ਸਿਵਲ ਹਸਪਤਾਲ ਵਿਚਲੇ ਬਲੱਡ ਬੈਂਕ ਵਿਖੇ ਸਵੈ ਇੱਛੁੱਕ ਖੂਨਦਾਨੀਆਂ ਨੂੰ ਕੀਤਾ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 6 ਜੁਲਾਈ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਵਿਖੇ ਖੂਨਦਾਨ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਲਈ ਸਵੈ ਇੱਛੁੱਕ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਅਤੇ ਬਲੱਡ ਬੈਂਕ ਇੰਚਾਰਜ ਡਾ ਰੀਤਿਕਾ ਅਤੇ ਡਾ ਗੁੰਜਨ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਭੇਟ ਕਰਕੇ ਉਨ੍ਹਾਂ ਦੇ ਸਮਾਜ ਸੇਵਾ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਕਿਹਾ ਕਿ ਇੱਕ ਯੂਨਿਟ ਖੂਨ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਵਿਅਕਤੀ ਹਰ ਤਿੰਨ ਮਹੀਨਿਆਂ ਬਾਅਦ ਸੁਰੱਖਿਅਤ ਢੰਗ ਨਾਲ ਖੂਨਦਾਨ ਕਰ ਸਕਦਾ ਹੈ ਅਤੇ ਇਸ ਨਾਲ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਉਨ੍ਹਾਂ ਸਮਾਜ ਦੇ ਨੌਜਵਾਨਾਂ ਨੂੰ ਨਿਯਮਿਤ ਤੌਰ 'ਤੇ ਸਵੈ ਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਸਵੈ ਇੱਛਾ ਨਾਲ ਖੂਨਦਾਨ ਕਰਨ ਵਾਲੇ ਖੂਨਦਾਨੀ ਸਮਾਜ ਲਈ ਪ੍ਰੇਰਣਾ ਸਰੋਤ ਹਨ ਅਤੇ ਸਿਹਤ ਵਿਭਾਗ ਅਜਿਹੇ ਦਾਨੀਆਂ ਦਾ ਹਮੇਸ਼ਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਹਾਦਸਿਆਂ, ਵੱਡੀਆਂ ਸਰਜਰੀਆਂ, ਥੈਲੇਸੀਮੀਆ ਦੇ ਮਰੀਜ਼ਾਂ, ਜੱਚਾ-ਬੱਚਾ ਸੰਭਾਲ ਅਤੇ ਹੋਰ ਐਮਰਜੈਂਸੀ ਹਾਲਾਤਾਂ ਵਿੱਚ ਖੂਨ ਦੀ ਲੋੜ ਹਰ ਸਮੇਂ ਬਣੀ ਰਹਿੰਦੀ ਹੈ। ਇਸ ਲਈ ਯੋਗ ਅਤੇ ਤੰਦਰੁਸਤ ਨਾਗਰਿਕਾਂ ਨੂੰ ਨਿਯਮਿਤ ਤੌਰ 'ਤੇ ਸਵੈ ਇੱਛਾ ਨਾਲ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਲੋੜਵੰਦ ਮਰੀਜ਼ ਨੂੰ ਸਮੇਂ ਸਿਰ ਖੂਨ ਮਿਲ ਸਕੇ।
ਬਲੱਡ ਬੈਂਕ ਇੰਚਾਰਜ ਡਾ ਗੁੰਜਨ ਅਤੇ ਡਾ ਰੀਤਿਕਾ ਨੇ ਦੱਸਿਆ ਕਿ ਐਮਰਜੈਂਸੀ, ਥੈਲੇਸੀਮੀਆ, ਗਰਭਵਤੀ ਮਹਿਲਾਵਾਂ, ਦੁਰਘਟਨਾ ਪੀੜਤਾਂ ਅਤੇ ਹੋਰ ਗੰਭੀਰ ਮਰੀਜ਼ਾਂ ਲਈ ਖੂਨ ਦੀ ਲਗਾਤਾਰ ਲੋੜ ਰਹਿੰਦੀ ਹੈ। ਇਸ ਲਈ ਸਵੈ ਇੱਛੁੱਕ ਖੂਨਦਾਨੀਆਂ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਅਤੇ ਹਰ ਯੋਗ ਵਿਅਕਤੀ ਨੂੰ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸਮਾਗਮ ਦੌਰਾਨ ਸਨਮਾਨਿਤ ਖੂਨਦਾਨੀਆਂ ਨੇ ਹੋਰ ਲੋਕਾਂ ਨੂੰ ਵੀ ਨਿਯਮਿਤ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਦਾ ਸੰਕਲਪ ਲਿਆ। ਇਸ ਮੌਕੇ ਬਲੱਡ ਬੈਂਕ ਦਾ ਸਟਾਫ, ਸਵੈਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਖੂਨਦਾਨੀ ਹਾਜ਼ਰ ਸਨ।
- Download Babushahi App
-
-