ਮਠਿਆਈਆਂ ਦੇ ਨਾਂ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ! ਤਿੰਨ ਮਹੀਨੇ ਪੁਰਾਣੀਆਂ ਮਠਿਆਈਆਂ ਮਿਲਣ ’ਤੇ ਉੱਠੇ ਸਵਾਲ
ਸੁਖਮਿੰਦਰ ਭੰਗੂ
ਲੁਧਿਆਣਾ, 4 ਨਵੰਬਰ 2026- ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਲੁਧਿਆਣਾ ਵਿੱਚ ਮਠਿਆਈਆਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਨਵੀਂ ਸਬਜ਼ੀ ਮੰਡੀ ਸਥਿਤ ਦੋ ਕੋਲਡ ਸਟੋਰਾਂ ’ਤੇ ਖੁਰਾਕ ਸੁਰੱਖਿਆ ਵਿਭਾਗ ਦੀ ਛਾਪੇਮਾਰੀ ਦੌਰਾਨ ਤਿੰਨ ਮਹੀਨੇ ਪੁਰਾਣੀਆਂ ਮਠਿਆਈਆਂ ਮਿਲਣ ਅਤੇ ਕਰੀਬ ਇੱਕ ਟਨ ਮਠਿਆਈਆਂ ਨਸ਼ਟ ਕਰਵਾਉਣ ਦੀ ਕਾਰਵਾਈ ਨੇ ਖਪਤਕਾਰਾਂ ਦੀ ਸਿਹਤ ਪ੍ਰਤੀ ਚਿੰਤਾ ਵਧਾ ਦਿੱਤੀ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਪੱਤਰ ਲਿਖ ਕੇ ਲੁਧਿਆਣਾ ਭਰ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਅਤੇ ਕੋਲਡ ਸਟੋਰਾਂ ਦੀ ਦੀਵਾਲੀ ਤੱਕ ਰੋਜ਼ਾਨਾ ਸਵੇਰੇ-ਸ਼ਾਮ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸਿਹਤ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਾਂਚ ਮੁਹਿੰਮ ਸਿਰਫ਼ ਛੋਟੇ ਵਿਕਰੇਤਾਵਾਂ ਤੱਕ ਸੀਮਤ ਨਾ ਰਹੇ, ਸਗੋਂ ਵੱਡੇ ਅਤੇ ਨਾਮਵਰ ਮਠਿਆਈ ਘਰਾਂ ਨੂੰ ਵੀ ਇਸ ਦੇ ਘੇਰੇ ਵਿੱਚ ਲਿਆਂਦਾ ਜਾਵੇ।
ਸ਼ਰਮਾ ਨੇ ਕਿਹਾ ਕਿ ਮਾਡਲ ਟਾਊਨ, ਘੁਮਾਰ ਮੰਡੀ, ਚੌੜਾ ਬਾਜ਼ਾਰ, ਫੀਲਡ ਗੰਜ, ਬੀਆਰਐਸ ਨਗਰ, ਸਰਾਭਾ ਨਗਰ ਅਤੇ ਹੈਬੋਵਾਲ ਸਮੇਤ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾਵੇ। ਉਨ੍ਹਾਂ ਦੱਸਿਆ ਕਿ ਕਈ ਮਠਿਆਈਆਂ ਦੀਆਂ ਦੁਕਾਨਾਂ ਦੇ ਡਿਸਪਲੇ ਕਾਊਂਟਰਾਂ ’ਤੇ ਸਿਰਫ਼ ਮਠਿਆਈ ਦਾ ਨਾਮ ਅਤੇ ਕੀਮਤ ਲਿਖੀ ਹੁੰਦੀ ਹੈ, ਜਦਕਿ ਤਿਆਰ ਕਰਨ ਦੀ ਮਿਤੀ ਅਤੇ 'ਬੈਸਟ ਬਿਫੋਰ' ਦੀ ਜਾਣਕਾਰੀ ਗਾਹਕਾਂ ਨੂੰ ਨਹੀਂ ਦਿੱਤੀ ਜਾਂਦੀ। ਇਸ ਨਾਲ ਖਪਤਕਾਰਾਂ ਲਈ ਮਠਿਆਈ ਦੀ ਤਾਜ਼ਗੀ ਅਤੇ ਮਿਆਦ ਬਾਰੇ ਜਾਣਨਾ ਮੁਸ਼ਕਲ ਹੋ ਜਾਂਦਾ ਹੈ।
