''ਇਨਸਾਫ ਦੀ ਮੰਗ ਨੂੰ ਲੈ ਕੇ ਗੰਭੀਰਪੁਰ ਵਿੱਚ ਸ਼ੁਰੂ ਹੋਇਆ ਪੱਕਾ ਧਰਨਾ''
ਚੰਡੀਗੜ੍ਹ, 19 ਅਕਤੂਬਰ 2026 : 4161 ਮਾਸਟਰ ਕਾਡਰ ਭਰਤੀ ਵਿੱਚੋਂ 253 ਅਧਿਆਪਕਾਂ ਨੂੰ ਭੇਜੇ ਸੇਵਾਵਾਂ ਖਤਮ ਕਰਨ ਦੇ ਕਾਰਨ ਦੱਸੋ ਨੋਟਿਸ ਦਾ ਮਸਲਾ ਸਾਢੇ ਪੰਜ ਮਹੀਨੇ ਬੀਤਣ ਤੋਂ ਬਾਅਦ ਵੀ ਸੁਲਝਣ ਦਾ ਨਾਮ ਨਹੀਂ ਲੈ ਰਿਹਾ।
ਜ਼ਿਕਰਯੋਗ ਹੈ ਕਿ 7 ਮਈ 2026 ਨੂੰ ਤਿੰਨ ਸਾਲਾਂ ਦਾ ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਤੋਂ ਕੇਵਲ ਇੱਕ ਦਿਨ ਪਹਿਲਾਂ ਪੰਜਾਬ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਮਾਸਟਰ ਕਾਡਰ ਦੀਆਂ ਸੇਵਾਵਾਂ ਨਿਭਾ ਰਹੇ 253 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੁਆਰਾ ਸੇਵਾਵਾਂ ਖਤਮ ਕਰਨ ਦਾ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਸੀ, ਇਸ ਦਾ ਕਾਰਨ ਦੱਸਦੇ ਹੋਏ ਬੁਲਾਰਿਆਂ ਨੇ ਦੱਸਿਆ ਕਿ ਦਸੰਬਰ 2021 ਵਿੱਚ ਕਾਂਗਰਸ ਸਰਕਾਰ ਦੁਆਰਾ ਵੱਖ ਵੱਖ ਵਿਸ਼ਿਆਂ ਦੀਆਂ 4161 ਅਸਾਮੀਆਂ ਲਈ ਭਰਤੀ ਕੱਢੀ ਗਈ ਸੀ ਜਿਸ ਦੀ ਪ੍ਰੀਖਿਆ ਅਗਸਤ 2022 ਦੇ ਵਿੱਚ ਕਰਵਾਈ ਗਈ, ਸਿੱਖਿਆ ਵਿਭਾਗ ਪੰਜਾਬ ਦੁਆਰਾ ਇਹ ਪ੍ਰੀਖਿਆ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਛੱਡ ਇੱਕ ਕੰਪਨੀ ਨਾਈਲੇਟ ਦੁਆਰਾ ਕਰਵਾਈ ਗਈ। ਜਿਸ ਦਾ ਨਤੀਜਾ ਤਰੁਟੀਆਂ ਨਾਲ ਭਰੀ ਹੋਈ ਉੱਤਰ ਕੁੰਜੀ ਨਾਲ ਦਸੰਬਰ 2022 ਵਿੱਚ ਜਾਰੀ ਕੀਤਾ ਅਤੇ ਇਸੇ ਉੱਤਰ ਕੁੰਜੀ ਦੇ ਆਧਾਰ ਤੇ ਹੀ ਸਿਲੈਕਸ਼ਨ ਲਿਸਟ ਜਾਰੀ ਕਰ ਨਿਯੁਕਤੀ ਪੱਤਰ ਵੰਡੇ ਗਏ।
ਉੱਤਰ ਕੁੰਜੀ ਗਲਤ ਹੋਣ ਕਾਰਨ ਇਹ ਸਾਰਾ ਮਸਲਾ ਮਾਣਯੋਗ ਹਾਈ ਕੋਰਟ ਵਿੱਚ ਗਿਆ ਅਤੇ ਹਾਈ ਕੋਰਟ ਦੇ ਆਦੇਸ਼ ਉੱਤੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਕੁਝ ਹੋਰ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਰਾਂ ਦੁਆਰਾ ਇਸ ਗਲਤ ਉੱਤਰ ਕੁੰਜੀ ਵਿੱਚ ਸੁਧਾਈ ਕੀਤੀ ਗਈ। ਸੋਧੀ ਹੋਈ ਉੱਤਰ ਕੁੰਜੀ ਅਨੁਸਾਰ ਨਵੀਂ ਸਿਲੈਕਸ਼ਨ ਲਿਸਟ ਬਣਾਈ ਗਈ ਅਤੇ ਇਹ ਸਿਲੈਕਟ ਹੋਏ ਅਧਿਆਪਕ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਰੰਤਰ ਨਿਭਾਂਦੇ ਆ ਰਹੇ ਹਨ।
