ਸਿਹਤ ਵਿਭਾਗ ਵੱਲੋਂ ਆਮ ਲੋਕਾਂ ਲਈ ਅੱਖਾਂ ਦੇ ਫਲੂ (ਕੰਜਕਟੀਵਾਈਟਿਸ) ਸਬੰਧੀ ਅਡਵਾਈਜ਼ਰੀ ਜਾਰੀ
ਅਸ਼ੋਕ ਵਰਮਾ
ਬਠਿੰਡਾ, 11 ਅਗਸਤ 2026 : ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਨੇ ਜਲਵਾਯੂ ਤਬਦੀਲੀ ਅਤੇ ਆਈ ਫਲੂ ਦੇ ਆ ਰਹੇ ਕੇਸਾਂ ਦੇ ਮੱਦੇ ਨਜ਼ਰ ਅੱਖਾਂ ਦੇ ਫਲੂ (ਕੰਜਕਟੀਵਾਈਟਿਸ) ਸਬੰਧੀ ਅਡਵਾਈਜ਼ਰੀ ਜਾਰੀ ਕੀਤੀ ਹੈ। ਉਹਨਾਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਅੱਖਾਂ ਦਾ ਫਲੂ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਬਿਮਾਰੀ ਵਾਇਰਸ ਜਾਂ ਬੈਕਟਰੀਆ ਕਾਰਣ ਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਦੇ ਮੈਂਬਰ ਨੂੰ ਅੱਖਾਂ ਵਿੱਚ ਲਾਲੀ ਜਾਂ ਪੀਲਾਪਣ, ਖੁਜ਼ਲੀ, ਅੱਖਾਂ ਵਿੱਚੋਂ ਪਾਣੀ ਆਉਣਾ, ਅੱਖਾਂ ਵਿੱਚ ਗਿੱਡ, ਚਿਪਕੀਆਂ ਅੱਖਾਂ, ਆਈਲਿਡ ਤੇ ਸੋਜ਼ਿਸ਼, ਤੇਜ਼ ਰੋਸ਼ਨੀ ਬਰਦਾਸ਼ਿਤ ਨਾ ਕਰਨਾ ਆਦਿ ਲੱਛਣ ਆਉਣ ਤਾਂ ਨੇੜੇ ਦੀ ਸਿਹਤ ਸੰਸਥਾ ਦੇ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ। ਬੱਚਿਆਂ ਨੂੰ ਬੁਖਾਰ ਵੀ ਹੋ ਸਕਦਾ ਹੈ। ਡਾਕਟਰ ਦੇ ਸਲਾਹ ਦੇ ਨਾਲ ਨਾਲ ਕੁਝ ਸਾਵਧਾਨੀਆਂ ਦੀ ਵਰਤੋਂ ਵੀ ਕਰੋ।
ਉਹਨਾਂ ਦੱਸਿਆ ਕਿ ਗੰਦੇ ਹੱਥਾਂ ਨਾਲ ਅੱਖਾਂ ਨੂੰ ਨਾ ਛੂਹੋ, ਵਾਰ ਵਾਰ ਹੱਥਾਂ ਨੂੰ ਸਾਬਨ ਅਤੇ ਪਾਣੀ ਨਾਲ ਧੋਵੋ ਜਾਂ ਸੈਨੇਟਾਈਜ਼ਰ ਵਰਤੋਂ, ਲਾਗ ਵਾਲੇ ਵਿਅਕਤੀ ਦਾ ਤੌਲੀਆਂ ਰੁਮਾਲ ਜਾਂ ਹੋਰ ਕੱਪੜੇ ਸਾਂਝਾ ਨਾ ਕਰੋ, ਦੂਜਿਆ ਦੇ ਸਿੱਧੇ ਸੰਪਰਕ ਵਿੱਚ ਨਾ ਆਵੋ, ਧੁੱਪ ਜਾਂ ਮਿੱਟੀ ਤੋਂ ਬਚਣ ਲਈ ਚਸ਼ਮੇ ਦੀ ਵਰਤੋਂ, ਅੱਖਾਂ ਨੂੰ ਸਾਫ਼ ਕਰਨ ਲਈ ਉਬਾਲ ਕੇ ਠੰਡੇ ਪਾਣੀ ਦੀ ਵਰਤੋਂ ਕਰੋ, ਆਲੇ ਦੁਆਲੇ ਦੀ ਸਫ਼ਾਈ ਰੱਖੋ, ਭੀੜ ਵਾਲੀਆਂ ਥਾਵਾਂ ਅਤੇ ਸਵਿੰਮਿੰਗ ਪੂਲ ਤੇ ਜਾਣ ਤੋਂ ਪ੍ਰਹੇਜ਼ ਕਰੋ।ਡਾ ਮੀਨਾਕਸ਼ੀ ਸਿੰਗਲਾ ਅੱਖਾਂ ਦੇ ਮਾਹਿਰ ਨੇ ਦੱਸਿਆ ਕਿ ਜੇਕਰ ਆਈ ਫਲੂ ਹੋ ਜਾਂਦਾ ਹੈ ਤਾਂ ਅੱਖਾਂ ਨੂੰ ਸਾਫ਼ ਕਰਨ ਲਈ ਆਈ ਵਾਈਪਸ ਦੀ ਵਰਤੋਂ ਕਰੋ। ਅੱਖਾਂ ਨੂੰ ਨਾ ਰਗੜੋ, ਕਾਂਟੈਕਟ ਲੈਂਜ਼ ਦੀ ਵਰਤੋਂ ਨਾ ਕਰੋ, ਘਰੇਲੂ ਨੁਸਖੇ਼ ਜਾਂ ਘਰੇਲੂ ਉਪਚਾਰ ਦੀ ਵਰਤੋਂ ਨਾ ਕਰੋ, ਘਰ ਵਿੱਚ ਪਹਿਲਾਂ ਤੋਂ ਪਏ ਹੋਏ ਆਈ ਡਰਾਪਸ ਦੀ ਵਰਤੋਂ ਨਾ ਕਰੋ।
ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਅਜਿਹੇ ਲੱਛਣਾਂ ਵਾਲੇ ਬੱਚਿਆਂ ਨੂੰ ਸਕੂਲ ਵਿੱਚ ਆਉਣ ਨਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਬਜ਼ੁਰਗਾਂ ਅਤੇ ਬੱਚਿਆਂ ਵੱਲ ਖਾਸ ਧਿਆਨ ਦਿੱਤਾ ਜਾਵੇ।
- Download Babushahi App
-
-