ਨਿਊਜ਼ੀਲੈਂਡ ਵਿੱਚ ਚੀਨੀ ਦੂਤਾਵਾਸ ਹੋਇਆ ਗਰਮ- ਵਿਦੇਸ਼ ਮੰਤਰੀ ਪੀਟਰਜ਼ ਦੀ ‘ਆਪਣੇ ਦੇਸ਼ ਵਾਪਸ ਜਾਓ’ ਵਾਲੀ ਟਿੱਪਣੀ ’ਤੇ ਵਿਰੋਧ ਦਰਜ ਕਰਵਾਇਆ
-ਕੂਟਨੀਤਕ ਸਬੰਧਾਂ ਵਿੱਚ ਆਪਸੀ ਸਤਿਕਾਰ ਅਤੇ ਸਮਾਨਤਾ ਹੀ ਅਸਲ ਸ਼ਾਨ ਹੈ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 31 ਜੁਲਾਈ 2026:-ਚੀਨ ਦੇ ਨਿਊਜ਼ੀਲੈਂਡ ਸਥਿਤ ਦੂਤਾਵਾਸ ਨੇ ਇਸ ਹਫ਼ਤੇ ਸੰਸਦ ਵਿੱਚ ਗ੍ਰੀਨ ਐਮਪੀ ਲਾਰੈਂਸ ਖੂ ਨਾਨ ਨੂੰ ਵਿਨਸਟਨ ਪੀਟਰਜ਼ ਦੀ ਆਪਣੇ ਦੇਸ਼ ਵਾਪਸ ਜਾਓ ਵਾਲੀ ਟਿੱਪਣੀ ਤੇ ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਕੋਲ ਰਸਮੀ ਕੂਟਨੀਤਕ ਚਿੰਤਾਵਾਂ ਦਰਜ ਕਰਵਾਈਆਂ ਹਨ। ਮੰਤਰਾਲੇ ਨੂੰ ਦਿੱਤਾ ਗਿਆ ਇਹ ਪੱਤਰ ਚੀਨੀ ਰਾਜਦੂਤ ਵੱਲੋਂ ਪਹਿਲਾਂ ਘਰੇਲੂ ਰਾਜਨੀਤੀ ਦੱਸੇ ਗਏ ਮਾਮਲੇ ਨੂੰ ਇੱਕ ਵੱਡੇ ਵਪਾਰਕ ਭਾਈਵਾਲ ਨਾਲ ਅੰਤਰਰਾਸ਼ਟਰੀ ਕੂਟਨੀਤਕ ਵਿਵਾਦ ਵਿੱਚ ਬਦਲਦਾ ਹੈ।
ਵਿਦੇਸ਼ ਮੰਤਰੀ ਪੀਟਰਜ਼ ਨੇ ਨਿਊਜ਼ੀਲੈਂਡ ਫਰਸਟ ਦੇ ਨੇਤਾ ਵਜੋਂ ਬੁੱਧਵਾਰ ਨੂੰ ਸਦਨ ਵਿੱਚ ਇੱਕ ਭਾਸ਼ਣ ਦੌਰਾਨ ਬੋਲਦਿਆਂ ਇਹ ਟਿੱਪਣੀਆਂ ਕੀਤੀਆਂ। ਉਹਨਾਂ ਨੇ ਕਿਹਾ ਕਿ ‘‘ਮੈਂ ਜਾਣਦਾ ਹਾਂ ਕਿ ਤੁਸੀਂ ਪੰਜ ਮਿੰਟ ਪਹਿਲਾਂ ਹੀ ਇੱਥੇ ਆਏ ਹੋ ਆਪਣੇ ਦੇਸ਼ ਵਾਪਸ ਜਾਓ।’’ ਉਹਨਾਂ ਕਿਹਾ ਕਿ ‘‘ਉੱਥੇ ਉਹ ਫਲੈਟਫਿਸ਼ ਵਾਂਗ ਝੂਠ ਬੋਲਦੇ ਹਨ ਪਰ ਉਹ ਇੱਥੇ ਇਸ ਤਰ੍ਹਾਂ ਝੂਠ ਨਹੀਂ ਬੋਲਦੇ ਇਸਨੂੰ ਲੋਕਤੰਤਰ ਕਿਹਾ ਜਾਂਦਾ ਹੈ ਉਸ ਤੋਂ ਵੱਖਰਾ ਜਿਸਦੇ ਤੁਸੀਂ ਆਦੀ ਹੋ।’’
ਪਿਛੋਕੜ ਅਤੇ ਵਿਰੋਧੀ ਧਿਰ ਦੀ ਪ੍ਰਤੀਕਿਰਿਆ
ਗ੍ਰੀਨ ਐਮਪੀ ਲਾਰੈਂਸ ਖੂ ਨਾਨ ਦਾ ਜਨਮ ਤਿਆਨਜਿਨ ਚੀਨ ਵਿੱਚ ਹੋਇਆ ਸੀ ਅਤੇ ਉਹ ਨੱਬੇ ਦੇ ਦਹਾਕੇ ਦੇ ਮੱਧ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਹਨ। ਇਸ ਮੁੱਦੇ ਉਤੇ ਵਿਰੋਧੀ ਧਿਰ ਦੇ ਸਾਂਸਦਾ ਨੇ ਉਹਨਾਂ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਇੱਕ ਬਿਆਨ ਵਿੱਚ ਚੀਨੀ ਦੂਤਾਵਾਸ ਨੇ ਕਿਹਾ ਕਿ ਇੱਕ ਸੀਨੀਅਰ ਅਧਿਕਾਰੀ ਨੇ ਪੀਟਰਜ਼ ਦਾ ਸੀਧਾ ਨਾਮ ਲਏ ਬਿਨਾਂ ਨਿਊਜ਼ੀਲੈਂਡ ਦੀ ਸੰਸਦ ਵਿੱਚ ਇੱਕ ਨਿਸ਼ਚਿਤ ਰਾਜਨੇਤਾ ਦੁਆਰਾ ਕੀਤੀਆਂ ਗਈਆਂ ਨਕਾਰਾਤਮਕ ਚੀਨ ਨਾਲ ਸਬੰਧਤ ਟਿੱਪਣੀਆਂ ਤੇ ਗੰਭੀਰ ਚਿੰਤਾਵਾਂ ਦਰਜ ਕਰਵਾਈਆਂ ਹਨ। ਦੂਤਾਵਾਸ ਨੇ ਨਿਊਜ਼ੀਲੈਂਡ ਨੂੰ ਚੀਨ ਅਤੇ ਨਿਊਜ਼ੀਲੈਂਡ ਵਿਚਕਾਰ ਸਮਾਨ ਅਤੇ ਆਪਸੀ ਲਾਭਦਾਇਕ ਸਬੰਧਾਂ ਨੂੰ ਮਹੱਤਵ ਦੇਣ ਅਤੇ ਦੁਵੱਲੇ ਸਬੰਧਾਂ ਲਈ ਲਾਹੇਵੰਦ ਕੰਮ ਕਰਨ ਦੀ ਅਪੀਲ ਕੀਤੀ।
ਚੀਨ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਜਿਸਦਾ ਸਾਲਾਨਾ ਦੁਵੱਲਾ ਵਪਾਰ ਚਾਲੀ ਅਰਬ ਨਿਊਜ਼ੀਲੈਂਡ ਡਾਲਰ ਤੋਂ ਵੱਧ ਹੈ। ਉਹਨਾਂ ਕਿਹਾ ਕਿ ਨਿਊਜ਼ੀਲੈਂਡ ਵਿੱਚ ਚੀਨੀ ਭਾਈਚਾਰੇ ਦੀ ਬਹੁਗਿਣਤੀ ਸਥਾਨਕ ਕਾਨੂੰਨਾਂ ਦੀ ਪਾਲਣਾ ਕਰਦੀ ਹੈ ਅਤੇ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਇਸ ਲਈ ਉਹ ਮਾਨਤਾ ਅਤੇ ਸਤਿਕਾਰ ਦੇ ਹੱਕਦਾਰ ਹਨ। ਉਹਨਾਂ ਨੇ ਨਿਊਜ਼ੀਲੈਂਡ ਨੂੰ ਚੀਨੀ ਭਾਈਚਾਰੇ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਕਰਨ ਅਤੇ ਉਹਨਾਂ ਦੇ ਰਹਿਣ ਪੜ੍ਹਨ ਅਤੇ ਕੰਮ ਕਰਨ ਲਈ ਇੱਕ ਖੁੱਲ੍ਹਾ ਸਮਾਵੇਸ਼ੀ ਅਤੇ ਗੈਰ ਵਿਤਕਰੇ ਰਹਿਤ ਮਾਹੌਲ ਪ੍ਰਦਾਨ ਕਰਨ ਦਾ ਸੱਦਾ ਦਿੱਤਾ।
ਪੀਟਰਜ਼ ਦਾ ਬਚਾਅ ਅਤੇ ਕੂਟਨੀਤਕ ਬਹਿਸ
ਪੀਟਰਜ਼ ਨੇ ਆਪਣੀਆਂ ਟਿੱਪਣੀਆਂ ਨੂੰ ਨਿਊਜ਼ੀਲੈਂਡ ਦੇ ਲੋਕਤੰਤਰ ਦਾ ਬਚਾਅ ਦੱਸਿਆ ਅਤੇ ਨਸਲਵਾਦ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਐਨਜ਼ੈਡ ਫਰਸਟ ਦੇ ਉਪ ਨੇਤਾ ਸ਼ੇਨ ਜੋਨਸ ਨੇ ਕਿਹਾ ਕਿ ਪਾਰਟੀ ਇਸ ਨੀਤੀ ਤੇ ਪ੍ਰਚਾਰ ਕਰੇਗੀ ਕਿ ਪ੍ਰਵਾਸੀਆਂ ਨੂੰ ਰਾਜਨੇਤਾ ਬਣਨ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਲੰਬੇ ਸਮੇਂ ਤੋਂ ਇੱਥੇ ਹੋਣਾ ਚਾਹੀਦਾ ਹੈ।
