ਚੰਡੀਗੜ੍ਹ 'ਚ AAP ਦਾ ਗਵਰਨਰ ਹਾਊਸ ਵੱਲ ਮਾਰਚ, ਪੁਲਿਸ ਨੇ ਵਾਟਰ ਕੈਨਨ ਨਾਲ ਰੋਕਿਆ ਪ੍ਰਦਰਸ਼ਨ
BABUSHAHI NETWORK
ਚੰਡੀਗੜ੍ਹ, 6 ਅਗਸਤ 2026- ਆਮ ਆਦਮੀ ਪਾਰਟੀ (AAP) ਦੀ ਚੰਡੀਗੜ੍ਹ ਇਕਾਈ ਵੱਲੋਂ ਵੀਰਵਾਰ ਨੂੰ ਗਵਰਨਰ ਹਾਊਸ ਵੱਲ ਰੋਸ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਦੁਪਹਿਰ ਕਰੀਬ ਸਾਢੇ 12 ਵਜੇ ਜਿਵੇਂ ਹੀ ਪ੍ਰਦਰਸ਼ਨਕਾਰੀ ਗਵਰਨਰ ਹਾਊਸ ਵੱਲ ਵਧੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ। ਇਸ ਦੌਰਾਨ ਭੀੜ ਨੂੰ ਪਿੱਛੇ ਧੱਕਣ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਅਤੇ ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀਆਂ ਤੇਜ਼ ਬੁਛਾੜਾਂ ਛੱਡੀਆਂ ਗਈਆਂ, ਜਿਸ ਕਾਰਨ ਕੁਝ ਸਮੇਂ ਲਈ ਮੌਕੇ 'ਤੇ ਤਣਾਅ ਵਾਲਾ ਮਾਹੌਲ ਬਣ ਗਿਆ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਅਤੇ ਕੁਝ ਕੌਂਸਲਰਾਂ ਵੱਲੋਂ ਲੋਕਤੰਤਰੀ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਦੇ ਹੋਏ ਧੱਕੇਸ਼ਾਹੀ ਕੀਤੀ ਜਾ ਰਹੀ ਹੈ। AAP ਦਾ ਕਹਿਣਾ ਹੈ ਕਿ ਨਿਗਮ ਦੀ ਮੀਟਿੰਗ ਦੌਰਾਨ ਕਈ ਏਜੰਡੇ ਬਿਨਾਂ ਲੋੜੀਂਦੀ ਸਹਿਮਤੀ ਦੇ ਪਾਸ ਕੀਤੇ ਗਏ, ਜੋ ਨਿਯਮਾਂ ਅਤੇ ਲੋਕਤੰਤਰੀ ਪਰੰਪਰਾਵਾਂ ਦੇ ਉਲਟ ਹਨ।
'ਆਪ' ਨੇ ਇਹ ਵੀ ਦਾਅਵਾ ਕੀਤਾ ਕਿ ਕਰੀਬ 227 ਕਰੋੜ ਰੁਪਏ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਏਜੰਡਾ ਵੀ ਧੱਕੇਸ਼ਾਹੀ ਨਾਲ ਮਨਜ਼ੂਰ ਕਰਵਾਇਆ ਗਿਆ। ਪਾਰਟੀ ਨੇ ਦੋਸ਼ ਲਗਾਇਆ ਕਿ ਭਾਜਪਾ ਵੱਲੋਂ ਨਗਰ ਨਿਗਮ ਵਿੱਚ ਆਪਣੇ ਬਹੁਮਤ ਦਾ ਗਲਤ ਇਸਤੇਮਾਲ ਕਰਕੇ ਫ਼ੈਸਲੇ ਥੋਪੇ ਜਾ ਰਹੇ ਹਨ।
ਪ੍ਰਦਰਸ਼ਨਕਾਰੀਆਂ ਨੇ ਇਸ ਮਾਮਲੇ ਵਿੱਚ ਗਵਰਨਰ ਦੇ ਦਖ਼ਲ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਵਿਵਾਦਿਤ ਏਜੰਡਿਆਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਦੂਜੇ ਪਾਸੇ, ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਰੱਖਦਿਆਂ ਪ੍ਰਦਰਸ਼ਨਕਾਰੀਆਂ ਨੂੰ ਗਵਰਨਰ ਹਾਊਸ ਵੱਲ ਵਧਣ ਤੋਂ ਰੋਕ ਦਿੱਤਾ।
- Download Babushahi App
-
-