Canada News : ਪੰਜਾਬੀ ਭਾਈਚਾਰੇ ਲਈ ਮਾਣ - ਵੈਨਕੂਵਰ ਸਿਟੀ ਵੱਲੋਂ 28 ਜੁਲਾਈ ਨੂੰ ‘ਸੁੱਚਾ ਸਿੰਘ ਕਲੇਰ ਦਿਵਸ’ ਐਲਾਨਿਆ
ਹਰਦਮ ਮਾਨ
ਵੈਨਕੂਵਰ, 30 ਜੁਲਾਈ-ਵੈਨਕੂਵਰ ਦੀ ਇਤਿਹਾਸਕ ਪੰਜਾਬੀ ਮਾਰਕੀਟ ਦੀ ਸਥਾਪਨਾ ਅਤੇ ਪੰਜਾਬੀ ਭਾਈਚਾਰੇ ਦੀ ਸਮਾਜਿਕ ਤੇ ਸੱਭਿਆਚਾਰਕ ਉੱਨਤੀ ਵਿੱਚ ਪਾਏ ਯੋਗਦਾਨ ਲਈ ਉੱਘੇ ਲੇਖਕ, ਸਮਾਜ ਸੇਵੀ ਅਤੇ ਕਾਰੋਬਾਰੀ ਸੁੱਚਾ ਸਿੰਘ ਕਲੇਰ ਨੂੰ ਵੈਨਕੂਵਰ ਸਿਟੀ ਹਾਲ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ। ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਸਿਟੀ ਕੌਂਸਲ ਦੀ ਤਰਫ਼ੋਂ 28 ਜੁਲਾਈ ਨੂੰ ਅਧਿਕਾਰਤ ਤੌਰ ’ਤੇ ‘ਸੁੱਚਾ ਸਿੰਘ ਕਲੇਰ ਦਿਵਸ’ ਵਜੋਂ ਮਨਾਉਣ ਦਾ ਐਲਾਨਨਾਮਾ ਜਾਰੀ ਕੀਤਾ।
ਵਰਨਣਯੋਗ ਹੈ ਕਿ ਸੁੱਚਾ ਸਿੰਘ ਕਲੇਰ 1969 ਵਿੱਚ ਕੈਨੇਡਾ ਆਏ ਅਤੇ 1970 ਵਿੱਚ ਵੈਨਕੂਵਰ ਦੀ ਮੇਨ ਸਟਰੀਟ ’ਤੇ ‘ਸ਼ਾਨ ਸਾੜੀਜ਼ ਐਂਡ ਡ੍ਰੇਪਰੀ’ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਉਸ ਸਮੇਂ ਪੰਜਾਬੀ ਭਾਈਚਾਰੇ ਨੂੰ ਇਕੱਠਾ ਕਰਕੇ ਇਸ ਇਲਾਕੇ ਦੀ ਪਛਾਣ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ, ਜਿਸ ਦੇ ਸਿੱਟੇ ਵਜੋਂ ਇਹ ਖੇਤਰ ‘ਵੈਨਕੂਵਰਜ਼ ਹਿਸਟੌਰਿਕ ਪੰਜਾਬੀ ਮਾਰਕੀਟ’ ਵਜੋਂ ਜਾਣਿਆ ਜਾਣ ਲੱਗਾ।
ਕਾਰੋਬਾਰ ਦੇ ਨਾਲ-ਨਾਲ ਉਹ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਵੀ ਸਰਗਰਮ ਰਹੇ ਹਨ। ਉਨ੍ਹਾਂ ਨੇ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਅਤੇ ਹਫ਼ਤਾਵਾਰੀ ਅਖ਼ਬਾਰ ਇੰਡੋ-ਕੈਨੇਡੀਅਨ ਟਾਈਮਜ਼ ਲਈ ਲੰਬੇ ਸਮੇਂ ਤੱਕ ਨਿਯਮਤ ਲੇਖ ਲਿਖੇ। ਇਸ ਤੋਂ ਇਲਾਵਾ ਉਹ ਕੈਨੇਡੀਅਨ ਕੈਂਸਰ ਸੁਸਾਇਟੀ ਦੇ ਡਾਇਰੈਕਟਰ, ਪੰਜਾਬੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਨਸੈੱਟ ਇੰਡੋ-ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਵੈਨਕੂਵਰ ਸਿਟੀ ਹਾਲ ਵਿੱਚ ਕਰਵਾਏ ਗਏ ਸਮਾਗਮ ਵਿੱਚ ਸੁੱਚਾ ਸਿੰਘ ਕਲੇਰ ਦੇ ਪਰਿਵਾਰਕ ਮੈਂਬਰਾਂ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਭਾਰਤ ਦੇ ਸਾਬਕਾ ਰਾਜਦੂਤ ਜ਼ਿਲ੍ਹੇ ਸਿੰਘ ਨੇ ਕਿਹਾ ਕਿ ਸੁੱਚਾ ਸਿੰਘ ਕਲੇਰ ਨੇ ਨਿਮਰਤਾ, ਸਮਰਪਣ ਅਤੇ ਸੇਵਾ ਦੀ ਭਾਵਨਾ ਨਾਲ ਭਾਈਚਾਰੇ ਦੀ ਲੰਬੇ ਸਮੇਂ ਤੱਕ ਸੇਵਾ ਕੀਤੀ ਹੈ। ਉਨ੍ਹਾਂ ਨੇ ਕਲੇਰ ਦੀ ਵਿਛੜ ਚੁੱਕੀ ਜੀਵਨ ਸਾਥਣ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਅਤੇ ਪਰਿਵਾਰਕ ਮੈਂਬਰਾਂ ਦੀ ਸ਼ਲਾਘਾ ਕੀਤੀ, ਜੋ ਉਨ੍ਹਾਂ ਦੀ ਸੇਵਾ-ਸੰਭਾਲ ਕਰ ਰਹੇ ਹਨ।
ਸਮਾਗਮ ਦੇ ਅੰਤ ਵਿੱਚ ਸੁੱਚਾ ਸਿੰਘ ਕਲੇਰ ਅਤੇ ਉਨ੍ਹਾਂ ਦੇ ਪੁੱਤਰ ਮਨਜੀਤ ਸਿੰਘ ਨੇ ਮੇਅਰ ਕੇਨ ਸਿਮ ਅਤੇ ਵੈਨਕੂਵਰ ਸਿਟੀ ਕੌਂਸਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਲਈ ਨਹੀਂ, ਸਗੋਂ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।