Amit Shah ਚਿੱਟੇ ਦਾ ਰਾਵਣ ਫੂਕਣਗੇ ਪੰਜਾਬ ਚ ਆ ਕੇ ਵਿਜੇ ਦਸਵੀਂ ਮੌਕੇ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 19 ਅਕਤੂਬਰ, 2026: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਭਲਕੇ ਯਾਨੀ 20 ਅਕਤੂਬਰ 2026 ਨੂੰ ਪੰਜਾਬ ਦੌਰਾ ਤੈਅ ਹੋ ਗਿਆ ਹੈ, ਜਿਸ ਦੌਰਾਨ ਉਹ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਅਤੇ ਹਾਲ ਹੀ ਵਿੱਚ ਆਪਣਾ ਜੀਵਨ ਗੁਆ ਚੁੱਕੇ ਨਸ਼ਾ ਵਿਰੋਧੀ ਕਾਰਕੁਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨਗੇ।
ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ ਅਮਿਤ ਸ਼ਾਹ ਸਭ ਤੋਂ ਪਹਿਲਾਂ ਦੁਪਹਿਰ 12:15 ਵਜੇ ਗੁਰਦਾਸਪੁਰ ਦੇ ਬਟਾਲਾ ਅਧੀਨ ਆਉਂਦੇ ਪਿੰਡ ਮਾਰੀ ਪਨਵਾਂ ਵਿਖੇ ਨਸ਼ਾ ਵਿਰੋਧੀ ਕਾਰਕੁਨ ਵਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲਣਗੇ। ਇਸ ਤੋਂ ਬਾਅਦ ਉਹ ਦੁਪਹਿਰ 02:15 ਵਜੇ ਸੰਗਰੂਰ ਦੇ ਪਿੰਡ ਤੂਰ ਬੰਜਾਰਾ (ਹਰਦਮ ਪੱਟੀ) ਵਿਖੇ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਫਿਰ ਦੁਪਹਿਰ 03:45 ਵਜੇ ਉਹ ਮਾਨਸਾ ਦੇ ਵਾਰਡ ਨੰਬਰ 21, ਵਾਟਰ ਵਰਕਸ ਰੋਡ ਵਿਖੇ ਸਵਰਗੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਹੌਸਲਾ ਅਫ਼ਜ਼ਾਈ ਕਰਨਗੇ।
ਇਸ ਦੌਰੇ ਦੇ ਅੰਤਿਮ ਪੜਾਅ ਵਿੱਚ ਅਮਿਤ ਸ਼ਾਹ ਸ਼ਾਮ 04:30 ਵਜੇ ਲੁਧਿਆਣਾ ਵਿਖੇ ਮੀਡੀਆ ਨਾਲ ਗੱਲਬਾਤ ਕਰਨਗੇ ਅਤੇ ਸ਼ਾਮ 05:00 ਵਜੇ ਲੁਧਿਆਣਾ ਦੇ ਦਰੇਸੀ ਰੋਡ ਸਥਿਤ ਰਾਮਲੀਲਾ ਮੈਦਾਨ ਵਿਖੇ ਵਿਜੇਦਸਮੀ ਦੇ ਮੌਕੇ 'ਤੇ 'ਚਿੱਟੇ ਦੇ ਰਾਵਣ' ਦਾ ਦਹਿਨ ਕਰਨਗੇ।
- Download Babushahi App
-
-