ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ 7 ਅਗਸਤ ਨੂੰ ਪੋਸਟ ਗ੍ਰੈਜੂਏਟ ਕੋਰਸਾਂ ਲਈ ਸਪਾਟ ਐਡਮਿਸ਼ਨ ਕਾਊਂਸਲਿੰਗ
ਅਸ਼ੋਕ ਵਰਮਾ
ਬਠਿੰਡਾ, 5 ਅਗਸਤ 2026: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਵਲੋਂ ਅਕਾਦਮਿਕ ਸੈਸ਼ਨ 2026–27 ਲਈ ਵੱਖ-ਵੱਖ ਪੋਸਟ ਗ੍ਰੈਜੂਏਟ (ਪੀ.ਜੀ.) ਕੋਰਸਾਂ ਵਿੱਚ ਦਾਖਲੇ ਲਈ ਡਾਇਰੈਕਟ/ਆਨ-ਦ-ਸਪਾਟ ਐਡਮਿਸ਼ਨ ਕਾਊਂਸਲਿੰਗ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਕਾਊਂਸਲਿੰਗ 7 ਅਗਸਤ, 2026 (ਸ਼ੁੱਕਰਵਾਰ) ਸਵੇਰੇ 10:00 ਵਜੇ ਯੂਨੀਵਰਸਿਟੀ ਦੇ ਆਰੀਆਭੱਟ ਅਕਾਦਮਿਕ ਬਲਾਕ ਸਥਿਤ ਐਕਟੀਵਿਟੀ ਹਾਲ ਵਿੱਚ ਕਰਵਾਈ ਜਾਵੇਗੀ।
ਇਸ ਕਾਊਂਸਲਿੰਗ ਰਾਹੀਂ ਸੀਯੂਈਟੀ (ਪੀ.ਜੀ.)-2026 ਸਕੋਰ ਵਾਲੇ ਅਤੇ ਬਿਨਾਂ ਸੀਯੂਈਟੀ (ਪੀ.ਜੀ.)-2026 ਸਕੋਰ ਵਾਲੇ ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਉਪਲਬਧ ਖਾਲੀ ਸੀਟਾਂ 'ਤੇ ਦਾਖਲਾ ਲੈਣ ਦਾ ਮੌਕਾ ਮਿਲੇਗਾ।
ਇੱਛੁਕ ਉਮੀਦਵਾਰਾਂ ਨੂੰ 7 ਅਗਸਤ, 2026 ਸਵੇਰੇ 10:00 ਵਜੇ ਤੱਕ ਆਨਲਾਈਨ ਅਰਜ਼ੀ ਭਰਨੀ ਹੋਵੇਗੀ ਅਤੇ ਨਿਰਧਾਰਤ ਰਜਿਸਟ੍ਰੇਸ਼ਨ ਫੀਸ ਦੇ ਨਾਲ ਕਾਊਂਸਲਿੰਗ ਸਥਾਨ 'ਤੇ ਖੁਦ ਹਾਜ਼ਰ ਹੋਣਾ ਹੋਵੇਗਾ। ਸੀਯੂਈਟੀ (ਪੀ.ਜੀ.)-2026 ਵਿੱਚ ਸ਼ਾਮਲ ਹੋਏ ਉਮੀਦਵਾਰਾਂ ਨੂੰ ਉਨ੍ਹਾਂ ਦੇ ਸੀਯੂਈਟੀ (ਪੀ.ਜੀ.)-2026 ਸਕੋਰ ਦੇ ਆਧਾਰ 'ਤੇ ਦਾਖਲਾ ਦਿੱਤਾ ਜਾਵੇਗਾ, ਜਦਕਿ ਸੀਯੂਈਟੀ (ਪੀ.ਜੀ.)-2026 ਵਿੱਚ ਸ਼ਾਮਲ ਨਾ ਹੋਏ ਉਮੀਦਵਾਰਾਂ ਨੂੰ ਗ੍ਰੈਜੂਏਸ਼ਨ ਵਿੱਚ ਪ੍ਰਾਪਤ ਅੰਕਾਂ ਅਤੇ ਸੀਟਾਂ ਦੀ ਉਪਲਬਧਤਾ ਦੇ ਆਧਾਰ 'ਤੇ ਦਾਖਲਾ ਦਿੱਤਾ ਜਾਵੇਗਾ।
ਪ੍ਰੀਖਿਆ ਨਿਯੰਤਰਕ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 42 ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਸੀਮਤ ਖਾਲੀ ਸੀਟਾਂ ਉਪਲਬਧ ਹਨ। ਇੱਛੁਕ ਉਮੀਦਵਾਰਾਂ ਨੂੰ ਕੋਰਸ-ਵਾਰ ਅਪਡੇਟ ਕੀਤੀ ਖਾਲੀ ਸੀਟਾਂ ਦੀ ਸੂਚੀ ਦੇਖਣ ਲਈ ਯੂਨੀਵਰਸਿਟੀ ਦੀ ਵੈੱਬਸਾਈਟ www.cup.edu.in 'ਤੇ ਜਾਣ ਦੀ ਅਪੀਲ ਕੀਤੀ ਗਈ ਹੈ।ਉਪਲਬਧ ਕੋਰਸਾਂ ਚੋਂ ਕੋਰਸ-ਵਾਰ ਅਤੇ ਸ਼੍ਰੇਣੀ-ਵਾਰ ਖਾਲੀ ਸੀਟਾਂ ਦੀ ਸੂਚੀ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਉਪਲਬਧ ਹੈ।
ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਣਾ ਵੁਸਿਰਿਕਾ ਨੇ ਕਿਹਾ ਕਿ ਇਹ ਕਾਊਂਸਲਿੰਗ ਦੇਸ਼ ਭਰ, ਖ਼ਾਸ ਕਰਕੇ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਘੱਟ ਫੀਸ 'ਤੇ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਇੱਕ ਸੁਨਹਿਰਾ ਮੌਕਾ ਹੈ। ਉਨ੍ਹਾਂ ਯੋਗ ਵਿਦਿਆਰਥੀਆਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਨੈਕ ਤੋਂ ਏ+ ਗ੍ਰੇਡ ਮਾਨਤਾ ਪ੍ਰਾਪਤ ਅਤੇ ਲਗਾਤਾਰ ਸੱਤ ਸਾਲਾਂ ਤੋਂ ਐਨਆਈਆਰਐਫ ਰੈਂਕਿੰਗ ਵਿੱਚ ਦੇਸ਼ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚ ਸ਼ਾਮਲ ਇਸ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਆਪਣੇ ਭਵਿੱਖ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ। ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਨੇ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ 601–800 ਦੇ ਸਮੁੱਚੇ ਵਿਸ਼ਵ ਰੈਂਕ ਬੈਂਡ ਵਿੱਚ ਸਥਾਨ ਹਾਸਲ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਵਿਲੱਖਣ ਪਛਾਣ ਬਣਾਈ ਹੈ।
ਯੂਨੀਵਰਸਿਟੀ ਨੇ ਸਾਰੇ ਉਮੀਦਵਾਰਾਂ ਨੂੰ ਕਾਊਂਸਲਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਉਪਲਬਧ ਦਾਖਲਾ ਪ੍ਰਾਸਪੈਕਟਸ ਨੂੰ ਪੜ੍ਹਨ ਦੀ ਸਲਾਹ ਦਿੱਤੀ ਹੈ।
- Download Babushahi App
-
-