ਵੱਡੀ ਖ਼ਬਰ: ਪੰਜਾਬ ’ਚ 'ਰਾਮ-ਪ੍ਰਵੇਸ਼' ਦੇ ਘਰ ’ਤੇ ਡਿੱਗੀ ਅਸਮਾਨੀ ਬਿਜਲੀ! ਪਾੜ ਗਈ ਛੱਤ- ਲੱਖਾਂ ਦਾ ਨੁਕਸਾਨ
ਪਰਿਵਾਰ ਦੇ 6 ਜੀਅ ਵਾਲ-ਵਾਲ ਬਚੇ, ਘਰ ਦਾ ਬਿਜਲੀ ਸਾਮਾਨ ਸੜਿਆ; ਨੂੰਹ ਦੇ ਹੱਥ ’ਤੇ ਲੱਗੀ ਮਾਮੂਲੀ ਸੱਟ
Babushahi Network
ਮੰਡੀ ਕਿੱਲਿਆਂਵਾਲੀ, 11 ਅਕਤੂਬਰ 2026- ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਪਰ ਮੰਡੀ ਕਿੱਲਿਆਂਵਾਲੀ ਤੋਂ ਬੇਹੱਦ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਵਾਰਡ ਨੰਬਰ 11 ਵਿੱਚ ਐਤਵਾਰ ਸਵੇਰੇ ਇੱਕ ਚਿਣਾਈ ਮਿਸਤਰੀ ਦੇ ਘਰ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਬਿਜਲੀ ਡਿੱਗਣ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮਕਾਨ ਦੀ ਆਰ.ਸੀ.ਸੀ. ਛੱਤ ਵਿੱਚ ਸੁਰਾਖ ਹੋ ਗਿਆ ਅਤੇ ਬਿਜਲੀ ਉੱਪਰਲੇ ਚੁਬਾਰੇ ਤੋਂ ਹੁੰਦੀ ਹੋਈ ਹੇਠਲੀ ਮੰਜ਼ਿਲ ਤੱਕ ਜਾ ਪਹੁੰਚੀ।
ਇਸ ਦੌਰਾਨ ਘਰ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਦਾ ਵਾਲ-ਵਾਲ ਬਚਾਅ ਹੋ ਗਿਆ, ਜਦਕਿ ਘਰ ਦੀ ਬਿਜਲੀ ਫਿਟਿੰਗ ਅਤੇ ਕਈ ਮਹਿੰਗੇ ਉਪਕਰਨ ਸੜ ਕੇ ਨੁਕਸਾਨੇ ਗਏ। ਪਰਿਵਾਰ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਣ ਦਾ ਅਨੁਮਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 7 ਵਜੇ ਬਾਲ ਮੰਦਿਰ ਸਕੂਲ ਦੇ ਨੇੜੇ ਸਥਿਤ ਕਿਸ਼ੋਰ ਸਰਪੰਚ ਵਾਲੀ ਗਲੀ ਵਿੱਚ ਵਾਪਰੀ। ਇੱਥੇ ਰਹਿੰਦੇ ਚਿਣਾਈ ਮਿਸਤਰੀ ਰਾਮਪ੍ਰਵੇਸ਼ ਦੇ ਘਰ ’ਤੇ ਅਚਾਨਕ ਅਸਮਾਨੀ ਬਿਜਲੀ ਆ ਡਿੱਗੀ।
ਰਾਮਪ੍ਰਵੇਸ਼ ਦੇ ਪੁੱਤਰ ਨਿਤੀਸ਼ ਪਟੇਲ ਨੇ ਦੱਸਿਆ ਕਿ ਘਟਨਾ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਘਰ ਦੇ ਇੱਕ ਕਮਰੇ ਵਿੱਚ ਬੈਠੇ ਹੋਏ ਸਨ। ਇਸੇ ਦੌਰਾਨ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਬਿਜਲੀ ਮਕਾਨ ’ਤੇ ਡਿੱਗ ਪਈ। ਧਮਾਕੇ ਕਾਰਨ ਘਰ ਦੀ ਆਰ.ਸੀ.ਸੀ. ਛੱਤ ਪਾੜ ਗਈ ਅਤੇ ਬਿਜਲੀ ਉੱਪਰਲੀ ਮੰਜ਼ਿਲ ਤੋਂ ਹੇਠਾਂ ਤੱਕ ਪਹੁੰਚ ਗਈ। ਇਸ ਦਾ ਅਸਰ ਇੰਨਾ ਜ਼ਿਆਦਾ ਸੀ ਕਿ ਮਕਾਨ ਦੇ ਮੁੱਖ ਗੇਟ ਨੇੜੇ ਜ਼ਮੀਨ ਵਿੱਚ ਵੀ ਟੋਆ ਪੈ ਗਿਆ।
