ਪਿੱਤੇ ਦਾ ਤੁਰੰਤ ਆਪਰੇਸ਼ਨ ਕਰਕੇ ਮਰੀਜ਼ ਦੀ ਬਚਾਈ ਜਾਨ :- ਸਰਜਨ ਡਾ ਓਮਕਾਰਵੀਰ ਸਿੰਘ
ਫਤਿਹਗੜ੍ਹ ਸਾਹਿਬ 11 ਅਗਸਤ (ਗੁਰਪ੍ਰੀਤ ਸਿੰਘ ਜਖਵਾਲੀ ) ਜਿਲਾ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਆਰੀ ਸਿਹਤ ਸਹੂਲਤਾਂ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਸਮੇਂ ਸਿਰ ਹਰ ਸੰਭਵ ਇਲਾਜ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅਪ੍ਰੇਸ਼ਨਾਂ ਦੇ ਮਾਹਰ /ਲੈਪਰੋਸਕੋਪਿਕ ਸਰਜਨ ਡਾ ਓਮਕਾਰਵੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਇੱਕ 75 ਸਾਲ ਦੀ ਉਮਰ ਦਾ ਮਰੀਜ਼ ਜੋ ਪਿੱਤੇ ਦੀ ਗੰਭੀਰ ਬਿਮਾਰੀ ਤੋਂ ਪੀੜਤ ਸੀ ਦਾਖਲ ਹੋਇਆ , ਰੋਗ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸਦੇ ਤੁਰੰਤ ਲੋੜੀਦੇ ਲੈਬਾਰਟਰੀ / ਮੈਡੀਕਲ ਟੈਸਟ ਮੁਫਤ ਕਰਵਾਏ ਗਏ ਅਤੇ ਤੁਰੰਤ ਪਿੱਤੇ ਦਾ ਅਪ੍ਰੇਸ਼ਨ ਕਰਕੇ ਮਰੀਜ਼ ਦੀ ਜਾਨ ਬਚਾਈ ਗਈ। ਸਮੁੱਚੀ ਟੀਮ ਦੀ ਅਗਵਾਈ ਕਰਨ ਵਾਲੇ ਡਾ ਓਮਕਾਰਵੀਰ ਸਿੰਘ ਨੇ ਦੱਸਿਆ ਕਿ ਮਰੀਜ਼ ਦੀ ਉਮਰ ਵਧੇਰੇ ਹੋਣ ਤੇ ਰੋਗ ਦਾ ਜਿਆਦਾ ਵੱਧ ਜਾਣ ਕਾਰਨ ਭਾਵੇਂ ਇਹ ਅਪ੍ਰੇਸ਼ਨ ਕਾਫੀ ਗੁੰਜਲਦਾਰ ਸੀ ਪਰ ਹਸਪਤਾਲ ਵਿੱਚ ਮਾਹਰ ਡਾਕਟਰਾਂ ਦੀ ਟੀਮ ,ਉੱਚ ਪੱਧਰੀ ਪ੍ਰਬੰਧ, ਤੇਜ਼ ਫ਼ੈਸਲਾ ਲੈਣ ਦੀ ਸਮਰੱਥਾ ਅਤੇ ਬੇਹੋਸ਼ੀ ਦੇ ਮਾਹਿਰ ਡਾ ਮਨਜਿੰਦਰ ਕੌਰ, ਡਾ ਗੁਲਸ਼ਨ ਤੇ ਡਾ ਵਰਨਿਮਾ ਦੇ ਪੂਰਨ ਸਹਿਯੋਗ ਅਤੇ ਪੂਰੀ ਟੀਮ ਦੀ ਮਿਹਨਤ ਸਦਕਾ ਸਫਲਤਾਪੂਰਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਐਮਪੀ ਗਰੇਡਿੰਗ-4 ਦੇ ਕੇਸ ਬਹੁਤ ਸਿਆਣਪ, ਤਿਆਰੀ ਅਤੇ ਸਮੇਂ-ਸਿਰ ਕਾਰਵਾਈ ਦੀ ਮੰਗ ਕਰਦੇ ਹਨ , ਇਸ ਲਈ ਹਸਪਤਾਲ ਦੀ ਟੀਮ ਨੇ ਬਹੁਤ ਹੀ ਸਮਰਪਣ ਅਤੇ ਪੇਸ਼ਾਵਰਾਨਾ ਢੰਗ ਨਾਲ ਕੰਮ ਕਰਕੇ ਮਰੀਜ਼ ਲਈ ਸਕਾਰਾਤਮਕ ਨਤੀਜੇ ਯਕੀਨੀ ਬਣਾਏ। ਡਾ. ਓਮਕਾਰਵੀਰ ਸਿੰਘ ਨੇ ਕਿਹਾ ਕਿ ਬੇਹੋਸ਼ੀ ਦੇ ਮਾਹਰ ਡਾਕਟਰਾਂ ਤੇ ਸਹਿਯੋਗੀ ਸਟਾਫ ਸਿੰਮੀ,ਦਿਵਿਆ, ਗੁਰਪ੍ਰੀਤ ਅਤੇ ਪਰਨੀਤ ਕੌਰ ਦੀ ਟੀਮ ਜਿਲਾ ਹਸਪਤਾਲ ਵਿੱਚ ਕੀਤੇ ਜਾਣ ਵਾਲੇ ਆਪਰੇਸ਼ਨਾਂ ਵਿੱਚ ਹਰ ਕੇਸ ਦੀ ਸਫ਼ਲਤਾ ਲਈ ਕੇਂਦਰੀ ਭੂਮਿਕਾ ਨਿਭਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਇਸ ਮਰੀਜ਼ ਦੀ ਜਾਨ ਬਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਗਈ। ਇਸ ਮੌਕੇ ਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਅਮਰਿੰਦਰ ਪਾਲ ਸਿੰਘ ਤੇ ਹੋਰ ਸਿਹਤ ਅਧਿਕਾਰੀਆਂ ਨੇ ਵੀ ਹਸਪਤਾਲ ਦੀ ਪੂਰੀ ਮੈਡੀਕਲ ਟੀਮ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ਤੇ ਜਿਲਾ ਹਸਪਤਾਲ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮਿਆਰੀ ਤੇ ਮੁਫਤ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
- Download Babushahi App
-
-