ਝੋਟਾ ਕਤਲ ਮਾਮਲਾ : ਅੱਗ ਲਾਉਣ ਅਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ ਤਹਿਤ 3 FIRs ਦਰਜ
ਮੁਲਜ਼ਮਾਂ ਦੀ ਪਛਾਣ ਲਈ ਵੀਡੀਓ ਤੇ ਸੀਸੀਟੀਵੀ ਫੁਟੇਜ ਖੰਗਾਲਣ ਦਾ ਕੰਮ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 17 ਅਕਤੂਬਰ 2026 : ਮਾਨਸਾ ਜ਼ਿਲ੍ਹਾ ਪੁਲਿਸ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਉਰਫ਼ ਝੋਟਾ ਦੇ ਕਤਲ ਵਿਰੁੱਧ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਦੰਗਾ ਕਰਨ ਅਤੇ ਭੜਕਾਊ ਭਾਸ਼ਣ ਦੇਣ ਦੀਆਂ ਘਟਨਾਵਾਂ ਸਬੰਧੀ ਤਿੰਨ ਐੱਫਆਈਆਰ ਦਰਜ ਕੀਤੀਆਂ ਹਨ। ਪੁਲਿਸ ਨੇ ਇਨ੍ਹਾਂ ਘਟਨਾਵਾਂ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।ਬਠਿੰਡਾ ਪੁਲਿਸ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਹਰਜੀਤ ਸਿੰਘ ਨੇ ਦੱਸਿਆ ਕਿ ਝੋਟਾ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰ ਰਹੀ ਇਨਸਾਫ਼ ਕਮੇਟੀ ਨਾਲ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਐੱਸਐੱਸਪੀ ਵੈਭਵ ਚੌਧਰੀ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ।
ਡੀਆਈਜੀ ਨੇ ਕਿਹਾ ਕਿ ਪੁਲਿਸ ਦੀ ਤਕਨੀਕੀ ਟੀਮ ਘਟਨਾਵਾਂ ਦੀਆਂ ਵੀਡੀਓਜ਼ ਦਾ ਵਿਸ਼ਲੇਸ਼ਣ ਕਰ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਹੋਏ ਪ੍ਰਦਰਸ਼ਨ ਦੌਰਾਨ ਸਮਾਜ ਵਿਰੋਧੀ ਅਨਸਰਾਂ ਨੇ ਇੱਕ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਸੀ। ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਪਹਿਲੇ ਮਾਮਲੇ ਵਿੱਚ ਭੀੜ ਨੇ ਬੁੱਧਵਾਰ ਨੂੰ ਮੁਲਜ਼ਮ ਅਸ਼ਵਨੀ ਕੁਮਾਰ ਦੀ ਦਵਾਈਆਂ ਦੀ ਦੁਕਾਨ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਇਹ ਘਟਨਾ ਝੋਟਾ ਦੀ 13 ਅਕਤੂਬਰ ਨੂੰ ਹੋਈ ਮੌਤ ਤੋਂ ਬਾਅਦ ਵਾਪਰੀ।ਇਸੇ ਦਿਨ ਨਿਹੰਗਾਂ ਦੀ ਅਗਵਾਈ ਹੇਠ ਭੀੜ ਮਾਨਸਾ ਸ਼ਹਿਰ ਦੀ ਇੱਕ ਨਿੱਜੀ ਕਾਲੋਨੀ ਵਿੱਚ ਪਹੁੰਚੀ। ਉੱਥੇ ਇਹ ਅਫ਼ਵਾਹ ਫੈਲੀ ਸੀ ਕਿ ਮੁਲਜ਼ਮ ਦਾ ਘਰ ਉਸ ਕਾਲੋਨੀ ਵਿੱਚ ਹੈ।
ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ, ਜਿਨ੍ਹਾਂ ਵਿੱਚ ਭੀੜ ਦੇ ਇੱਕ ਆਗੂ ਵੱਲੋਂ ਵਪਾਰੀ ਭਾਈਚਾਰੇ ਵਿਰੁੱਧ ਫਿਰਕੂ ਅਤੇ ਨਫ਼ਰਤੀ ਟਿੱਪਣੀਆਂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ। ਹਾਲਾਂਕਿ ਬਾਬੂ ਸ਼ਾਹੀ ਇਹਨਾਂ ਵੀਡੀਓਜ਼ ਦੀ ਪੁਸ਼ਟੀ ਨਹੀਂ ਕਰਦਾ ਹੈ।ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਦੇ ਇੱਕ ਹੋਰ ਹਜੂਮ ਨੇ ਇੱਕ ਦੁਕਾਨ ਦੀ ਭੰਨਤੋੜ ਕੀਤੀ ਅਤੇ ਦੁਕਾਨਦਾਰ ਦੇ ਤੰਬਾਕੂ ਪਦਾਰਥ ਸਾੜ ਦਿੱਤੇ ਗਏ ਸਨ। ਦੱਸਿਆ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਬੰਦ ਦੇ ਸੱਦੇ ਦੀ ਕਥਿਤ ਉਲੰਘਣਾ ਦੇ ਵਿਰੋਧ ਵਿੱਚ ਇਹ ਕਾਰਵਾਈ ਕੀਤੀ। ਡੀਆਈਜੀ ਹਰਜੀਤ ਸਿੰਘ ਨੇ ਦੱਸਿਆ ਕਿ ਤਿੰਨਾਂ ਘਟਨਾਵਾਂ ਨਾਲ ਸਬੰਧਤ ਸੋਸ਼ਲ ਮੀਡੀਆ ਸਮੱਗਰੀ ਅਤੇ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਗਈ ਹੈ, ਜਿਸ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਪਾਰੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸ਼ਹਿਰ ਦੇ ਵਪਾਰਕ ਅਦਾਰੇ ਸ਼ੁੱਕਰਵਾਰ ਤੋਂ ਮੁੜ ਖੁੱਲ੍ਹਣਗੇ। ਝੋਟਾ ਦੀ ਮੌਤ ਤੋਂ ਬਾਅਦ ਲਗਾਤਾਰ ਤਿੰਨ ਦਿਨ ਦੁਕਾਨਾਂ ਬੰਦ ਰਹੀਆਂ ਸਨ।ਐੱਸਐੱਸਪੀ ਵੈਭਵ ਚੌਧਰੀ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਜਾਂ ਅੰਦੋਲਨ ਦੇ ਨਾਂ ’ਤੇ ਗੁੰਡਾਗਰਦੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਘਰਸ਼ ਕਰ ਰਹੇ ਆਗੂਆਂ ਨੇ ਵੀ ਪ੍ਰਸ਼ਾਸਨ ਦੇ ਇਸ ਫ਼ੈਸਲੇ ਦੀ ਹਮਾਇਤ ਕੀਤੀ ਹੈ।ਝੋਟਾ ਦੇ ਪਿਤਾ ਭੀਮ ਸਿੰਘ ਨੇ ਸ਼ਾਮ ਨੂੰ ਦੱਸਿਆ ਕਿ 21 ਮੈਂਬਰੀ ਕਮੇਟੀ ਨੇ ਹਿੰਸਾ ਕਰਨ ਜਾਂ ਫਿਰਕੂ ਟਿੱਪਣੀਆਂ ਕਰਨ ਵਾਲਿਆਂ ਤੋਂ ਦੂਰੀ ਬਣਾਈ ਰੱਖਣ ਦਾ ਫ਼ੈਸਲਾ ਕੀਤਾ ਹੈ।
- Download Babushahi App
-
-