ਪ੍ਰੰਤੂ ਮਈ 2026 ਵਿੱਚ ਸਿੱਖਿਆ ਵਿਭਾਗ ਦੁਆਰਾ ਇੱਕ ਵਾਰ ਫਿਰ ਯੂਨੀਵਰਸਿਟੀਆਂ ਦੇ ਮਾਹਿਰਾਂ ਦੁਆਰਾ ਸੋਧੀ ਹੋਈ ਉੱਤਰ ਕੁੰਜੀ ਨੂੰ ਰੱਦ ਕਰ ਨਾਈਲੈਟ ਕੰਪਨੀ ਦੁਆਰਾ ਬਣਾਈ ਤਰੁਟੀਆਂ ਭਰੀ ਉੱਤਰ ਕੁੰਜੀ ਨੂੰ ਲਾਗੂ ਕਰ ਦਿੱਤਾ ਗਿਆ ਹੈ ਜਿਸ ਕਾਰਨ 253 ਅਧਿਆਪਕਾਂ ਨੂੰ ਬਿਨਾਂ ਕਿਸੇ ਗਲਤੀ ਤੋਂ ਸੇਵਾਵਾਂ ਖਤਮ ਕਰਨ ਦੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਹ ਪੀੜਿਤ ਅਧਿਆਪਕ ਪਿਛਲੇ ਸਾਢੇ ਪੰਜ ਮਹੀਨੇ ਤੋਂ ਇਨਸਾਫ ਦੀ ਮੰਗ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਅੱਗੇ ਗੁਹਾਰ ਲਗਾ ਰਹੇ ਹਨ ਪਰ ਫਿਰ ਵੀ ਇਹਨਾਂ ਦਾ ਮਸਲਾ ਅਜੇ ਤੱਕ ਵੀ ਹੱਲ ਹੋਣ ਦਾ ਨਾਮ ਨਹੀਂ ਲੈ ਰਿਹਾ। ਭਾਵੇਂ ਕਿ ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਨੇ ਕਈ ਵਾਰ ਜਲਦ ਤੋਂ ਜਲਦ ਇਹ ਮਸਲਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਪਰ ਫਿਰ ਵੀ ਸਾਢੇ ਪੰਜ ਮਹੀਨੇ ਗੁਜਰਨ ਤੋਂ ਬਾਅਦ ਵੀ ਇਹ ਅਧਿਆਪਕ ਸੜਕਾਂ ਤੇ ਉੱਤਰ ਇਨਸਾਫ ਦੀ ਮੰਗ ਕਰ ਰਹੇ ਹਨ। ਬੁਲਾਰਿਆਂ ਨੇ ਦੱਸਿਆ ਕਿ ਵੱਧ ਅੰਕ ਪ੍ਰਾਪਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਸਿਲੇਕਸ਼ਨ ਲਿਸਟ ਵਿੱਚੋਂ ਬਾਹਰ ਕੀਤਾ ਗਿਆ ਹੈ।
ਜੇਕਰ ਉਹਨਾਂ ਨਾਲ ਜਲਦ ਤੋ ਜਲਦ ਇਨਸਾਫ ਨਾ ਕੀਤਾ ਗਿਆ ਤਾਂ ਉਹ ਇਹ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕਰਨਗੇ,
ਉਨਾਂ ਨੇ ਇਸ ਭਰਤੀ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਵੀ ਗੱਲ ਵੀ ਆਖੀ ਕਿਉਂਕਿ ਉਹਨਾਂ ਨੂੰ ਸ਼ੰਕਾ ਹੈ ਕਿ ਇਸ ਭਰਤੀ ਵਿੱਚ ਕੋਈ ਵੱਡੀ ਘਪਲੇਬਾਜ਼ੀ ਹੋਈ ਹੈ। ਉਹਨਾਂ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ। ਉਹਨਾਂ ਨੂੰ ਜੀਟੀਯੂ, ਡੀਟੀਐਫ ਅਤੇ ਕਿਸਾਨ ਜਥੇਬੰਦੀਆਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।
- Download Babushahi App
-
-