Canada : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਵਿੱਚ ਐਮਾਜ਼ੌਨ ਦੇ ਵਰਕਰਾਂ ਦੀ ਇਤਿਹਾਸਕ ਜਿੱਤ
ਸੁਖਵੰਤ ਹੁੰਦਲ
ਬ੍ਰਿਟਿਸ਼ ਕੋਲੰਬੀਆ, 22 ਨਵੰਬਰ 2026
13 ਨਵੰਬਰ 2026 ਨੂੰ ਇਕ ਅਜ਼ਾਦ ਅਰਬਿਟ੍ਰੇਟਰ ਨੇ ਐਮਾਜ਼ੌਨ ਅਤੇ ਇਸ ਦੇ ਡੈਲਟਾ ਸਥਿਤ ਵੈਨਕੂਵਰ ਫੁੱਲਫਿਲਮੈਂਟ ਸੈਂਟਰ ਵਿਖੇ ਕੰਮ ਕਰਦੇ 800 ਵਰਕਰਾਂ ਵਿਚਕਾਰ ਕੁਲੈਕਟਿਵ ਐਗਰੀਮੈਂਟ (ਸਮੂਹਿਕ ਸਮਝੌਤੇ) ਦੀਆਂ ਸ਼ਰਤਾਂ ਤੈਅ ਕਰ ਦਿੱਤੀਆਂ ਹਨ। ਦੋਹਾਂ ਧਿਰਾਂ ਲਈ ਇਹਨਾਂ ਸ਼ਰਤਾਂ ਨੂੰ ਮੰਨਣਾ ਜ਼ਰੂਰੀ ਹੈ। ਅਜ਼ਾਦ ਅਰਬਿਟ੍ਰੇਟਰ ਦੇ ਇਸ ਫੈਸਲੇ ਦੇ ਨਤੀਜੇ ਵਜੋਂ ਪੂਰੇ ਉੱਤਰੀ ਅਮਰੀਕਾ ਵਿੱਚ ਐਮਾਜ਼ੌਨ ਅਤੇ ਇਸ ਦੇ ਵਰਕਰਾਂ ਵਿੱਚਕਾਰ ਇਹ ਪਹਿਲਾ ਕੁਲੈਕਟਿਵ ਐਗਰੀਮੈਂਟ ਹੋਂਦ ਵਿੱਚ ਆਇਆ ਹੈ। ਇਸ ਲਈ ਇਸ ਐਗਰੀਮੈਂਟ ਨੂੰ ਐਮਾਜ਼ੌਨ ਦੇ ਵਰਕਰਾਂ ਦੀ ਇਕ ਇਤਿਹਾਸਕ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਐਗਰੀਮੈਂਟ ਤਿੰਨ ਸਾਲਾਂ ਲਈ ਹੈ ਅਤੇ ਇਹ 13 ਨਵੰਬਰ 2029 ਨੂੰ ਖਤਮ ਹੋਵੇਗਾ। ਇਸ ਸੈਂਟਰ ਵਿੱਚ ਕੰਮ ਕਰਦੇ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਯੂਨੀਫਰ ਦੀ ਪ੍ਰੈੱਸ ਰਿਲੀਜ਼ ਅਨੁਸਾਰ ਐਗਰੀਮੈਂਟ ਦੇ ਖਤਮ ਹੋਣ ਦੀ ਤਰੀਕ ਤੱਕ ਭਾਵ ਅਗਲੇ ਤਿੰਨ ਸਾਲਾਂ ਵਿੱਚ ਵਰਕਰਾਂ ਦੀ ਤਨਖਾਹ 29 ਡਾਲਰ ਪ੍ਰਤੀ ਘੰਟਾ ਤੱਕ ਪਹੁੰਚ ਜਾਵੇਗੀ, ਵਰਕਰਾਂ ਨੂੰ ਕੰਮ ਤੋਂ ਹਟਾਏ ਜਾਣ `ਤੇ ਮਿਲਣ ਵਾਲੀ ਤਨਖਾਹ ਵਿੱਚ ਵਾਧਾ ਹੋਵੇਗਾ ਅਤੇ 10 ਸਾਲਾਂ ਦੀ ਸਰਵਿਸ ਵਾਲੇ ਵਰਕਰਾਂ ਨੂੰ ਸਾਲ ਵਿੱਚ ਮਿਲਣ ਵਾਲੀਆਂ ਛੁੱਟੀਆਂ ਵਿੱਚ 1 ਹਫਤੇ ਦਾ ਵਾਧਾ ਹੋਵੇਗਾ। ਇਸ ਤੋਂ ਬਿਨਾਂ ਇਸ ਕੌਨਟ੍ਰੈਕਟ ਅਧੀਨ ਮਿਲਣ ਵਾਲੇ ਫਾਇਦਿਆਂ ਵਿੱਚ ਸ਼ਾਮਲ ਹਨ: ਇਕ ਔਰਤਾਂ ਦੀ ਐਡਵੋਕੇਟ ਦਾ ਨਿਸ਼ਚਿਤ ਹੋਣਾ, ਕੌਨਟ੍ਰੈਕਟ ਦੀ ਮਿਆਦ ਤੱਕ ਗ੍ਰੌਸਰੀ ਭੱਤਾ ਮਿਲਣਾ ਅਤੇ ਸਰਕਾਰੀ ਛੁੱਟੀਆਂ ਸਮੇਂ ਸੀਨੀਔਰਟੀ ਦੇ ਹਿਸਾਬ ਨਾਲ ਕੰਮ `ਤੇ ਸੱਦੇ ਜਾਣਾ।
ਇਸ ਇਤਿਹਾਸਕ ਜਿੱਤ ਤੱਕ ਪਹੁੰਚਣ ਲਈ ਇਸ ਵੇਅਰਹਾਊਸ ਦੇ ਵਰਕਰਾਂ ਨੂੰ ਲੰਮਾ ਪੈਂਡਾ ਤੈਅ ਕਰਨਾ ਪਿਆ ਹੈ। ਨੌਰਥ-ਸਟਾਰ ਮੀਡੀਆ ਦੇ ਸਾਈਟ `ਤੇ ਜੁਲਾਈ 2025 ਵਿੱਚ ਛਪੀ ਇਕ ਰਿਪੋਰਟ ਅਨੁਸਾਰ ਯੂਨੀਫਰ ਯੂਨੀਅਨ ਨੇ ਇਸ ਸੈਂਟਰ ਦੇ ਵਰਕਰਾਂ ਨੂੰ ਜਥੇਬੰਦ ਕਰਨ ਦਾ ਕੰਮ ਜੂਨ 2023 ਵਿੱਚ ਸ਼ੁਰੂ ਕੀਤਾ ਸੀ। ਅਪ੍ਰੈਲ 2024 ਵਿੱਚ ਯੂਨੀਅਨ ਨੇ ਬੀ ਸੀ ਦੇ ਲੇਬਰ ਰਿਲੇਸ਼ਨ ਬੋਰਡ ਕੋਲ ਯੂਨੀਅਨ ਦੀ ਸਰਟੀਫਿਕੇਸ਼ਨ ਲਈ ਅਰਜ਼ੀ ਦਿੱਤੀ। ਅਰਜ਼ੀ ਦੇਣ ਸਮੇਂ ਯੂਨੀਅਨ ਦਾ ਅਨੁਮਾਨ ਸੀ ਕਿ ਉਹਨਾਂ ਨੇ ਇਸ ਸੈਂਟਰ ਵਿੱਚ ਕੰਮ ਕਰਦੇ 55 ਫੀਸਦੀ ਤੋਂ ਵੱਧ ਵਰਕਰਾਂ ਦੇ ਯੂਨੀਅਨ ਦੇ ਹੱਕ ਵਿੱਚ ਦਸਖ਼ਤ ਕਰਵਾ ਲਏ ਸਨ ਅਤੇ ਬੀ ਸੀ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਸਿੱਧੀ ਸਰਟੀਫਿਕੇਸ਼ਨ ਮਿਲ ਜਾਵੇਗੀ ਅਤੇ ਇਸ ਸੰਬੰਧ ਵਿੱਚ ਵਰਕਰਾਂ ਵਲੋਂ ਵੋਟ ਪਾਏ ਜਾਣ ਦੀ ਲੋੜ ਨਹੀਂ ਪਏਗੀ। ਪਰ ਅਰਜ਼ੀ ਦੇਣ ਤੋਂ ਬਾਅਦ ਜਦੋਂ ਐਮਾਜ਼ੌਨ ਨੇ ਲੇਬਰ ਰਿਲੇਸ਼ਨ ਬੋਰਡ ਨੂੰ ਇਸ ਸੈਂਟਰ ਵਿੱਚ ਕੰਮ ਕਰਦੇ ਵਰਕਰਾਂ ਦੀ ਗਿਣਤੀ ਦੱਸੀ ਤਾਂ ਉਹ ਗਿਣਤੀ ਯੂਨੀਅਨ ਦੇ ਅੰਦਾਜ਼ੇ ਤੋਂ ਕਿਤੇ ਵੱਧ ਸੀ। ਨਤੀਜੇ ਵਜੋਂ ਯੂਨੀਅਨ ਨੇ ਆਪਣੀ ਅਰਜ਼ੀ ਵਾਪਸ ਲੈ ਲਈ। ਮਈ 2024 ਵਿੱਚ ਯੂਨੀਅਨ ਨੇ ਸਰਟੀਫਿਕੇਸ਼ਨ ਲਈ ਦੂਜੀ ਵਾਰ ਅਰਜ਼ੀ ਦਿੱਤੀ। ਇਸ ਅਰਜ਼ੀ ਬਾਅਦ ਇਸ ਸੈਂਟਰ ਵਿਖੇ ਵਰਕਰਾਂ ਦੀਆਂ ਵੋਟਾਂ ਪਵਾਈਆਂ ਗਈਆਂ। ਪਰ ਉਹਨਾਂ ਵੋਟਾਂ ਨੂੰ ਸੀਲ ਕਰ ਦਿੱਤਾ ਗਿਆ ਭਾਵ ਉਹਨਾਂ ਦੀ ਗਿਣਤੀ ਨਹੀਂ ਕੀਤੀ ਗਈ ਕਿਉਂਕਿ ਯੂਨੀਅਨ ਨੇ ਲੇਬਰ ਰਿਲੇਸ਼ਨ ਬੋਰਡ ਕੋਲ ਇਹ ਸਿ਼ਕਾਇਤ ਦਾਇਰ ਕੀਤੀ ਸੀ ਕਿ ਕੰਪਨੀ ਨੇ ਯੂਨੀਅਨ ਦੇ ਖਿਲਾਫ "ਅਨਫੇਅਰ ਲੇਬਰ ਪੈ੍ਰਕਟੀਸਜ਼" ਕੀਤੀਆਂ ਹਨ ਭਾਵ ਕੰਪਨੀ ਨੇ ਯੂਨੀਅਨ ਬਣਾਉਣ ਦੀ ਮੁਹਿੰਮ ਨੂੰ ਕਮਜ਼ੋਰ ਕਰਨ ਲਈ ਗੈਰ-ਕਾਨੂੰਨੀ ਕਾਰਵਾਈਆਂ ਕੀਤੀਆਂ ਸਨ।
ਲੇਬਰ ਰਿਲੇਸ਼ਨਜ਼ ਬੋਰਡ ਵਿੱਚ ਕੰਪਨੀ ਵਲੋਂ ਯੂਨੀਅਨ ਵਿਰੋਧੀ ਕਾਰਵਾਈਆਂ ਬਾਰੇ ਦਿੱਤੀ ਅਰਜ਼ੀ ਦੀ ਸੁਣਵਾਈ ਦੌਰਾਨ ਵਰਕਰਾਂ ਨੇ ਬੋਰਡ ਨੂੰ ਦੱਸਿਆ ਕਿ ਸਰਟੀਫਿਕੇਸ਼ਨ ਲਈ ਵੋਟਾਂ ਪੈਣ ਤੋਂ 5 ਮਹੀਨੇ ਪਹਿਲਾਂ ਤੋਂ ਲੈ ਕੇ ਸਰਟੀਫਿਕੇਸ਼ਨ ਦੀ ਵੋਟ ਦੀ ਤਰੀਕ ਤੱਕ ਕੰਪਨੀ ਨੇ ਬਹੁਤ ਸਾਰੇ ਨਵੇਂ ਵਰਕਰ ਰੱਖੇ ਤਾਂ ਕਿ ਯੂਨੀਅਨ ਦੇ ਹਿਮਾਇਤੀ ਵਰਕਰਾਂ ਦੀ ਬਹੁਗਿਣਤੀ ਨੂੰ ਘਟਾਇਆ ਜਾ ਸਕੇ। ਇਹਨਾਂ ਮਹੀਨਿਆਂ ਵਿੱਚ ਰੱਖੇ ਵਰਕਰਾਂ ਨਾਲ ਇਸ ਵੇਅਰਹਾਊਸ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੀ ਗਿਣਤੀ ਵਿੱਚ ਇਕ ਤਿਹਾਈ (32 ਫੀਸਦੀ) ਦਾ ਵਾਧਾ ਹੋ ਗਿਆ। ਇਸ ਦੇ ਨਾਲ ਹੀ ਕੰਮ ਵਾਲੀ ਥਾਂ `ਤੇ ਵੱਡੀ ਗਿਣਤੀ ਵਿੱਚ ਯੂਨੀਅਨ ਵਿਰੋਧੀ ਪ੍ਰਚਾਰ ਦੀ ਮੁਹਿੰਮ ਚਲਾਈ ਗਈ। ਕੰਮ ਵਾਲੀ ਥਾਂ `ਤੇ ਟੀਵੀ ਸਕਰੀਨਾਂ `ਤੇ, ਪੋਸਟਰ ਲਾ ਕੇ ਅਤੇ ਲੰਚਰੂਮ ਵਿੱਚ ਮੇਜ਼ਾਂ `ਤੇ ਵਿਛਾਏ ਮੇਜ਼ਪੋਸ਼ਾਂ (ਟੇਬਲ ਕਲਾਥਾਂ) `ਤੇ ਯੂਨੀਅਨ ਵਿਰੋਧੀ ਸੁਨੇਹੇ ਪ੍ਰਦਰਸ਼ਤ ਕੀਤੇ ਗਏ। ਮੈਨੇਜਮੈਂਟ ਵਲੋਂ ਇਕੱਲੇ ਇਕੱਲੇ ਵਰਕਰ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਉਹਨਾਂ ਤੋਂ ਯੂਨੀਅਨ ਦੀਆਂ ਸਰਗਰਮੀਆਂ ਬਾਰੇ ਪੁੱਛਿਆ ਗਿਆ। ਵੇਅਰਹਾਊਸ ਵਿੱਚ ਛੁੱਟੀ ਦੇ ਸਮੇਂ ਵਰਕਰਾਂ ਦੀਆਂ ਬੈਠਣ ਵਾਲੀਆਂ ਥਾਂਵਾਂ (ਬ੍ਰੇਕਰੂਮਾਂ) ਵਿੱਚ ਮੈਨੇਜਰਾਂ ਵਲੋਂ ਯੂਨੀਅਨ ਵਿਰੋਧੀ ਸੈਸ਼ਨ ਲਾਏ ਗਏ। ਕੰਪਨੀ ਦੀਆਂ ਪ੍ਰੋਡਕਟਿਵਟੀ ਨਾਲ ਸੰਬੰਧਤ ਪਾਲਸੀਆਂ ਵਿੱਚ ਨਰਮੀ ਲਿਆਂਦੀ ਗਈ ਅਤੇ ਵਰਕਰਾਂ ਨੂੰ ਇਨਾਮ ਅਤੇ ਖਾਣ-ਪੀਣ ਦਾ ਸਮਾਨ ਦੇਣਾ ਸ਼ੁਰੂ ਕਰ ਦਿੱਤਾ ਗਿਆ।
ਜੁਲਾਈ 2025 ਵਿੱਚ ਯੂਨੀਅਨ ਦੀ ਇਸ ਸ਼ਿਕਾਇਤ ਬਾਰੇ ਫੈਸਲਾ ਦੇਣ ਸਮੇਂ ਲੇਬਰ ਰਿਲੇਸ਼ਨ ਬੋਰਡ ਨੇ ਯੂਨੀਅਨ ਦੀ ਸ਼ਿਕਾਇਤ ਨੂੰ ਸਹੀ ਮੰਨਿਆ। ਬੋਰਡ ਨੇ ਕਿਹਾ ਕਿ ਐਮਾਜ਼ੌਨ ਨੇ ਯੂਨੀਅਨ ਵਿਰੋਧੀ ਕਾਰਵਾਈਆਂ ਕਰਕੇ ਬੀ ਸੀ ਦੀ ਲੇਬਰ ਕੋਡ (ਕਿਰਤ ਕਾਨੂੰਨਾਂ) ਦੀ ਉਲੰਘਣਾ ਕੀਤੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਲੇਬਰ ਰਿਲੇਸ਼ਨ ਬੋਰਡ ਨੇ ਇਸ ਵੇਅਰਹਾਊਸ ਵਿੱਚ ਯੂਨੀਅਨ ਦੀ ਸਰਟੀਫਿਕੇਸ਼ਨ ਨੂੰ ਮਾਨਤਾ ਦੇਣ ਦਾ ਫੈਸਲਾ ਦਿੱਤਾ। ਭਾਵ ਇਸ ਵੇਅਰਹਾਊਸ ਵਿੱਚ ਯੂਨੀਅਨ ਦਾ ਬਣਨਾ ਮੰਨ ਲਿਆ ਗਿਆ ਅਤੇ ਯੂਨੀਅਨ ਨੂੰ ਹੱਕ ਮਿਲ ਗਿਆ ਕਿ ਉਹ ਇਸ ਵੇਅਰਹਾਊਸ ਵਿੱਚ ਵਰਕਰਾਂ ਦੀ ਨੁਮਾਇੰਦਗੀ ਕਰੇਗੀ।