ਘਟਨਾ ਸਮੇਂ ਰਸੋਈ ਵਿੱਚ ਰੋਟੀ ਤਿਆਰ ਕਰ ਰਹੀ ਪਰਿਵਾਰ ਦੀ ਨੂੰਹ ਨੂੰ ਬਿਜਲੀ ਦਾ ਹਲਕਾ ਕਰੰਟ ਲੱਗਿਆ, ਜਿਸ ਕਾਰਨ ਉਸ ਦੇ ਹੱਥ ’ਤੇ ਮਾਮੂਲੀ ਸੱਟ ਲੱਗੀ। ਪਰਿਵਾਰ ਦੇ ਹੋਰ ਮੈਂਬਰਾਂ ਦੇ ਸੁਰੱਖਿਅਤ ਰਹਿਣ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਘਰ ਦੀ ਵਾਇਰਿੰਗ ਅਤੇ ਬਿਜਲੀ ਉਪਕਰਨ ਸੜੇ
ਪਰਿਵਾਰਕ ਮੈਂਬਰਾਂ ਮੁਤਾਬਕ ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ਦੀਆਂ ਉੱਪਰਲੀਆਂ ਅਤੇ ਹੇਠਲੀਆਂ ਦੋਵੇਂ ਮੰਜ਼ਿਲਾਂ ਦੀ ਸਮੁੱਚੀ ਬਿਜਲੀ ਵਾਇਰਿੰਗ ਸੜ ਗਈ। ਘਰ ਵਿੱਚ ਪਏ ਦੋ ਐਲ.ਈ.ਡੀ., ਇੱਕ ਟੈਲੀਵਿਜ਼ਨ, ਚਾਰ ਪੱਖੇ, ਫ਼ਰਿੱਜ, ਪਾਣੀ ਵਾਲੀ ਮੋਟਰ, ਸਿਲਾਈ ਮਸ਼ੀਨ ਅਤੇ ਮੋਬਾਈਲ ਫ਼ੋਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਬਿਜਲੀ ਦੀ ਫਿਟਿੰਗ ਅਤੇ ਹੋਰ ਘਰੇਲੂ ਸਾਮਾਨ ਦੇ ਨੁਕਸਾਨ ਕਾਰਨ ਪਰਿਵਾਰ ਨੂੰ ਮੁੜ ਘਰ ਦੀ ਬਿਜਲੀ ਵਿਵਸਥਾ ਠੀਕ ਕਰਵਾਉਣ ਅਤੇ ਉਪਕਰਨ ਬਦਲਣ ’ਤੇ ਵੱਡਾ ਖ਼ਰਚ ਕਰਨਾ ਪਵੇਗਾ।
ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਰਾਮਪ੍ਰਵੇਸ਼ ਦੇ ਪਰਿਵਾਰ ਲਈ ਇਹ ਘਟਨਾ ਵੱਡੀ ਆਰਥਿਕ ਸੱਟ ਸਾਬਤ ਹੋਈ ਹੈ। ਅਚਾਨਕ ਵਾਪਰੇ ਇਸ ਹਾਦਸੇ ਨੇ ਪਰਿਵਾਰ ਨੂੰ ਡੂੰਘੇ ਸਹਿਮ ਵਿੱਚ ਪਾ ਦਿੱਤਾ ਹੈ। ਘਰ ਦੀ ਛੱਤ ਨੂੰ ਹੋਏ ਨੁਕਸਾਨ ਅਤੇ ਰੋਜ਼ਾਨਾ ਵਰਤੋਂ ਵਾਲੇ ਬਿਜਲੀ ਉਪਕਰਨਾਂ ਦੇ ਸੜ ਜਾਣ ਕਾਰਨ ਪਰਿਵਾਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਇਸ ਭਿਆਨਕ ਘਟਨਾ ਵਿੱਚ ਪਰਿਵਾਰਕ ਮੈਂਬਰਾਂ ਦਾ ਸੁਰੱਖਿਅਤ ਬਚ ਜਾਣਾ ਵੱਡੀ ਰਾਹਤ ਵਾਲੀ ਗੱਲ ਹੈ।
- Download Babushahi App
-
-