ਸਾਡੀ ਬੋਲੀ, ਸਾਡਾ ਮਾਣ : ਹਮਿਲਟਨ ’ਚ ਗੂੰਜੀ ਪੰਜਾਬੀਅਤ ਦੀ ਅਨਮੋਲ ਸ਼ਾਨ!
ਮਨਾਇਆ ਗਿਆ 7ਵਾਂ ਪੰਜਾਬੀ ਹਫ਼ਤਾ ਅਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੰਜਾਬੀ ਲਾਇਬ੍ਰੇਰੀ ਦਾ ਹੋਇਆ ਉਦਘਾਟਨ
-ਸੱਭਿਆਚਾਰਕ ਰੰਗਾਂ ਵਿੱਚ ਰੰਗਿਆ ਗਿਆ ਹਮਿਲਟਨ ਸ਼ਹਿਰ
-ਤਿੰਨ ਦਰਜਨ ਸ਼ਾਨਦਾਰ ਪੇਸ਼ਕਾਰੀਆਂ ਅਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਰਹੇ ਖਿੱਚ ਦਾ ਕੇਂਦਰ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 14 ਨਵੰਬਰ 2026:-ਨਿਊਜ਼ੀਲੈਂਡ ਵਿੱਚ ਬੜੇ ਉਤਸ਼ਾਹ ਅਤੇ ਚਾਅ ਨਾਲ ਮਨਾਏ ਜਾ ਰਹੇ ਸੱਤਵੇਂ ਪੰਜਾਬੀ ਭਾਸ਼ਾ ਹਫ਼ਤੇ ਦਾ ਇਕ ਹੋਰ ਵੱਡਾ ਸਮਾਗਮ ਅੱਜ ਹਮਿਲਟਨ ਵਿਖੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਇਤਿਹਾਸਕ ਮੌਕੇ ਹਮਿਲਟਨ ਵਿਖੇ ‘ਸ਼ਹੀਦ ਭਗਤ ਸਿੰਘ ਯਾਦਗਾਰੀ ਪੰਜਾਬੀ ਲਾਇਬ੍ਰੇਰੀ’ ਦਾ ਵਿਸ਼ੇਸ਼ ਤੌਰ ’ਤੇ ਉਦਘਾਟਨ ਵੀ ਕੀਤਾ ਗਿਆ, ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਇਕ ਬਹੁਤ ਵੱਡੀ ਪ੍ਰਾਪਤੀ ਹੋ ਨਿੱਬੜੀ। ਇਹ ਸ਼ਾਨਦਾਰ ਸਮਾਗਮ ਅੱਜ ਬਾਅਦ ਦੁਪਹਿਰ 3 ਵਜੇ 21 ਮੌਈ ਸਟਰੀਟ, ਹਮਿਲਟਨ ਵਿਖੇ ਕਰਵਾਇਆ ਗਿਆ, ਜਿਸ ਵਿੱਚ ਹਮਿਲਟਨ ਸਿਟੀ ਕੌਂਸਲ ਦੇ ਨੁਮਾਇੰਦਿਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਲਿਟਲ ਗਰਲਜ਼ ਗਰੁੱਪ ਵੱਲੋਂ ਸ਼ਬਦ ਗਾਇਨ ‘ਥਿਰ ਘਰ ਬੈਸਹੁ’ ਨਾਲ ਕੀਤੀ ਗਈ, ਜਿਸ ਉਪਰੰਤ ਸਮਾਇਰਾ ਅਤੇ ਮਨਵਿਕ ਵੱਲੋਂ ਭਾਰਤੀ ਰਾਸ਼ਟਰ ਗਾਨ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਜਸਲੀਨ ਬੋਪਾਰਾਏ ਅਤੇ ਮਨਵੀਰ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਦਿੱਤੇ। ਕਵਿਤਾਵਾਂ ਦੇ ਦੌਰ ਵਿੱਚ ਅਸ਼ਮੀਤ ਬੋਪਾਰਾਏ ਨੇ ‘ਗੁੱਡ ਹੈਬਿਟਸ’ (ਚੰਗੀਆਂ ਆਦਤਾਂ), ਇਨਾਯਾ ਅਤੇ ਕਰਮਨ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਉਪਰੰਤ ਜਸਪ੍ਰੀਤ, ਜਸਨੈਨਾ, ਜਸਲੀਨ ਅਤੇ ਉਨ੍ਹਾਂ ਦੀ ਮੰਮੀ ਵੱਲੋਂ ਸਾਂਝੇ ਤੌਰ ’ਤੇ ਖ਼ੂਬਸੂਰਤ ਡਾਂਸ ਪੇਸ਼ ਕੀਤਾ ਗਿਆ ਅਤੇ ਵਰੁਣ ਕਲਸੀ ਨੇ ਜ਼ੋਰਦਾਰ ਭੰਗੜਾ ਪਾਇਆ। ਇਸ ਮੌਕੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਵੱਲੋਂ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਉਨ੍ਹਾਂ ਸਮੁੱਚੀ ਟੀਮ ਦਾ ਧੰਨਵਾਦ ਕੀਤਾ, ਸਪਾਂਸਰਾਂ ਅਤੇ ਮੀਡੀਆ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਪੰਜਾਬੀ ਮਾਂ ਬੋਲੀ ਦੇ ਮਹੱਤਵ ਉਤੇ ਬਹੁਤ ਸੋਹਣੀ ਰੌਸ਼ਨੀ ਪਾਈ।
ਸੱਭਿਆਚਾਰਕ ਪਿੜ ਨੂੰ ਧਮਾਲ ਤੱਕ ਲਿਜਾਉਂਦਿਆਂ ‘ਹਮਿਲਟਨ ਦੀਆਂ ਕੂੰਜਾਂ’ ਟੀਮ ਵੱਲੋਂ ਕੋਚ ਸ਼ਿਵਾਨੀ ਗੋਇਲ ਦੀ ਅਗਵਾਈ ਹੇਠ ਸ਼ਾਨਦਾਰ ਗਿੱਧਾ ਪੇਸ਼ ਕੀਤਾ ਗਿਆ। ਅਗਲੇ ਪੜਾਅ ਵਿੱਚ ਜਸਨੈਨਾ ਕਲਸੀ ਅਤੇ ਅਰਜੁਨ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ, ਜਦਕਿ ਸਿਮਰਤ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਗਾਇਆ। ਗੁਰੂ ਨਾਨਕ ਸਿੱਖ ਟੈਂਪਲ ਵੱਲੋਂ ਵਿਸ਼ੇਸ਼ ਪੇਸ਼ਕਾਰੀ ਦਿੱਤੀ ਗਈ ਅਤੇ ਕੋਚ ਹਰਦੀਪ ਹਾਂਸ ਤੇ ਜਤਿੰਦਰ ਸਿੰਘ ਦੀ ਤਿਆਰੀ ਹੇਠ ਬੁਆਏਜ਼ ਭੰਗੜਾ ਟੀਮ ਨੇ ਸਟੇਜ ’ਤੇ ਖੂਬ ਰੰਗ ਬੰਨ੍ਹਿਆ। ਇਸ ਉਪਰੰਤ ਟਰੱਸਟ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਵਾਈਸ ਪ੍ਰਧਾਨ ਸ੍ਰੀ ਅਤੁਲ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪਵਿਤ ਵੱਲੋਂ ਪੰਜਾਬੀ ਭਾਸ਼ਾ ਹਫ਼ਤੇ ਸੰਬੰਧੀ ਵਿਚਾਰ ਪੇਸ਼ ਕੀਤੇ ਗਏ। ਅਜਮ ਨੇ ਕਵਿਤਾ ਸੁਣਾਈ ਅਤੇ ਅਸ਼ਮੀਤ ਤੇ ਸਮਾਇਰਾ ਨੇ ਸ਼ਾਨਦਾਰ ਡਾਂਸ ਪੇਸ਼ ਕੀਤਾ। ਦੀਕਸ਼ਾ ਅਤੇ ਚਿਰਾਗ ਨੇ ਪੰਜਾਬੀ ਬੁਝਾਰਤਾਂ ਰਾਹੀਂ ਸਭ ਦਾ ਮਨੋਰੰਜਨ ਕੀਤਾ, ਜਦਕਿ ਕਿਰਨ ਨੇ ਕਵਿਤਾ ਪੇਸ਼ ਕੀਤੀ ਅਤੇ ਆਵਿਆ ਨੇ ਡਾਂਸ ਕੀਤਾ।