ਯੂਨੀਅਨ ਦੀ ਸਰਟੀਫਿਕੇਸ਼ਨ ਦੀ ਇਹ ਜਿੱਤ ਵੇਅਰਹਾਊਸ ਵਿੱਚ ਕੰਮ ਕਰਦੇ ਉਹਨਾਂ ਵਰਕਰਾਂ ਕਰਕੇ ਹੋਈ ਜਿਹੜੇ ਮੈਨੇਜਮੈਂਟ ਵੱਲੋਂ ਯੂਨੀਅਨ ਵਿਰੁੱਧ ਚਲਾਈ ਵੱਡੀ ਮੁਹਿੰਮ ਦੌਰਾਨ ਆਪਣੇ ਯੂਨੀਅਨ ਬਣਾਉਣ ਦੇ ਇਰਾਦੇ `ਤੇ ਡਟੇ ਰਹੇ। ਜਿਹਨਾਂ ਵਰਕਰਾਂ ਨੇ ਇਸ ਸ਼ਿਕਾਇਤ ਦੀ ਸੁਣਵਾਈ ਦੌਰਾਨ ਆਪਣਾ ਡਰ ਲਾਹ ਕੇ ਲੇਬਰ ਰਿਲੇਸ਼ਨ ਬੋਰਡ ਸਾਹਮਣੇ ਵੇਅਰਹਾਊਸ ਵਿੱਚ ਹੁੰਦੀਆਂ ਯੂਨੀਅਨ ਵਿਰੋਧੀ ਸਰਗਰਮੀਆਂ ਬਾਰੇ ਗਵਾਹੀ ਦਿੱਤੀ। ਨੌਰਥ ਸਟਾਰ ਮੀਡੀਆ ਵਿੱਚ ਛਪੀ ਰਿਪੋਰਟ ਵਿੱਚ ਇਹਨਾਂ ਵਿੱਚੋਂ ਦੋ ਵਰਕਰਾਂ - ਕਿਰਨਦੀਪ ਕੌਰ ਅਤੇ ਕਿੰਬਰਲੀ ਕੋਡਾਮਾ- ਦੇ ਨਾਂ ਦਿੱਤੇ ਗਏ ਹਨ। ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਇਹਨਾਂ ਦੋ ਵਰਕਰਾਂ ਤੋਂ ਬਿਨਾਂ ਹੋਰ ਵੀ ਕਈ ਵਰਕਰਾਂ ਨੇ ਲੇਬਰ ਰਿਲੇਸ਼ਨ ਬੋਰਡ ਸਾਹਮਣੇ ਬਿਆਨ ਦਿੱਤੇ। ਇਹਨਾਂ ਵਰਕਰਾਂ ਵਲੋਂ ਕੀਤੇ ਕੰਮ ਦੀ ਸਿਫਤ ਕਰਦਿਆਂ ਯੂਨੀਫਰ ਦੇ ਆਰਗੇਨਾਈਜ਼ਿੰਗ ਦੇ ਡਾਇਰੈਕਟਰ ਜਸਟਿਨ ਨਿਪੌਸਕੀ ਨੇ ਕਿਹਾ, "ਵਰਕਰਾਂ ਨੂੰ ਜਥੇਬੰਦ ਕਰਨ ਦੀ ਮੁਹਿੰਮ ਦੌਰਾਨ ਕਈ ਕੁੱਝ ਕਰਨਾ ਪੈਂਦਾ ਹੈ। ਇਸ ਵਿੱਚੋਂ ਇਕ ਚੀਜ਼ ਹੈ ਡਰ ਉੱਪਰ ਕਾਬੂ ਪਾਉਣਾ। (ਮਾਲਕਾਂ ਵਲੋਂ) ਕੋਈ ਬਦਲਾ ਲਊ ਕਾਰਵਾਈ ਕੀਤੇ ਜਾਣ ਦਾ ਡਰ, ਨੌਕਰੀ ਤੋਂ ਕੱਢੇ ਜਾਣ ਦਾ ਡਰ, ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਦਾ ਡਰ। ਇਹਨਾਂ ਲੋਕਾਂ ਨੇ ਡਰ ਦੀ ਥਾਂ ਸਮੁੱਚੇ ਵਰਕਰਾਂ ਦੇ ਹਿਤਾਂ ਨੂੰ ਪਹਿਲ ਦਿੱਤੀ।"
