ਪੰਜਾਬ 'ਚ 3 ਤੋਂ 5 ਮੀਟਰ ਤੱਕ ਉੱਪਰ ਆਇਆ ਧਰਤੀ ਹੇਠਲਾ ਪਾਣੀ- ਹਰਪਾਲ ਚੀਮਾ ਦਾ ਦਾਅਵਾ
ਖੇਤਾਂ ਤੱਕ ਪਹੁੰਚਿਆ ਨਹਿਰੀ ਪਾਣੀ, 16 ਹਜ਼ਾਰ ਕਿਲੋਮੀਟਰ ਪਾਈਪਲਾਈਨਾਂ ਦਾ ਵਿਛਾਇਆ ਜਾਲ: ਵਿੱਤ ਮੰਤਰੀ ਚੀਮਾ ਦਾ ਦਾਅਵਾ
ਚੰਡੀਗੜ੍ਹ, 6 ਅਗਸਤ 2026- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਪਾਣੀ ਦੀ ਸਾਂਭ-ਸੰਭਾਲ ਲਈ ਕੀਤੇ ਜਾ ਰਹੇ ਇਤਿਹਾਸਕ ਯਤਨਾਂ ਦਾ ਵੇਰਵਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਦਿਨ-ਰਾਤ ਲੱਗੀ ਹੋਈ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਵੱਡੇ ਪੱਧਰ 'ਤੇ ਉਪਰਾਲੇ ਕਰਦਿਆਂ ਸੂਬੇ ਭਰ ਵਿੱਚ 16,000 ਕਿਲੋਮੀਟਰ ਲੰਬੀਆਂ ਪਾਈਪਲਾਈਨਾਂ ਦਾ ਜਾਲ ਵਿਛਾਇਆ ਹੈ, ਨਹਿਰੀ ਪਾਣੀ ਟੇਲਾਂ ਤੱਕ ਨਿਰਵਿਘਨ ਪਹੁੰਚ ਸਕੇ। ਇਸ ਵੱਡੀ ਪਹਿਲਕਦਮੀ ਦੇ ਨਤੀਜੇ ਵਜੋਂ ਹੁਣ ਜ਼ਮੀਨ ਹੇਠਲੇ ਪਾਣੀ 'ਤੇ ਨਿਰਭਰਤਾ ਘਟੀ ਹੈ ਅਤੇ ਨਹਿਰੀ ਪਾਣੀ ਦੀ ਵਰਤੋਂ ਵਿੱਚ ਬਹੁਤ ਵੱਡਾ ਵਾਧਾ ਦਰਜ ਕੀਤਾ ਗਿਆ ਹੈ।
ਚੀਮਾ ਨੇ ਖੁਲਾਸਾ ਕੀਤਾ ਕਿ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਹੈ ਕਿ ਪੰਜਾਬ ਦੇ ਕਈ ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ। ਕਈ ਬਲਾਕਾਂ ਵਿੱਚ ਪਾਣੀ ਦਾ ਪੱਧਰ 3 ਮੀਟਰ, ਕੁਝ ਵਿੱਚ 4 ਮੀਟਰ ਅਤੇ ਕਈ ਖੇਤਰਾਂ ਵਿੱਚ 5 ਮੀਟਰ ਤੱਕ ਉੱਚਾ ਉੱਠਿਆ (ਉਭਾਰ ਹੋਇਆ) ਹੈ। ਇਹ ਅੰਕੜੇ ਸਾਫ਼ ਦਰਸਾਉਂਦੇ ਹਨ ਕਿ ਭਗਵੰਤ ਮਾਨ ਸਰਕਾਰ ਜਿੱਥੇ ਵਾਤਾਵਰਨ ਪ੍ਰੇਮੀ ਹੈ, ਉੱਥੇ ਹੀ ਕਿਸਾਨਾਂ ਦਾ ਹੱਥ ਫੜ ਕੇ ਉਨ੍ਹਾਂ ਦੀ ਲਾਗਤ ਘਟਾਉਣ ਅਤੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
- Download Babushahi App
-
-