ਮਾਨਸਾ ਦੀ ਵੀ.ਆਈ.ਪੀ. ਰੋਡ ਦੇ ਘਪਲੇ ਨੂੰ ਲੈ ਕੇ ਹਾਈ ਕੋਰਟ ਜਾਣ ਦੀ ਤਿਆਰੀ
ਅਸ਼ੋਕ ਵਰਮਾ
ਮਾਨਸਾ ,6 ਅਗਸਤ 2026 : ਮਾਨਸਾ ਦੇ ਸੀਨੀਅਰ ਵਕੀਲ ਐਡਵੋਕੇਟ ਗੁਰਲਾਲ ਸਿੰਘ ਮਾਹਲ ਅਤੇ ਉਨ੍ਹਾਂ ਦੇ ਸਾਥੀ ਵਕੀਲਾਂ ਨੇ ਮਾਨਸਾ ਸ਼ਹਿਰ ਦੀ ਵੀ.ਆਈ.ਪੀ. ਰੋਡ (ਕੋਰਟ ਰੋਡ) ਬਣਾਉਣ ਵਿੱਚ ਕੀਤੇ ਗਏ ਕਥਿਤ ਘਪਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਾਣ ਦੀ ਤਿਆਰੀ ਕਰ ਲਈ ਹੈ।ਇਹ ਰਿੱਟ ਪਟੀਸ਼ਨ ਐਡਵੋਕੇਟ ਗੁਰਲਾਭ ਸਿੰਘ ਮਾਹਲ, ਐਡਵੋਕੇਟ ਗੋਰਾ ਸਿੰਘ ਥਿੰਦ ਅਤੇ ਐਡਵੋਕੇਟ ਹਰਿੰਦਰ ਸਿੰਘ ਮਾਨਸਾਹੀਆ ਵੱਲੋਂ ਸਾਂਝੇ ਤੌਰ 'ਤੇ ਪਾਈ ਜਾ ਰਹੀ ਹੈ। ਐਡਵੋਕੇਟ ਮਾਹਲ ਨੇ ਦੱਸਿਆ ਕਿ ਉਨਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ ਜੋ ਕਥਿਤ ਘਪਲਾ ਹੋਇਆ ਸੀ, ਉਸ ਵਿੱਚ ਨਗਰ ਕੌਂਸਲ ਮਾਨਸਾ ਦੇ ਉਸ ਸਮੇਂ ਦੇ ਚਾਰ ਅਧਿਕਾਰੀਆਂ ਸਮੇਤ ਠੇਕੇਦਾਰ ਨੂੰ ਘਪਲੇ ਦਾ ਦੋਸ਼ੀ ਪਾਇਆ ਗਿਆ ਸੀ। ਇਸ ਸਬੰਧੀ ਜਾਂਚ ਕਮੇਟੀ ਦੀ ਰਿਪੋਰਟ ਤਿਆਰ ਕਰਕੇ ਅੱਗੇ ਦੀ ਕਾਰਵਾਈ ਲਈ ਡਾਇਰੈਕਟਰ ਲੋਕਲ ਬੌਡੀਜ਼ ਕੋਲ ਭੇਜ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਦਾ ਸਮਾਂ ਬੀਤਣ ਬਾਅਦ ਵੀ ਕਥਿਤ ਸਿਆਸੀ ਦਬਾਅ ਹੇਠ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅਧਿਕਾਰੀਆਂ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਸੜਕ ਦੁਬਾਰਾ ਬਣਾ ਦੇਣਗੇ, ਪਰ ਨਾ ਹੀ ਸੜਕ ਬਣਾਈ ਗਈ। ਇਸ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ 60 ਦਿਨਾਂ ਦਾ ਕਾਨੂੰਨੀ ਨੋਟਿਸ ਦੇਣਾ ਹੁੰਦਾ ਹੈ, ਜੋ ਕਿ ਐਡਵੋਕੇਟ ਗੁਰਲਾਭ ਸਿੰਘ ਵੱਲੋਂ ਦਿੱਤਾ ਜਾ ਚੁੱਕਿਆ ਹੈ, ਜਿਸ ਦੀ ਮਿਆਦ ਪੂਰੀ ਹੋ ਚੁੱਕੀ ਹੈ।
ਹੁਣ ਇਸ ਮਾਮਲੇ ਸਬੰਧੀ ਹਾਈ ਕੋਰਟ ਵਿੱਚ ਰਿੱਟ ਪਾਉਣ ਲਈ ਕਾਰਵਾਈ ਅੱਗੇ ਵਧਾ ਦਿੱਤੀ ਗਈ ਹੈ।
- Download Babushahi App
-
-