ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
ਸੁਲਤਾਨਪੁਰ ਲੋਧੀ:- 03 ਨਵੰਬਰ ( ) ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦੀ ਅਗਵਾਈ ਹੇਠ ਮੁੰਬਈ ਦੀ ਧਰਤੀ ’ਤੇ ਖਾਲਸਈ ਜਾਹੋ-ਜਲਾਲ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਬਾਬਾ ਬਲਬੀਰ ਸਿੰਘ ਜੀ ਦੀ ਮੁੰਬਈ ਆਮਦ ’ਤੇ ਸਥਾਨਕ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬੁੱਢਾ ਦਲ ਦੇ ਘੋੜਿਆਂ ਦੀ ਸੰਭਾਲ ਅਤੇ ਠਹਿਰਾਅ ਲਈ ਵਿਸ਼ੇਸ਼ ਸ਼ਾਮਿਆਨਿਆਂ ਦਾ ਪ੍ਰਬੰਧ ਵੀ ਕੀਤਾ ਗਿਆ।
ਨਗਰ ਕੀਰਤਨ ਸ. ਤਾਰਾ ਸਿੰਘ ਯਾਦਗਾਰੀ ਹਾਲ ਤੋਂ ਆਰੰਭ ਹੋ ਕੇ ਗੁਰਦੁਆਰਾ ਸਿੰਘ ਸਭਾ, ਭਾਂਡੁਪ ਵਿਖੇ ਪਹੁੰਚਿਆ। ਇਸ ਦੌਰਾਨ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸ਼ਰਧਾ ਅਤੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿੱਚ ਨਿਹੰਗ ਸਿੰਘਾਂ ਦੇ ਦਲਾਂ ਅਤੇ ਖਾਲਸਈ ਰਵਾਇਤਾਂ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ। ਗੁਰਦੁਆਰਾ ਸਿੰਘ ਸਭਾ, ਭਾਂਡੁਪ ਵਿਖੇ ਪਹੁੰਚਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਭਾਈ ਸੁਖਜੀਤ ਸਿੰਘ ਕਨ੍ਹਈਆ ਨੇ ਗੁਰਬਾਣੀ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਜੀਵਨ, ਗੁਰਮਤਿ ਸਿੱਖਿਆਵਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਤੇ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।
ਉਪਰੰਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਵੱਲੋਂ ਸੰਗਤਾਂ ਨੂੰ ਸਿੱਖ ਪੰਥ ਦੇ ਅਮੀਰ ਇਤਿਹਾਸ ਅਤੇ ਸ਼ਸਤਰ ਪਰੰਪਰਾ ਨਾਲ ਜੋੜਦਿਆਂ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ। ਇਸ ਧਾਰਮਿਕ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਗੁਰਿੰਦਰ ਸਿੰਘ ਬਾਵਾ ਅਤੇ ਬਾਲੀਵੁੱਡ ਅਦਾਕਾਰ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਨੇ ਸ਼ਮੂਲੀਅਤ ਕਰਕੇ ਗੁਰੂ ਘਰ ਵਿਖੇ ਹਾਜ਼ਰੀ ਭਰੀ ਅਤੇ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਰਜਨੀਤ ਸਿੰਘ ਜੌਨੀ, ਵਰਿੰਦਰ ਸਿੰਘ ਵੀਰੂ, ਬਾਬਾ ਬਲਦੇਵ ਸਿੰਘ ਢੋਡੀ, ਬਾਬਾ ਸੁਖਦੇਵ ਸਿੰਘ, ਬਾਬਾ ਮਲੂਕ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਮਝੈਲ ਜੀ, ਬਾਬਾ ਗਗਨਦੀਪ ਸਿੰਘ, ਬਾਬਾ ਮੱਘਰ ਸਿੰਘ ਹੈੱਡ ਗ੍ਰੰਥੀ, ਸ. ਇੰਦਰਪਾਲ ਸਿੰਘ ਰਿੱਕੀ, ਸ. ਸਾਗਰ ਸਿੰਘ ਅਤੇ ਸ. ਲੱਡੂ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਮੁੱਚਾ ਸਮਾਗਮ ਗੁਰੂ ਸਾਹਿਬ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਿਹਾ। ਸੰਗਤਾਂ ਦੀ ਭਰਵੀਂ ਸ਼ਮੂਲੀਅਤ ਅਤੇ ਨਿਹੰਗ ਸਿੰਘਾਂ ਦੀ ਹਾਜ਼ਰੀ ਨੇ ਮੁੰਬਈ ਦੀ ਧਰਤੀ ’ਤੇ ਸਿੱਖ ਪੰਥ ਦੀਆਂ ਪੁਰਾਤਨ ਰਵਾਇਤਾਂ, ਸ਼ਸਤਰ ਵਿੱਦਿਆ ਅਤੇ ਖਾਲਸਈ ਵਿਰਸੇ ਦੀ ਵਿਲੱਖਣ ਛਾਪ ਛੱਡੀ।
- Download Babushahi App
-
-