ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਵੱਲੋਂ ਡਾ. ਪੂਰਨ ਸਿੰਘ ਗਿੱਲ ਅਤੇ ਗੁਣਤਾਸ ਕੌਰ ਦੀਆਂ ਪੁਸਤਕਾਂ ਲੋਕ ਅਰਪਿਤ
ਹਰਦਮ ਮਾਨ
ਸਰੀ, 29 ਜੁਲਾਈ 2026- ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਵੱਲੋਂ ਗੁਰੂ ਨਾਨਕ ਇੰਡੋ ਕੈਨੇਡੀਅਨ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਸਿੱਖ ਵਿਦਵਾਨ ਡਾ. ਪੂਰਨ ਸਿੰਘ ਗਿੱਲ ਦੀਆਂ ਚਾਰ ਪੁਸਤਕਾਂ ਅਤੇ ਅਮਰੀਕਾ ਵਸਦੀ ਗੁਣਤਾਸ ਕੌਰ ਵੱਲੋਂ ਤਿਆਰ ਕੀਤੀ ਬੱਚਿਆਂ ਲਈ ਪੈਂਤੀ ਅੱਖਰੀ ਐਕਟੀਵਿਟੀ ਪੁਸਤਕ ਲੋਕ ਅਰਪਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਪੂਰਨ ਸਿੰਘ ਅਤੇ ਗੁਣਤਾਸ ਕੌਰ ਨੇ ਕੀਤੀ। ਮੰਚ ਸੰਚਾਲਕ ਗੁਰਪ੍ਰੀਤ ਸਿੰਘ ਤਲਵੰਡੀ ਨੇ ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਭਾ 2018 ਤੋਂ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ, ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਨੌਜਵਾਨ ਪੀੜ੍ਹੀ ਨਾਲ ਜੋੜਨ ਲਈ ਲਗਾਤਾਰ ਕਾਰਜਸ਼ੀਲ ਹੈ।
ਡਾ. ਪੂਰਨ ਸਿੰਘ ਗਿੱਲ ਨੇ ਆਪਣੀਆਂ ਪੁਸਤਕਾਂ ਦੀ ਰਚਨਾ-ਪਿਛੋਕੜ ਅਤੇ ਉਨ੍ਹਾਂ ਵਿੱਚ ਦਰਜ ਕੈਨੇਡਾ ਦੇ ਸਿੱਖ ਇਤਿਹਾਸ ਨਾਲ ਸਬੰਧਤ ਮਹੱਤਵਪੂਰਨ ਤੱਥਾਂ ਬਾਰੇ ਚਰਚਾ ਕੀਤੀ। ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ.ਸੀ. ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਡਾ. ਗਿੱਲ ਦੀਆਂ ਰਚਨਾਵਾਂ ਨੂੰ ਇਤਿਹਾਸਕ ਸੱਚਾਈ ਦੀ ਨਿਡਰ ਪੇਸ਼ਕਾਰੀ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਸਾਹਿਤ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਸਰੋਤ ਹੈ। ਉਨ੍ਹਾਂ ਗੁਣਤਾਸ ਕੌਰ ਵੱਲੋਂ ਬੱਚਿਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨ ਲਈ ਕੀਤੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਰਾਏ ਅਜ਼ੀਜ਼ਉੱਲਾ ਖ਼ਾਨ ਨੇ ਆਪਣੇ ਸੰਬੋਧਨ ਵਿੱਚ ਦੋਵੇਂ ਪੰਜਾਬਾਂ ਦੇ ਲੇਖਕਾਂ ਅਤੇ ਪੱਤਰਕਾਰਾਂ ਨੂੰ ਆਪਸੀ ਸਾਂਝ ਮਜ਼ਬੂਤ ਕਰਨ ਅਤੇ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਪ੍ਰਚਾਰਿਤ ਕਰਨ ਦਾ ਸੱਦਾ ਦਿੱਤਾ।
ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਕਮਾਲਪੁਰਾ ਦੀ ਡਾ. ਕਮਲਜੀਤ ਕੌਰ ਨੇ ਡਾ. ਗਿੱਲ ਦੀਆਂ ਪੁਸਤਕਾਂ ਬਾਰੇ ਖੋਜ-ਪੱਤਰ ਪੇਸ਼ ਕੀਤਾ, ਜਦਕਿ ਮਨੁੱਖੀ ਅਧਿਕਾਰ ਕਾਰਕੁਨ ਭੁਪਿੰਦਰ ਸਿੰਘ ਮੱਲ੍ਹੀ ਨੇ ਉਨ੍ਹਾਂ ਦੀ ਪੁਸਤਕ 'ਕਿਵ ਸਚਿਆਰਾ ਹੋਈਐ' ਦੇ ਵਿਚਾਰਧਾਰਕ ਪੱਖਾਂ ਉੱਤੇ ਚਾਨਣਾ ਪਾਇਆ। ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਵਿਦਿਆਰਥੀ ਗੁਰਨੂਰ ਸਿੰਘ ਨੇ ਡਾ. ਗਿੱਲ ਦੀਆਂ ਅੰਗਰੇਜ਼ੀ ਪੁਸਤਕਾਂ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਵੀ ਮੋਹਣ ਸਿੰਘ ਗਿੱਲ ਅਤੇ ਇੰਡੋ ਕੈਨੇਡੀਅਨ ਸੀਨੀਅਰ ਸਿਟੀਜ਼ਨ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ।
ਸਮਾਗਮ ਦੌਰਾਨ ਡਾ. ਪੂਰਨ ਸਿੰਘ ਗਿੱਲ ਦੀਆਂ ਦੋ ਪੰਜਾਬੀ ਅਤੇ ਦੋ ਅੰਗਰੇਜ਼ੀ ਪੁਸਤਕਾਂ ਦੇ ਨਾਲ ਗੁਣਤਾਸ ਕੌਰ ਦੀ ਪੈਂਤੀ ਅੱਖਰੀ ਐਕਟੀਵਿਟੀ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ। ਅੰਤ ਵਿੱਚ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਦੇ ਡਾ. ਕੁਲਵੰਤ ਸਿੰਘ ਥਿੰਦ ਨੇ ਹਾਜ਼ਰ ਵਿਦਵਾਨਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭਾ ਭਵਿੱਖ ਵਿੱਚ ਵੀ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਲਈ ਅਜਿਹੇ ਸਮਾਗਮ ਕਰਵਾਉਂਦੀ ਰਹੇਗੀ।
ਸਮਾਗਮ ਵਿੱਚ ਡਾ. ਸੁਸ਼ੀਲ ਕੌਰ, ਡਾ. ਹਰਜਿੰਦਰ ਸਿੰਘ ਬਰਾੜ, ਸਾਹਿਬ ਸਿੰਘ ਗਿੱਲ, ਸ਼ਬਨਮ ਮੱਲ੍ਹੀ, ਬਨਜੋਤ ਸਿੰਘ ਸੰਘੇੜਾ, ਪਰਮਿੰਦਰ ਕੌਰ ਸਵੈਚ, ਪਰਮਜੀਤ ਸਿੰਘ ਬੁੱਟਰ, ਕੇਸਰ ਸਿੰਘ ਕੂੰਨਰ, ਬਲਵੀਰ ਸਿੰਘ ਸੰਘਾ, ਅਮਰਦੀਪ ਸਿੰਘ ਗਿੱਲ, ਹਰਜੀਤ ਕੌਰ ਗਿੱਲ, ਦਮਨਦੀਪ ਕੌਰ, ਹਰਦਮ ਮਾਨ, ਅਮਰਪਾਲ ਸਿੰਘ, ਹਰਕੀਰਤ ਸਿੰਘ ਕੁਲਾਰ ਅਤੇ ਕਰਤਾਰ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰ, ਪੱਤਰਕਾਰ ਅਤੇ ਸਮਾਜਿਕ ਸ਼ਖ਼ਸੀਅਤਾਂ ਹਾਜਰ ਸਨ।