Amritsar Breaking : ਅੰਮ੍ਰਿਤਸਰ ਦੇ ਲੁਹਾਰਕਾ ਰੋਡ ’ਤੇ ਕੈਂਬਰਿਜ ਸਕੂਲ ਨੇੜਿਓਂ ਅਸਾਲਟ ਬਰਾਮਦ, ਮਿਲਟਰੀ ਇੰਟੈਲੀਜੈਂਸ ਤੇ ਪੁਲਿਸ ਦੀ ਸਾਂਝੀ ਕਾਰਵਾਈ
ਥਾਣਾ ਕੰਬੋਅ ਪੁਲਿਸ ਨੇ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਕੀਤੀ ਕਾਰਵਾਈ
ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, ਹਥਿਆਰ ਉੱਥੇ ਛੱਡਣ ਵਾਲਿਆਂ ਦੀ ਭਾਲ ਜਾਰੀ
ਅੰਮ੍ਰਿਤਸਰ 12 ਅਕਤੂਬਰ 2026 :ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਕੰਬੋਅ ਦੀ ਪੁਲਿਸ ਵੱਲੋਂ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਲੁਹਾਰਕਾ ਰੋਡ ’ਤੇ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ਵਿੱਚੋਂ ਇੱਕ ਅਸਾਲਟ ਬਰਾਮਦ ਕੀਤੀ ਗਈ ਹੈ। ਇਸ ਕਾਰਵਾਈ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਥਾਣਾ ਕੰਬੋਅ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ਵਿੱਚੋਂ ਮਾਰੂ ਹਥਿਆਰ ਜਾਂ ਅਸਲਾ ਮਿਲ ਸਕਦਾ ਹੈ।
ਇਸ ਸੂਚਨਾ ਦੇ ਆਧਾਰ ’ਤੇ ਏ.ਐੱਸ.ਆਈ. ਸਰਵਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਅਤੇ ਮਿਲਟਰੀ ਇੰਟੈਲੀਜੈਂਸ ਦੇ ਕਰਮਚਾਰੀਆਂ ਵੱਲੋਂ ਸਾਂਝੇ ਤੌਰ ’ਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਖਾਲੀ ਪਲਾਟਾਂ ਵਿੱਚੋਂ ਪੀਲੇ ਰੰਗ ਦੇ ਲਿਫ਼ਾਫ਼ੇ ਵਿੱਚ ਲਪੇਟੀ ਹੋਈ ਇੱਕ ਅਸਾਲਟ ਬਰਾਮਦ ਹੋਈ।
ਇਸ ਸਬੰਧੀ ਥਾਣਾ ਕੰਬੋਅ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਹਥਿਆਰ ਉੱਥੇ ਕਿਸ ਨੇ ਰੱਖਿਆ ਸੀ ਅਤੇ ਇਸ ਮਾਮਲੇ ਪਿੱਛੇ ਕੀ ਕਾਰਨ ਹਨ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੇ ਹੋਰ ਪਹਿਲੂਆਂ ਦੀ ਜਾਂਚ ਜਾਰੀ ਹੈ।
- Download Babushahi App
-
-