Canada: ਸਰੀ ਵਿੱਚ ‘ਸਿੱਖ ਵਾਰੀਅਰ 2026’ ਰਾਹੀਂ ਸਿੱਖਾਂ ਦੀ ਪੁਰਾਤਨ ਯੁੱਧ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ
ਅਮਰੀਕਾ ਤੇ ਕੈਨੇਡਾ ਤੋਂ ਪੁੱਜੇ ਵਿਦਿਆਰਥੀਆਂ ਦੇ ਘੋੜਸਵਾਰੀ, ਤੀਰਅੰਦਾਜ਼ੀ, ਨੇਜ਼ੇਬਾਜ਼ੀ ਤੇ ਪੁਰਾਤਨ ਸ਼ਸਤਰ-ਵਿਦਿਆ ਮੁਕਾਬਲਿਆਂ ਨੇ ਬੰਨ੍ਹਿਆ ਸਮਾਂ
ਹਰਦਮ ਮਾਨ ਸਰੀ, 25 ਅਗਸਤ 2026: ਸਿੱਖ ਵਿਰਾਸਤ, ਪੁਰਾਤਨ ਯੁੱਧ ਕਲਾ ਅਤੇ ਖ਼ਾਲਸਾਈ ਰਵਾਇਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਅਕਾਲ ਖ਼ਾਲਸਾ ਮਾਰਸ਼ਲ ਆਰਟ ਵੱਲੋਂ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਦੋ ਰੋਜ਼ਾ ‘ਸਿੱਖ ਵਾਰੀਅਰ 2026’ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਅਤੇ ਅਮਰੀਕਾ ਤੋਂ ਪੁੱਜੇ 100 ਦੇ ਕਰੀਬ ਵਿਦਿਆਰਥੀਆਂ ਨੇ ਪੁਰਾਤਨ ਯੁੱਧ ਕਲਾ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਕਲਾ, ਹਿੰਮਤ ਅਤੇ ਜੌਹਰ ਦਿਖਾਏ।
ਮੁਕਾਬਲਿਆਂ ਦੀ ਕੋਆਰਡੀਨੇਟਰ ਮਿਲਨਜੀਤ ਕੌਰ ਖ਼ਾਲਸਾ ਨੇ ਦੱਸਿਆ ਕਿ ਇਸ ਸਮਾਗਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਦਿਆਂ ਪੁਰਾਤਨ ਸ਼ਸਤਰ-ਵਿਦਿਆ ਅਤੇ ਖ਼ਾਲਸਾਈ ਯੋਧਾ ਪਰੰਪਰਾ ਨਾਲ ਜਾਣੂ ਕਰਵਾਉਣਾ ਹੈ। ਸਮਾਗਮ ਦੌਰਾਨ ਖ਼ਾਲਸਾਈ ਬਾਣੇ ਵਿੱਚ ਸਜੇ ਬੱਚਿਆਂ ਅਤੇ ਨੌਜਵਾਨਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਰਾਹੀਂ ਸਿੱਖੀ ਦੇ ਰੰਗ ਨੂੰ ਹੋਰ ਗੂੜ੍ਹਾ ਕਰ ਦਿੱਤਾ।
ਮੈਦਾਨ ਵਿੱਚ ਘੋੜਿਆਂ ਦੀਆਂ ਕਾਠੀਆਂ ’ਤੇ ਸਵਾਰ ਨੰਨ੍ਹੇ ਯੋਧਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਨੇ ਤੀਰ ਅੰਦਾਜ਼ੀ, ਨੇਜ਼ੇਬਾਜ਼ੀ ਅਤੇ ਕਿੱਲੇ ਪੁੱਟਣ ਵਰਗੇ ਦਿਲਚਸਪ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਦੋ ਦਿਨ ਤੱਕ ਕਿਰਪਾਨ, ਤੀਰ-ਕਮਾਨ, ਖੰਡੇ, ਨੇਜ਼ੇ ਅਤੇ ਹੋਰ ਪੁਰਾਤਨ ਸ਼ਸਤਰਾਂ ਦੀ ਕਲਾ ਦਾ ਅਜਿਹਾ ਪ੍ਰਦਰਸ਼ਨ ਹੋਇਆ ਕਿ ਦਰਸ਼ਕਾਂ ਦੇ ਜੈਕਾਰਿਆਂ ਨਾਲ ਮਾਹੌਲ ਗੂੰਜਦਾ ਰਿਹਾ।
