ਸਾਥੀ ਗੁਰਨਾਮ ਸਿੰਘ ਦਾਊਦ ਦੇ ਬੇਵਕਤੀ ਵਿਛੋੜੇ ਨਾਲ ਇਨਕਲਾਬੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ
ਅਸ਼ੋਕ ਵਰਮਾ
ਮਾਨਸਾ, 1 ਸਤੰਬਰ 2026: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਦੇ ਬੇਵਕਤੀ ਵਿਛੋੜੇ ਦੀ ਦੁਖਦਾਈ ਖ਼ਬਰ ਨੇ ਸਮੁੱਚੀ ਜਮਹੂਰੀ ਅਤੇ ਇਨਕਲਾਬੀ ਲਹਿਰ ਨੂੰ ਗਹਿਰਾ ਸਦਮਾ ਪਹੁੰਚਾਇਆ ਹੈ।ਸੀਪੀਆਈ(ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਬਖਤਪੁਰਾ, ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਾਮਰੇਡ ਗੁਰਨਾਮ ਭੀਖੀ, ਕਾਮਰੇਡ ਸੁਖਦਰਸ਼ਨ ਨੱਤ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਛਾਜਲੀ, ਕਾਮਰੇਡ ਵਿਜੇ ਸੋਹਿਲ, ਕਾਮਰੇਡ ਬਲਵਿੰਦਰ ਘਰਾਗਣਾ, ਕਾਮਰੇਡ ਗੁਰਮੀਤ ਨੰਦਗੜ੍ਹ, ਏਕਟੂ ਦੇ ਸੂਬਾ ਸਕੱਤਰ ਕਾਮਰੇਡ ਗੁਲਜ਼ਾਰ, ਆਲ ਇੰਡੀਆ ਵੂਮੈਨ ਐਸੋਸੀਏਸ਼ਨ ਦੀ ਸੂਬਾ ਆਗੂ ਜਸਵੀਰ ਕੌਰ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹੈਪੀ ਮਾਨ ਨੇ ਸਾਥੀ ਦਾਊਦ ਦੇ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਗੂਆਂ ਨੇ ਕਿਹਾ ਕਿ ਸਾਥੀ ਗੁਰਨਾਮ ਸਿੰਘ ਦਾਊਦ ਨੇ ਆਪਣਾ ਸਾਰਾ ਜੀਵਨ ਮਜ਼ਦੂਰਾਂ, ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਲੜਾਈ ਲਈ ਸਮਰਪਿਤ ਕੀਤਾ। ਉਨ੍ਹਾਂ ਦਾ ਸਾਦਾ ਜੀਵਨ, ਇਮਾਨਦਾਰੀ, ਜਨਪੱਖੀ ਸੋਚ ਅਤੇ ਸੰਘਰਸ਼ਸ਼ੀਲਤਾ ਹਮੇਸ਼ਾ ਲੋਕ ਲਹਿਰ ਲਈ ਪ੍ਰੇਰਣਾ ਦਾ ਸਰੋਤ ਰਹੇਗੀ। ਉਨ੍ਹਾਂ ਦਾ ਵਿਛੋੜਾ ਇਨਕਲਾਬੀ, ਕਿਸਾਨ ਅਤੇ ਮਜ਼ਦੂਰ ਅੰਦੋਲਨ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।ਆਗੂਆਂ ਨੇ ਵਿਛੜੇ ਸਾਥੀ ਨੂੰ ਸੂਹੀ ਸਲਾਮ ਪੇਸ਼ ਕਰਦਿਆਂ ਪਰਿਵਾਰਕ ਮੈਂਬਰਾਂ, ਸਾਥੀਆਂ ਅਤੇ ਸ਼ੁਭਚਿੰਤਕਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਸਾਥੀ ਦਾਊਦ ਦੇ ਅਧੂਰੇ ਸੁਪਨਿਆਂ ਅਤੇ ਲੋਕ-ਪੱਖੀ ਸੰਘਰਸ਼ਾਂ ਨੂੰ ਪੂਰਾ ਕਰਨ ਲਈ ਲੜਾਈ ਹੋਰ ਦ੍ਰਿੜਤਾ ਨਾਲ ਜਾਰੀ ਰੱਖੀ ਜਾਵੇਗੀ।
ਜਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਕਰੀਬ 8:30 ਵਜੇ ਰਈਆ ਮੰਡੀ ਨੇੜੇ ਪਿੰਡ ਬੁਟਾਰੀ ਵਿਖੇ ਇੱਕ ਤੇਜ਼ ਰਫ਼ਤਾਰ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਸਾਥੀ ਦਾਊਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਖਰਾਬ ਸਿਹਤ ਦੇ ਬਾਵਜੂਦ ਪਾਰਟੀ ਅਤੇ ਜਨਤਕ ਜਥੇਬੰਦੀਆਂ ਦੀਆਂ ਸਰਗਰਮੀਆਂ ਵਿੱਚ ਪੂਰੀ ਤਨਦੇਹੀ ਨਾਲ ਜੁੜੇ ਹੋਏ ਸਨ। ਅੱਜ ਵੀ ਉਹ ਜਲੰਧਰ ਵਿਖੇ ਹੋਣ ਵਾਲੀ ਕੁਲ ਹਿੰਦ ਕਿਸਾਨ ਮਹਾਸਭਾ ਦੀ ਕੌਮੀ ਕਾਨਫਰੰਸ ਦੀ ਕਾਮਯਾਬੀ ਲਈ ਜਨਤਕ ਉਗਰਾਹੀ ਮੁਹਿੰਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ।
- Download Babushahi App
-
-