ਸਮਾਗਮ ਦੇ ਅਖੀਰਲੇ ਹਿੱਸੇ ਵਿੱਚ ਦਸ਼ਮੇਸ਼ ਪੰਜਾਬੀ ਸਕੂਲ ਦੇ ਬੱਚਿਆਂ ਵੱਲੋਂ ਵਿਸ਼ੇਸ਼ ਪੇਸ਼ਕਾਰੀ ਦਿੱਤੀ ਗਈ। ਸੀਰਤ, ਜਪਨੀਤ ਅਤੇ ਮਿਹਰ ਨੇ ‘ਮੈਡਮ ਜੀ ਨਮਸਤੇ’ ਕਵਿਤਾ ਪੇਸ਼ ਕੀਤੀ। ਹੀਰਤ ਨੇ ਸ਼ਾਨਦਾਰ ਡਾਂਸ ਪੇਸ਼ ਕੀਤਾ ਅਤੇ ਦਮਨਜੋਤ ਕੌਰ ਨੇ ‘ਰੁੱਖ’ ਵਿਸ਼ੇ ’ਤੇ ਕਵਿਤਾ ਸੁਣਾਈ। ਮਾਤਾ ਸਾਹਿਬ ਕੌਰ ਗਰੁੱਪ ਵੱਲੋਂ ਵਿਅਕਤੀਗਤ (ਇੰਡੀਵਿਜੁਅਲ) ਅਤੇ ਗਰੁੱਪ ਰੂਪ ਵਿੱਚ ਦੋ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਹੀਰਤ ਨੇ ਗਾਇਕੀ ਅਤੇ ਪਿਆਨੋ ਵਾਦਨ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਜੁਝਾਰ ਨੇ ‘ਪੰਜਾਬੀ ਮੇਰੀ ਮਾਂ ਬੋਲੀ’ ਅਤੇ ਫਤਿਹ ਨੇ ‘ਸਾਡਾ ਪੰਜਾਬੀ ਅੰਦਾਜ਼’ ਪੇਸ਼ਕਾਰੀਆਂ ਰਾਹੀਂ ਸਭ ਦਾ ਦਿਲ ਜਿੱਤ ਲਿਆ ਅਤੇ ਪ੍ਰੋਗਰਾਮ ਦੀ ਆਖਰੀ ਪੇਸ਼ਕਾਰੀ ਵਜੋਂ ਪਵਿਤ ਵੱਲੋਂ ਸ਼ਾਨਦਾਰ ਡਾਂਸ ਪੇਸ਼ ਕੀਤਾ ਗਿਆ।
ਟਰੱਸਟ ਦੇ ਸਮੂਹ ਮੈਂਬਰਾਂ ਵੱਲੋਂ ਇਸ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ ਗਈ ਸੀ। ਸਮਾਗਮ ਦੌਰਾਨ ਪਹੁੰਚੇ ਦਰਸ਼ਕਾਂ ਲਈ ਚਾਹ-ਪਕੋੜੇ, ਕੋਲਡ ਡਰਿੰਕਸ, ਗੁਲਾਬ ਜਾਮਣਾਂ ਅਤੇ ਠੰਡੇ-ਮਿੱਠੇ ਪਾਣੀ ਦੀ ਸ਼ਬੀਲ ਆਦਿ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਦਾ ਸਭ ਨੇ ਖੂਬ ਆਨੰਦ ਮਾਣਿਆ। ਰੇਡੀਓ ਸਪਾਈਸ ਤੋਂ ਐਨ. ਵੀ. ਸਿੰਘ ਅਤੇ ਪੰਜਾਬੀ ਹੈਰਲਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ ਸ਼ਾਮਿਲ ਹੋਏ।
- Download Babushahi App
-
-