ਨੀਲੇ ਅਤੇ ਕੇਸਰੀ ਬਾਣਿਆਂ ਵਿੱਚ ਸਜੇ ਬੱਚਿਆਂ ਦੀਆਂ ਕਤਾਰਾਂ, ਘੋੜਿਆਂ ਦੀਆਂ ਟਾਪਾਂ, ਸ਼ਸਤਰਾਂ ਦੀ ਛਣਕਾਰ ਅਤੇ ਗੂੰਜਦੇ ਜੈਕਾਰਿਆਂ ਨੇ ਸਮਾਗਮ ਨੂੰ ਇਤਿਹਾਸਕ ਰੰਗਤ ਬਖ਼ਸ਼ੀ। ਦੋਵੇਂ ਦਿਨ ਮੁਕਾਬਲੇ ਬੇਹੱਦ ਰੌਚਕ ਅਤੇ ਫਸਵੇਂ ਰਹੇ, ਜਿਸ ਕਾਰਨ ਸੰਗਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਮੁਕਾਬਲਿਆਂ ਦਾ ਆਨੰਦ ਮਾਣਦੀ ਰਹੀ।
ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ‘ਰਣ ਦੇ ਸੂਰਮੇ’, ‘ਯੋਧੇ’, ‘ਤੱਤ ਖ਼ਾਲਸੇ’, ‘ਨਿਪੁੰਨ ਯੋਧੇ’, ‘ਸਿੱਖ ਵਾਰੀਅਰ’, ‘ਸਿੰਘ ਸੂਰਮੇ’ ਅਤੇ ‘ਕੌਰ ਵਾਰੀਅਰ’ ਸਮੇਤ ਵੱਖ-ਵੱਖ ਪੁਰਾਤਨ ਰਵਾਇਤੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਗੋਲਡਨ ਅਤੇ ਚਾਂਦੀ ਦੀਆਂ ਢਾਲਾਂ, ਕਿਰਪਾਨਾਂ, ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਅਤੇ ਹੁੱਡੀਆਂ ਵੀ ਇਨਾਮ ਵਜੋਂ ਦਿੱਤੀਆਂ ਗਈਆਂ।
ਸਮਾਗਮ ਦੇ ਮੁੱਖ ਪ੍ਰਬੰਧਕ ਭਾਈ ਜਗਜੀਤ ਸਿੰਘ ਨਿੱਜਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਹਿਯੋਗੀ ਸੰਸਥਾਵਾਂ ਅਤੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਕਿਹਾ ਕਿ ਜੇਤੂ ਵਿਦਿਆਰਥੀ ਹੀ ਨਹੀਂ, ਸਗੋਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਾ ਹਰ ਬੱਚਾ ਆਪਣੇ ਆਪ ਵਿੱਚ ‘ਖ਼ਾਲਸਾਈ ਯੋਧਾ’ ਹੈ।
ਇਸ ਮੌਕੇ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਗੁਰਦੀਪ ਸਿੰਘ ਸਮਰਾ, ਭਾਈ ਜਸਵੀਰ ਸਿੰਘ, ਅਮਨਦੀਪ ਸਿੰਘ ਗਰਚਾ, ਦਿਵਿਆਦੀਪ ਸਿੰਘ, ਨਵਕਿਰਨ ਸਿੰਘ, ਭਾਈ ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਵਿਨੀਪੈਗ, ਹਰਜਾਪ ਸਿੰਘ, ਗੁਰਸੇਵਕ ਸਿੰਘ, ਹਰਮਨ ਸਿੰਘ, ਭਾਈ ਜੋਬਨਦੀਪ ਸਿੰਘ, ਰੁਪਿੰਦਰ ਸਿੰਘ ਰੂਪੀ ਅਤੇ ਦਲਜੀਤ ਸਿੰਘ ਸਮੇਤ ਹੋਰ ਪ੍ਰਬੰਧਕਾਂ ਅਤੇ ਬੀਬੀਆਂ ਨੇ ਅਹਿਮ ਭੂਮਿਕਾ ਨਿਭਾਈ।
- Download Babushahi App
-
-