*ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ 17ਵੀਂ ਪ੍ਰਤੀਯੋਗੀ ਪ੍ਰੀਖਿਆ ਪਿੰਡ ਸਲੋਹ ਵਿਖੇ ਕਰਵਾਈ
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਅਗਸਤ, 2026
ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨੀ ਅਤੇ ਸੰਘਰਸ਼ਮਈ ਜੀਵਨ ’ਤੇ ਆਧਾਰਿਤ ਮਾਣਯੋਗ ਸੋਹਣ ਸਹਿਜਲ ਵੱਲੋਂ ਲਿਖੀ ਪੁਸਤਕ ‘ਡਾ. ਅੰਬੇਡਕਰ ਦੇ ਸੰਘਰਸ਼ ਦੇ ਸਾਥੀ’ ਵਿੱਚੋਂ 17ਵੀਂ ਪ੍ਰਤੀਯੋਗੀ ਪ੍ਰੀਖਿਆ ਪਿੰਡ ਸਲੋਹ ਵਿਖੇ ਕਰਵਾਈ ਗਈ। ਇਸ ਲਿਖਤੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਪ੍ਰਤੀਯੋਗੀ ਪ੍ਰੀਖਿਆ ਤਿੰਨ ਗਰੁੱਪਾਂ ਵਿੱਚ ਕਰਵਾਈ ਗਈ। ਗਰੁੱਪ ‘ਏ’ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀ ਨੂੰ 25,000 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 15,000 ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 10,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਗਰੁੱਪ ‘ਬੀ’ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਗਰੁੱਪ ‘ਸੀ’ ਵਿੱਚ ਬਾਰ੍ਹਵੀਂ ਪਾਸ ਤੋਂ 40 ਸਾਲ ਦੀ ਉਮਰ ਤੱਕ ਦੇ ਪ੍ਰਤੀਯੋਗੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਦੋਵੇਂ ਗਰੁੱਪਾਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਕ੍ਰਮਵਾਰ 50,000 ਰੁਪਏ, 20,000 ਰੁਪਏ ਅਤੇ 10,000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਤਿੰਨਾਂ ਗਰੁੱਪਾਂ ਵਿੱਚ ਪਹਿਲੇ ਤਿੰਨ ਸਥਾਨਾਂ ਤੋਂ ਇਲਾਵਾ ਮੈਰਿਟ ਵਿੱਚ ਅਗਲੇ 85-85 ਸਥਾਨਾਂ ’ਤੇ ਰਹਿਣ ਵਾਲੇ ਪ੍ਰਤੀਯੋਗੀਆਂ ਨੂੰ ਵੀ 1,000-1,000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਤਰ੍ਹਾਂ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ, ਸੰਘਰਸ਼ ਅਤੇ ਵਿਚਾਰਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਪੜ੍ਹਾਈ ਅਤੇ ਪ੍ਰਤੀਯੋਗੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਮਹੱਤਵਪੂਰਨ ਉਪਰਾਲਾ ਕੀਤਾ ਜਾ ਰਿਹਾ ਹੈ। ਅੱਜ ਪਿੰਡ ਸਲੋਹ ਵਿਖੇ ਹੋਈ ਪ੍ਰੀਖਿਆ ਵਿੱਚ ਕੁੱਲ 57 ਪ੍ਰਤੀਯੋਗੀਆਂ, ਜਿਨ੍ਹਾਂ ਵਿੱਚ 19 ਲੜਕੇ ਅਤੇ 38 ਲੜਕੀਆਂ ਸ਼ਾਮਲ ਸਨ, ਨੇ ਭਾਗ ਲਿਆ।
ਪ੍ਰੀਖਿਆ ਦੇ ਨਤੀਜੇ 1 ਨਵੰਬਰ 2026, ਦਿਨ ਐਤਵਾਰ, ਨੂੰ ਡਾ. ਅੰਬੇਡਕਰ ਸਕੂਲ ਆਫ ਥੌਟ, ਗੁਰਾਇਆਂ, ਜ਼ਿਲ੍ਹਾ ਜਲੰਧਰ ਵਿਖੇ ਐਲਾਨੇ ਜਾਣਗੇ। ਪ੍ਰੀਖਿਆ ਦਾ ਸਮੁੱਚਾ ਸੰਚਾਲਨ ਡਾ. ਸਰਬਜੀਤ ਜੀ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੇਵਾ ਮੁਕਤ ਲੈਕਚਰਾਰ ਨਰੇਸ਼ ਭੱਟੀ, ਡਾ. ਇੰਦਰਜੀਤ, ਅਨੀਤਾ ਕੁਮਾਰੀ ਅਤੇ ਸੁਭਾਸ਼ ਗੰਗੜ ਨੇ ਵੀ ਆਪਣਾ ਭਰਪੂਰ ਸਹਿਯੋਗ ਦਿੱਤਾ। ਇਸ ਸਬੰਧੀ ਜਾਣਕਾਰੀ ਸੇਵਾ-ਮੁਕਤ ਲੈਕਚਰਾਰ ਨਰੇਸ਼ ਭੱਟੀ ਨੇ ਪ੍ਰੈਸ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੌਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੰਘਰਸ਼, ਸਿੱਖਿਆ, ਸਮਾਨਤਾ ਅਤੇ ਸਮਾਜਿਕ ਨਿਆਂ ਦੇ ਵਿਚਾਰਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
- Download Babushahi App
-
-