ਸਪੀਕਰ ਗੇਰੀ ਬ੍ਰਾਊਨਲੀ ਨੇ ਸੰਸਦ ਨੂੰ ਦੱਸਿਆ ਕਿ ਪੀਟਰਜ਼ ਦੀ ਮੂਲ ਟਿੱਪਣੀ ਅਣਉਚਿਤ ਸੀ ਹਾਲਾਂਕਿ ਉਹਨਾਂ ਨੇ ਕੋਈ ਹੋਰ ਕਾਰਵਾਈ ਨਹੀਂ ਕੀਤੀ। ਚੀਨ ਦੇ ਰਾਜਦੂਤ ਵਾਂਗ ਸ਼ਿਆਓਲੋਂਗ ਨੇ ਕਿਹਾ ਕਿ ਸਾਡੀ ਦੂਜੇ ਦੇਸ਼ਾਂ ਦੀ ਘਰੇਲੂ ਰਾਜਨੀਤੀ ਵਿੱਚ ਘਸੀਟੇ ਜਾਣ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਪੀਟਰਜ਼ ਨੇ ਇਸਦਾ ਜਵਾਬ ਦਿੰਦਿਆਂ ਕਿਹਾ ਕਿ ਰਾਜਦੂਤ ਦੀਆਂ ਟਿੱਪਣੀਆਂ ਨੇ ਉਹਨਾਂ ਦੇ ਪੱਖ ਨੂੰ ਸਾਬਤ ਕੀਤਾ ਹੈ।
ਖੂ ਨਾਨ ਨੇ ਕਿਹਾ ਕਿ ਪੀਟਰਜ਼ ਸਰਕਾਰ ਦੇ ਰਿਕਾਰਡ ਤੋਂ ਧਿਆਨ ਭਟਕਾਉਣ ਲਈ ਪ੍ਰਵਾਸੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਨਿਊਜ਼ੀਲੈਂਡ ਵਾਸੀਆਂ ਨੂੰ ਇੱਕ ਦੂਜੇ ਲਈ ਆਪਸੀ ਪਿਆਰ ਯਾਦ ਰੱਖਣਾ ਚਾਹੀਦਾ ਹੈ।
ਪੀਟਰਜ਼ ਦੀ ਪੁਰਾਣੀ ਆਦਤ-ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਪੀਟਰਜ਼ ਦੀਆਂ ਟਿੱਪਣੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਅਣਉਚਿਤ ਧਿਆਨ ਖਿੱਚਣ ਦੀ ਪੀਟਰਜ਼ ਦੀ ਪੁਰਾਣੀ ਆਦਤ ਦਾ ਹਿੱਸਾ ਹੈ ਜਦੋਂ ਕਿ ਖੂ ਨਾਨ ਨੇ ਕਿਹਾ ਕਿ ਨਿਊਜ਼ੀਲੈਂਡ ਫਰਸਟ ਪ੍ਰਵਾਸੀਆਂ ਨੂੰ ਬਲੀ ਦਾ ਬੱਕਰਾ ਬਣਾ ਰਿਹਾ ਹੈ।
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਇਹਨਾਂ ਟਿੱਪਣੀਆਂ ਨੂੰ ਧਿਆਨ ਖਿੱਚਣ ਦੀ ਕੋਸ਼ਿਸ਼ ਕਰਾਰ ਦਿੱਤਾ ਅਤੇ ਕਿਹਾ ਕਿ ਪੀਟਰਜ਼ ਇਹ ਚਾਹੁੰਦੇ ਹਨ ਕਿ ਮੀਡੀਆ ਅਤੇ ਹੋਰ ਰਾਜਨੇਤਾ ਨਿਊਜ਼ੀਲੈਂਡ ਵਾਸੀਆਂ ਦੇ ਅਸਲ ਮਸਲਿਆਂ ਦੀ ਬਜਾਏ ਉਹਨਾਂ ਬਾਰੇ ਗੱਲ ਕਰਨ
ਉਹਨਾਂ ਨੇ ਕਿਹਾ ਕਿ ਸਾਡੇ ਨਿਊਜ਼ੀਲੈਂਡ ਦੇ ਚੀਨੀ ਭਾਈਚਾਰੇ ਲਈ ਨੈਸ਼ਨਲ ਪਾਰਟੀ ਅਤੇ ਮੈਂ ਤੁਹਾਡੇ ਨਾਲ ਖੜ੍ਹੇ ਹਾਂ ਅਤੇ ਹਰ ਉਸ ਨਿਊਜ਼ੀਲੈਂਡ ਵਾਸੀ ਲਈ ਜੋ ਅਜਿਹੇ ਨੁਮਾਇੰਦੇ ਚਾਹੁੰਦਾ ਹੈ ਜੋ ਸਸਤੀਆਂ ਸੁਰਖੀਆਂ ਲਈ ਧਿਆਨ ਖਿੱਚਣ ਦੀ ਬਜਾਏ ਤੁਹਾਡੇ ਲਈ ਮਹੱਤਵਪੂਰਨ ਮਸਲਿਆਂ ਤੇ ਧਿਆਨ ਕੇਂਦਰਿਤ ਕਰਨ।