ਲੁਧਿਆਣਾ ਦਿਹਾਤੀ ਪੁਲਿਸ ਦੇ 10 ਮੁਲਾਜ਼ਮ ਤਰੱਕੀ ਨਾਲ ਸਨਮਾਨਿਤ
ਤਿੰਨ ਸਬ-ਇੰਸਪੈਕਟਰ ਅਤੇ ਸੱਤ ਪੁਲਿਸ ਮੁਲਾਜ਼ਮ ਏਐਸਆਈ ਬਣੇ
ਜਗਰਾਉਂ: ਦੀਪਕ ਜੈਨ
ਲੁਧਿਆਣਾ ਦਿਹਾਤੀ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾ ਰਹੇ ਪੁਲਿਸ ਮੁਲਾਜ਼ਮਾਂ ਨੂੰ ਵਿਭਾਗ ਵੱਲੋਂ ਤਰੱਕੀ ਦੇ ਕੇ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਮੌਕੇ ਪੁਲਿਸ ਵਿਭਾਗ ਵੱਲੋਂ ਮੁਲਾਜ਼ਮਾਂ ਦੀ ਮਿਹਨਤ, ਅਨੁਸ਼ਾਸਨ ਅਤੇ ਸੇਵਾ-ਭਾਵਨਾ ਦੀ ਸ਼ਲਾਘਾ ਕੀਤੀ ਗਈ।
ਸੀਨੀਅਰ ਕਪਤਾਨ ਪੁਲਿਸ ਲੁਧਿਆਣਾ ਦਿਹਾਤੀ ਡਾ. ਅੰਕੁਰ ਗੁਪਤਾ ਵੱਲੋਂ ਰਾਜਵੀਰ ਸਿੰਘ, ਰਣਧੀਰ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਤਰੱਕੀ ਦੇ ਕੇ ਸਬ-ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਉਪਕਾਰ ਸਿੰਘ, ਪਵਨਦੀਪ ਸਿੰਘ, ਸੁਖਦੇਵ ਸਿੰਘ, ਜਸਪ੍ਰੀਤ ਸਿੰਘ, ਜਸਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਨੂੰ ਤਰੱਕੀ ਦੇ ਕੇ ਸਹਾਇਕ ਸਬ-ਇੰਸਪੈਕਟਰ (ਏਐਸਆਈ) ਬਣਾਇਆ ਗਿਆ ਹੈ।
ਤਰੱਕੀ ਪ੍ਰਾਪਤ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਮੋਢਿਆਂ ’ਤੇ ਐਸਐਸਪੀ ਡਾ. ਅੰਕੁਰ ਗੁਪਤਾ ਅਤੇ ਡੀਐਸਪੀ ਕੁਲਵੰਤ ਸਿੰਘ ਵੱਲੋਂ ਸਟਾਰ ਲਗਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਅਧਿਕਾਰੀਆਂ ਨੇ ਆਸ ਪ੍ਰਗਟਾਈ ਕਿ ਨਵੇਂ ਪਦ ’ਤੇ ਤਰੱਕੀ ਹਾਸਲ ਕਰਨ ਵਾਲੇ ਸਾਰੇ ਪੁਲਿਸ ਮੁਲਾਜ਼ਮ ਹੋਰ ਵੀ ਜ਼ਿਆਦਾ ਸਮਰਪਣ, ਨਿਰਪੱਖਤਾ ਅਤੇ ਜ਼ਿੰਮੇਵਾਰੀ ਨਾਲ ਆਪਣੀਆਂ ਡਿਊਟੀਆਂ ਨਿਭਾਉਣਗੇ।
ਪੁਲਿਸ ਵਿਭਾਗ ਵਿੱਚ ਪਦਉੱਨਤੀ ਨੂੰ ਮੁਲਾਜ਼ਮਾਂ ਦੀ ਲੰਬੀ ਸੇਵਾ, ਕਾਰਗੁਜ਼ਾਰੀ ਅਤੇ ਵਿਭਾਗੀ ਯੋਗਦਾਨ ਦੀ ਮਾਨਤਾ ਵਜੋਂ ਦੇਖਿਆ ਜਾਂਦਾ ਹੈ। ਲੁਧਿਆਣਾ ਦਿਹਾਤੀ ਪੁਲਿਸ ਵਿੱਚ ਇਸ ਤਰੱਕੀ ਨਾਲ ਜਿੱਥੇ ਮੁਲਾਜ਼ਮਾਂ ਦਾ ਮਨੋਬਲ ਉੱਚਾ ਹੋਇਆ ਹੈ, ਉੱਥੇ ਹੀ ਵਿਭਾਗੀ ਕੰਮਕਾਜ ਵਿੱਚ ਹੋਰ ਕੁਸ਼ਲਤਾ ਆਉਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ।
- Download Babushahi App
-
-