ਉਨ੍ਹਾਂ ਮਠਿਆਈਆਂ ਦੇ ਨਾਲ ਦਿੱਤੇ ਜਾਣ ਵਾਲੇ ਗੱਤੇ ਦੇ ਡੱਬਿਆਂ ਦਾ ਭਾਰ ਵੀ ਮਠਿਆਈ ਦੇ ਕੁੱਲ ਵਜ਼ਨ ਵਿੱਚ ਜੋੜ ਕੇ ਪੈਸੇ ਵਸੂਲਣ ਦੀਆਂ ਸ਼ਿਕਾਇਤਾਂ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ 600 ਤੋਂ 2,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਿਕਣ ਵਾਲੀਆਂ ਮਠਿਆਈਆਂ ਦੇ ਮਾਮਲੇ ਵਿੱਚ ਡੱਬੇ ਦਾ ਭਾਰ ਗਾਹਕ ਤੋਂ ਵਸੂਲਣਾ ਅਨੁਚਿਤ ਹੈ। ਉਨ੍ਹਾਂ ਕਾਨੂੰਨੀ ਮੈਟਰੋਲੋਜੀ ਵਿਭਾਗ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਯਕੀਨੀ ਬਣਾਉਣ ਦੀ ਮੰਗ ਕੀਤੀ ਕਿ ਖਪਤਕਾਰਾਂ ਤੋਂ ਸਿਰਫ਼ ਮਠਿਆਈ ਦੇ ਅਸਲ ਵਜ਼ਨ ਦੇ ਹੀ ਪੈਸੇ ਲਏ ਜਾਣ।
ਅਰਵਿੰਦ ਸ਼ਰਮਾ ਨੇ ਮੰਗ ਕੀਤੀ ਕਿ ਬਾਸੀ, ਮਿਲਾਵਟੀ ਅਤੇ ਅਸੁਰੱਖਿਅਤ ਮਠਿਆਈਆਂ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੀਆਂ ਵਸਤਾਂ ਨੂੰ ਨਿਯਮਾਂ ਅਨੁਸਾਰ ਜ਼ਬਤ ਕਰਕੇ ਨਸ਼ਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਕਿਸੇ ਵੀ ਵੱਡੇ ਜਾਂ ਛੋਟੇ ਮਠਿਆਈ ਵਿਕਰੇਤਾ ਨਾਲ ਪੱਖਪਾਤ ਨਾ ਹੋਵੇ ਅਤੇ ਮੱਧ ਵਰਗ ਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀ ਸਿਹਤ ਅਤੇ ਹਿੱਤਾਂ ਦੀ ਵਿਸ਼ੇਸ਼ ਸੁਰੱਖਿਆ ਕੀਤੀ ਜਾਵੇ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਤਿਉਹਾਰਾਂ ਦੇ ਨਾਂ ’ਤੇ ਮੁਨਾਫ਼ਾ ਕਮਾਉਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਰਕਾਰ ਅਤੇ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ ਕਿ ਦੀਵਾਲੀ ਤੋਂ ਪਹਿਲਾਂ ਹੀ ਪ੍ਰਭਾਵਸ਼ਾਲੀ ਕਦਮ ਚੁੱਕ ਕੇ ਸ਼ਹਿਰ ਵਿੱਚ ਸੁਰੱਖਿਅਤ ਮਠਿਆਈਆਂ ਦੀ ਵਿਕਰੀ ਅਤੇ ਖਪਤਕਾਰਾਂ ਨਾਲ ਨਿਰਪੱਖ ਵਿਹਾਰ ਯਕੀਨੀ ਬਣਾਇਆ ਜਾਵੇ।
- Download Babushahi App
-
-