕਰੀ ਤੋਂ ਹੱਥ ਧੋਣ ਦੇ ਰੂਪ ’ਚ ਭੁਗਤਣਾ ਪਿਆ । ਆਪਣੀ ਨੌਕਰੀ ਬਹਾਲ ਕਰਵਾਉਣ ਲਈ ਹਰਗੋਬਿੰਦ ਨੂੰ ਸੜਕਾਂ ’ਤੇ ਲੜਾਈ ਲੜਨੀ ਪਈ ਅਤੇ ਕਾਨੂੰਨੀ ਦਾਅ ਪੇਚਾਂ ਦਾ ਵੀ ਸਹਾਰਾ ਲੈਣਾ ਪਿਆ ਤਾਂ ਜਾਕੇ ਕਿਤੇ ਹਾਈ ਕੋਰਟ ਨੇ ਉਸ ਨੂੰ ਬਰਖਾਸਤ ਕਰਨ ਦੇ ਹੁਕਮ ਰੱਦ ਕੀਤੇ ਹਨ। ਦਰਅਸਲ ਹਰਗੋਬਿੰਦ ਕੌਰ ਮੂਲ ਰੂਪ ’ਚ ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਸੀ ਅਤੇ ਹੈ। ਉਸ ਦਾ ਆਂਗਣਵਾੜੀ ਮੁਲਾਜਮਾਂ ਖਾਤਰ ਕਈ ਸਰਕਾਰਾਂ ਨਾਲ ਲੰਮੀ ਲੜਾਈ ਲੜਣ ਦਾ ਇਤਿਹਾਸ ਹੈ। ਮਹੱਤਵਪੂਰਨ ਇਹ ਵੀ ਹੈ ਕਿ ਇੰਨ੍ਹਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਸ਼ਾਮਲ ਹੈ ਜਿਸ ਦੇ ਇਸਤਰੀ ਵਿੰਗ ਦੀ ਉਹ ਹੁਣ ਪ੍ਰਧਾਨ ਹੈ। ਉਸ ਨੂੰ ਅਨੇਕਾਂ ਵਾਰ ਪੁਲਿਸ ਦੇ ਧੱਫਿਆਂ ਅਤੇ ਡਾਂਗਾਂ ਦਾ ਸਾਹਮਣਾ ਕਰਨਾ ਪਿਆ ਤੇ ਜੇਲ੍ਹਾਂ ਵੀ ਕੱਟਣੀਆਂ ਪਈਆਂ।

ਭਾਵੇਂ ਲੋਕ ਹਰਗੋਬਿੰਦ ਕੌਰ ਦਾ ਅਕਾਲੀ ਦਲ ਪ੍ਰਤੀ ਸਾਫਟ ਕਾਰਨਰ ਮੰਨਦੇ ਸਨ ਪਰ ਉਨ੍ਹਾਂ ਹਮੇਸ਼ਾ ਆਂਗਣਵਾੜੀ ਮੁਲਾਜਮਾਂ ਪ੍ਰਤੀ ਵਚਨਬੱਧਤਾ ’ਤੇ ਪਹਿਰਾ ਦਿੱਤਾ ਜੋ ਉਸ ਦੇ ਅੱਧੇ ਬੋਲ ’ਤੇ ਹਕੂਮਤਾਂ ਨਾਲ ਭਿੜਨ ਲਈ ਹਰ ਵਕਤ ਤਿਆਰ ਰਹਿੰਦੀਆਂ ਹਨ। ਇੰਨ੍ਹਾਂ ਖੂਬੀਆਂ ਨੂੰ ਦੇਖਦਿਆਂ ਹੀ ਹਰਗੋਬਿੰਦ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਸੀ। ਇੱਕ ਅਕਾਲੀ ਆਗੂ ਦਾ ਕਹਿਣਾ ਸੀ ਕਿ ਪਿਛਲੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤੀ ਸਫਲਤਾ ਨਸੀਬ ਨਹੀਂ ਹੋਈ ਪਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਅਤੇ ਲਾਗਲੇ ਹਲਕਿਆਂ ਵਿੱਚ ਬਲਾਕ ਸੰਮਤੀਆਂ ਜਿੱਤਣ ਤੋਂ ਇਲਾਵਾ ਕਈ ਨਗਰ ਪੰਚਾਇਤਾਂ ਬਨਾਉਣ ਵਿੱਚ ਵੀ ਹਰਗੋਬਿੰਦ ਕੌਰ ਅਤੇ ਉਸ ਦੀ ਟੀਮ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਤਰਾਂ ਮੁਕਤਸਰ ਜਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਜਿੱਤਣ ਵਿੱਚ ਵੀ ਹਰਗੋਬਿੰਦ ਦੀ ਅਹਿਮ ਭੂਮਿਕਾ ਰਹੀ ਹੈ।
ਏਦਾਂ ਦੀ ਗੱਲ ਲਗਦੀ ਨਹੀਂ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਏਦਾਂ ਦੀ ਕੋਈ ਗੱਲ ਲੱਗਦੀ ਤਾਂ ਨਹੀਂ, ਹਰਗੋਬਿੰਦ ਕੌਰ ਆਪਣੇ ਕਿਸੇ ਜਾਤੀ ਕੰਮ ’ਚ ਮਸ਼ਰੂਫ ਹੋਣਗੇ। ਉਨ੍ਹਾਂ ਇਸ ਸਬੰਧ ਵਿੱਚ ਹਰਗੋਬਿੰਦ ਕੌਰ ਨਾਲ ਰਾਬਤਾ ਬਨਾਉਣ ਲਈ ਵੀ ਕਿਹਾ।
ਹਰਗੋਬਿੰਦ ਨੇ ਫੋਨ ਨਹੀਂ ਚੁੱਕਿਆ
ਪਾਰਟੀ ਪ੍ਰੋਗਰਾਮਾਂ ਚੋਂ ਗੈਰਹਾਜ਼ਰ ਰਹਿਣ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਹੋਰਗੋਬਿੰਦ ਕੌਰ ਨੇ ਫੋਨ ਨਹੀਂ ਚੁੱਕਿਆ ਅਤੇ ਵਟਸਐਪ ਮੈਸਜ਼ ਦਾ ਜਵਾਬ ਵੀ ਨਹੀਂ ਦਿੱਤਾ।
- Download Babushahi App
-
-