File Photo
ਤਲਵੰਡੀ ਸਾਬੋ ਨੇੜੇ ਰਜਬਾਹੇ ’ਚ 25 ਫੁੱਟ ਦਾ ਪਾੜ, 100 ਏਕੜ ਖੇਤਾਂ ’ਚ ਭਰਿਆ ਪਾਣੀ
ਝੋਨੇ ਦੀ ਫ਼ਸਲ ਦੇ ਨੁਕਸਾਨ ਦਾ ਖ਼ਦਸ਼ਾ; ਕਿਸਾਨਾਂ ਵੱਲੋਂ ਪਾੜ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ
ਤਲਵੰਡੀ ਸਾਬੋ (ਬਠਿੰਡਾ), 12 ਅਕਤੂਬਰ 2026: ਤਲਵੰਡੀ ਸਾਬੋ ਉਪਮੰਡਲ ਦੇ ਪਿੰਡ ਫ਼ਤਹਿਗੜ੍ਹ ਨੌ ਆਬਾਦ ਨੇੜੇ ਲੰਘਦੇ ਰਜਬਾਹੇ ਵਿੱਚ ਅੱਧੀ ਰਾਤ ਤੋਂ ਬਾਅਦ ਪਾੜ ਪੈਣ ਕਾਰਨ ਕਰੀਬ 100 ਏਕੜ ਖੇਤੀ ਰਕਬੇ ਵਿੱਚ ਪਾਣੀ ਭਰ ਗਿਆ। ਇਸ ਕਾਰਨ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਦੇ ਨੁਕਸਾਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।
ਪਿੰਡ ਜਗਾ ਰਾਮ ਤੀਰਥ ਦੇ ਕਿਸਾਨਾਂ ਅਨੁਸਾਰ, ਰਜਬਾਹੇ ਵਿੱਚ ਰਾਤ ਕਰੀਬ 2 ਵਜੇ ਲਗਭਗ 25 ਫੁੱਟ ਚੌੜਾ ਪਾੜ ਪੈ ਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਕਿਸਾਨਾਂ ਨੇ ਮੌਕੇ ’ਤੇ ਪਹੁੰਚ ਕੇ ਪਾਣੀ ਨੂੰ ਖੇਤਾਂ ਵਿੱਚ ਫੈਲਣ ਤੋਂ ਰੋਕਣ ਅਤੇ ਪਾੜ ਪੂਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਪਾੜ ਪੂਰੀ ਤਰ੍ਹਾਂ ਪੂਰਿਆ ਨਹੀਂ ਜਾ ਸਕਿਆ ਸੀ।
ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪਾੜ ਪੂਰਨ ਦੇ ਕੰਮ ਵਿੱਚ ਜੁਟੇ ਹੋਏ ਹਨ। ਉੱਧਰ, ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ, ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰਜਬਾਹੇ ਵਿੱਚ ਪਾਣੀ ਦੀ ਸਪਲਾਈ ਪਿੱਛੋਂ ਹੀ ਬੰਦ ਕਰਵਾ ਦਿੱਤੀ ਗਈ ਹੈ।
ਕਿਸਾਨਾਂ ਨੂੰ ਹੁਣ ਫ਼ਸਲ ਦੇ ਸੰਭਾਵੀ ਨੁਕਸਾਨ ਦੀ ਚਿੰਤਾ ਸਤਾ ਰਹੀ ਹੈ। ਪ੍ਰਭਾਵਿਤ ਰਕਬੇ ਦਾ ਅਸਲ ਨੁਕਸਾਨ ਪਾਣੀ ਉਤਰਨ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
- Download Babushahi App
-
-