Crime Special ਕਮਲ ਭਾਬੀ ਹੱਤਿਆ : ਕਾਨੂੰਨ ਦੀ ‘ਤੱਕੜੀ’ ’ਚ ਤੁਲਣ ਲੱਗੀ ਅੰਮ੍ਰਿਤਪਾਲ ਮਹਿਰੋਂ ਦੀ ਭੂਮਿਕਾ
ਅਸ਼ੋਕ ਵਰਮਾ
ਬਠਿੰਡਾ , 11 ਅਗਸਤ 2026 : ਬਠਿੰਡਾ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੀ ਹੱਤਿਆ ਦੇ ਸਬੰਧ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਖਿਲਾਫ ਦੋਸ਼ ਤੈਅ ਕਰ ਦਿੱਤੇ ਹਨ। ਇਸ ਤੋਂ ਬਾਅਦ ਹੁਣ ਇਸ ਬਹੁਚਰਚਿਤ ਕਤਲ ਮਾਮਲੇ ਦੇ ਕਾਨੂੰਨ ਦੀ ਕਸਵੱਟੀ ’ਤੇ ਪਰਖਣ ਦਾ ਅਮਲ ਸ਼ੁਰੂ ਹੋ ਗਿਆ ਹੈ। ਬਠਿੰਡਾ ਅਦਾਲਤ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਮਹਿਰੋਂ ਦੇ ਕਥਿਤ ਸਾਥੀਆਂ ਤੇ ਪੁਲਿਸ ਅਨੁਸਾਰ ਸਹਿ-ਮੁਲਜ਼ਮਾਂ ਨਿਹੰਗ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਵਿਰੁੱਧ ਦੋਸ਼ ਤੈਅ ਕਰ ਚੁੱਕੀ ਹੈ। ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਸਤੰਬਰ ਨੂੰ ਤੈਅ ਕੀਤੀ ਗਈ ਹੈ। ਪੁਲਿਸ ਅਨੁਸਾਰ ਇੰਸਟਗਰਾਮ ’ਤੇ ਭਾਬੀ ਕਮਲ ਕੌਰ ਦੇ ਨਾਮ ਨਾਲ ਮਕਬੂਲ ਇਸ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਕਤਲ ਦਾ ਕਾਰਨ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਇਤਰਾਜਯੋਗ ਰੀਲਾਂ ਅਤੇ ਵੀਡੀਓ ਅਪਲੋਡ ਕਰਨ ਵਜੋਂ ਸਾਹਮਣੇ ਆਇਆ ਸੀ।
ਲੁਧਿਆਣਾ ਦੀ ਰਹਿਣ ਵਾਲੀ 36 ਸਾਲਾ ਕੰਚਨ ਕੁਮਾਰੀ ਜੋ ਕਮਲ ਕੌਰ ਭਾਬੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਸੀ , ਦੀ ਲਾਸ਼ 11 ਜੂਨ 2025 ਦੀ ਰਾਤ ਨੂੰ ਬਠਿੰਡਾ-ਚੰਡੀਗੜ੍ਹ ਰਾਜਮਾਰਗ ’ਤੇ ਭੱੁਚੋ ਕਲਾਂ ਵਿਖੇ ਆਦੇਸ਼ ਯੂਨੀਵਰਸਿਟੀ ਦੇ ਬਾਹਰ ਖੜ੍ਹੀ ਇੱਕ ਕਾਰ ਦੀ ਪਿਛਲੀ ਸੀਟ ’ਤੇ ਮਿਲੀ ਸੀ। ਸਥਾਨਕ ਲੋਕਾਂ ਵੱਲੋਂ ਬਦਬੂ ਦੀ ਸ਼ਿਕਾਇਤ ਕਰਨ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਸੜੀ-ਗਲੀ ਲਾਸ਼ ਬਰਾਮਦ ਕੀਤੀ ਗਈ ਸੀ। ਪੁਲੀਸ ਨੇ ਦੋਸ਼ ਲਾਇਆ ਹੈ ਕਿ ਕਮਲ ਕੌਰ ਦੀ ਹੱਤਿਆ ਗਲਾ ਘੁੱਟਕੇ ਕੀਤੀ ਗਈ ਸੀ। ਜਾਂਚਕਰਤਾਵਾਂ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਨੇ ਉਸ ਦੀ ਕੱੁਝ ਸੋਸ਼ਲ ਮੀਡੀਆ ਸਮੱਗਰੀ ’ਤੇ ਇਤਰਾਜ਼ ਪ੍ਰਗਟ ਕੀਤਾ ਸੀ ਅਤੇ ਕਥਿਤ ਤੌਰ ’ਤੇ ਉਸ ਨੂੰ ‘ਸਬਕ ਸਿਖਾਉਣ’ ਦੀ ਯੋਜਨਾ ਬਣਾਈ ਸੀ। ਪੁਲੀਸ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਕਮਲ ਕੌਰ ਨੂੰ ਇੱਕ ਪ੍ਰਮੋਸ਼ਨਲ ਵੀਡੀਓ ਈਵੈਂਟ ਵਿੱਚ ਹਿੱਸਾ ਲੈਣ ਦੇ ਬਹਾਨੇ ਬਠਿੰਡਾ ਸੱਦਿਆ ਗਿਆ ਸੀ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦੋਂਕਿ ਰਣਜੀਤ ਸਿੰਘ ਨੇ ਫਰਾਰ ਹੋਣ ’ਚ ਉਸ ਦੀ ਸਹਾਇਤਾ ਕੀਤੀ ਸੀ। ਮੋਗਾ ਜ਼ਿਲ੍ਹੇ ਦੇ ਮਹਿਰੋਂ ਪਿੰਡ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ’ਤੇ ਇਸ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਹੋਣ ਦਾ ਦੋਸ਼ ਲੱਗਿਆ ਹੈ, ਜੋ ਵਾਰਦਾਤ ਤੋਂ ਕੁੱਝ ਘੰਟਿਆਂ ਬਾਅਦ ਹੀ ਦੇਸ਼ ਛੱਡ ਕੇ ਯੂ ਏ ਈ ( ਸੰਯੁਕਤ ਅਰਬ ਅਮੀਰਾਤ ) ਭੱਜ ਗਿਆ ਸੀ। ਮਹਿਰੋਂ 10 ਜੂਨ 2025 ਦੀ ਸਵੇਰ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਏਈ ਲਈ ਫਲਾਈਟ ਵਿੱਚ ਸਵਾਰ ਹੋਇਆ ਜਿਸ ਨੂੰ ਇਹੋ ਖਦਸ਼ਾ ਸੀ ਕਿ ਉਸ ਖਿਲਾਫ ਕੋਈ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਜਾ ਸਕਦਾ ਹੈ। ਬਠਿੰਡਾ ਪੁਲੀਸ ਨੇ ਉਸ ਦੇ ਦੋ ਸਾਥੀਆਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਸੀ, ਪਰ ਮਹਿਰੋਂ ਫ਼ਰਾਰ ਚੱਲ ਰਿਹਾ ਸੀ।
ਬਠਿੰਡਾ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਕੇਂਦਰੀ ਏਜੰਸੀਆਂ ਤੇ ਇੰਟਰਪੋਲ ਰਾਹੀਂ ਉਸ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਮਹਿਰੋਂ ਨੂੰ ਇਸ ਸਾਲ ਫਰਵਰੀ ਵਿੱਚ ਭਗੌੜਾ ਐਲਾਨ ਦਿੱਤਾ ਸੀ। ਮਹਿਰੋਂ ਨੂੰ ਜਨਵਰੀ 2026 ਵਿੱਚ ਸ਼ਾਰਜਾਹ ਪੁਲੀਸ ਨੇ ਵੀਜ਼ੇ ਨਾਲ ਸਬੰਧਤ ਪੁੱਛਗਿੱਛ ਦੌਰਾਨ ਹਿਰਾਸਤ ਵਿੱਚ ਲੈ ਲਿਆ ਸੀ ਪਰ ਉਸ ਦੇ ਦੇਸ਼ ਨਿਕਾਲੇ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਵਿੱਚ ਸਮਾਂ ਲੱਗਣ ਕਾਰਨ 10 ਅਪਰੈਲ ਨੂੰ ਯੂਏਈ ਤੋਂ ਡਿਪੋਰਟ ਕਰਕੇ ਮਹਿਰੋਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਸੀ। ਉਹ ਉਦੋਂ ਤੋਂ ਹੀ ਨਿਆਂਇਕ ਹਿਰਾਸਤ ਵਿੱਚ ਹੈ। ਇਸ ਮਾਮਲੇ ਨੇ ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਵਿੱਚ ਕਾਫ਼ੀ ਡਰ ਪੈਦਾ ਕਰ ਦਿੱਤਾ ਸੀ ਅਤੇ ਧਮਕੀਆਂ ਤੋਂ ਬਾਅਦ ਚਿੰਤਾਵਾਂ ਜਤਾਈਆਂ ਗਈਆਂ ਸਨ। ਅੰਮ੍ਰਿਤਪਾਲ ਅਤੇ ਰਣਜੀਤ ਦੇ ਵਕੀਲ ਐਡਵੋਕੇਟ ਮਨਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਖ਼ਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਹਨ।
ਮੌਤ ਪਿੱਛੋਂ ਵੀ ਮਕਬੂਲ ਕਮਲ
ਮੌਤ ਤੋਂ ਬਾਅਦ ਵੀ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੀ ਸੋਸ਼ਲ ਮੀਡੀਆ ’ਤੇ ਮਕਬੂਲੀਅਤ ਵਧੀ ਹੈ। ਕਤਲ ਮਗਰੋਂ ਦੋ ਦਿਨਾਂ ’ਚ ਇੰਸਟਾਗ੍ਰਾਮ ’ਤੇ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ 3. 83 ਲੱਖ ਤੋਂ ਵਧਕੇ 4. 22 ਲੱਖ ਹੋ ਗਈ ਸੀ ਜੋ ਹੁਣ 4. 47 ਲੱਖ ਹੈ। ਕੰਚਨ ਕੁਮਾਰੀ ਦੇ ਵੈਰੀਫਾਈਡ ਫੇਸਬੁੱਕ ਅਕਾਊਂਟ ਤੇ ਫਾਲੋਅਰਜ਼ ਦੀ ਗਿਣਤੀ 7. 89 ਲੱਖ ਤੋਂ ਘਟਕੇ 7 ਲੱਖ 73 ਹਜ਼ਾਰ 787 ਰਹਿ ਗਈ ਹੈ ਜਦੋਂਕਿ ਯੂਟਿਊਬ ’ਤੇ ਵੀ ਉਸ ਦੇ ਸਬਸਕ੍ਰਾਈਬਰ ਵਧੇ ਹਨ। ਕੰਚਨ ਕੁਮਾਰੀ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ‘ਲੱਚਰ ਅਤੇੇ ਭੱਦੀ ਸ਼ਬਦਾਵਲੀ’ ਵਾਲਾ ਮਸਾਲਾ ਪਾਉਂਦੀ ਸੀ। ਪੁਲਿਸ ਮੁਤਾਬਕ ਲੱਚਰਤਾ ਪਰੋਸਣ ਕਾਰਨ ਹੀ ਕਮਲ ਕੌਰ ਦਾ ਕਤਲ ਕੀਤਾ ਗਿਆ ਹੈ।
- Download Babushahi App
-
-