ਜੁਲਾਈ 2025 ਵਿੱਚ ਯੂਨੀਅਨ ਨੂੰ ਸਰਟੀਫਿਕੇਸ਼ਨ ਮਿਲਣ ਤੋਂ ਬਾਅਦ ਕੰਪਨੀ ਅਤੇ ਯੂਨੀਅਨ ਵਿਚਕਾਰ ਪਹਿਲਾ ਸਮਝੌਤਾ ਕਰਨ ਲਈ ਗੱਲਬਾਤ ਹੋਣ ਲੱਗੀ। ਪਰ ਇਹ ਗੱਲਬਾਤ ਕਿਸੇ ਸਿਰੇ ਨਹੀਂ ਲਗ ਰਹੀ ਸੀ ਕਿਉਂਕਿ ਕੰਪਨੀ ਦੀ ਦਿਲਚਸਪੀ ਇਹ ਸਮਝੌਤਾ ਕਰਨ ਦੀ ਨਹੀਂ ਸੀ। ਉਹ ਤਾਂ ਯੂਨੀਅਨ ਨੂੰ ਤੋੜਨਾ ਚਾਹੁੰਦੀ ਸੀ ਅਤੇ ਵਰਕਰਾਂ ਨੂੰ ਇਹ ਸਮਝਾਉਣਾ ਚਾਹੁੰਦੀ ਸੀ ਕਿ ਉਹਨਾਂ ਨੂੰ ਯੂਨੀਅਨ ਬਣਾ ਕੇ ਕੋਈ ਫਾਇਦਾ ਨਹੀਂ ਹੋਣਾ। ਸਮਝੌਤੇ ਲਈ ਚੱਲ ਰਹੀ ਗੱਲਬਾਤ ਦੇ ਸਮੇਂ ਦੌਰਾਨ ਇਕ ਪੜਾਅ `ਤੇ ਐਮਾਜ਼ੋਨ ਵਲੋਂ ਆਪਣੇ ਸਾਰੇ ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਣਾ ਪਹਿਲਾਂ ਹੀ ਨਿਸ਼ਚਿਤ ਕੀਤਾ ਹੋਇਆ ਸੀ। ਐਮਾਜ਼ੋਨ ਨੇ ਬਾਕੀ ਸਾਰੀਆਂ ਥਾਂਵਾਂ `ਤੇ ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰ ਦਿੱਤਾ ਪਰ ਡੈਲਟਾ ਵਾਲੇ ਵੇਅਰਹਾਊਸ ਵਿੱਚ ਇਹ ਵਾਧਾ ਨਾ ਕੀਤਾ। ਕੰਪਨੀ ਅਜਿਹਾ ਕਰਕੇ ਵਰਕਰਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਜੇ ਤੁਸੀਂ ਯੂਨੀਅਨ ਦੇ ਨਾਲ ਰਹੋਗੇ ਤਾਂ ਘਾਟਾ ਖਾਉਗੇ।
ਐਮਾਜ਼ੌਨ ਦੇ ਇਸ ਫੈਸਲੇ ਵਿਰੁੱਧ ਯੂਨੀਅਨ ਨੇ ਸਤੰਬਰ 2025 ਵਿੱਚ ਲੇਬਰ ਰਿਲੇਸ਼ਨ ਬੋਰਡ ਕੋਲ ਸ਼ਿਕਾਇਤ ਕਰ ਦਿੱਤੀ ਕਿ ਕੰਪਨੀ ਯੂਨੀਅਨ ਦੇ ਮੈਂਬਰ ਵਰਕਰਾਂ ਨਾਲ ਵਿਤਕਰਾ ਕਰ ਰਹੀ ਸੀ, ਜਿਹੜਾ ਕਿ ਕਾਨੂੰਨੀ ਤੌਰ `ਤੇ ਗਲਤ ਸੀ। ਯੂਨੀਅਨ ਦੀ ਇਸ ਸ਼ਿਕਾਇਤ ਦੀ ਸੁਣਵਾਈ ਬਾਅਦ ਲੇਬਰ ਰਿਲੇਸ਼ਨ ਬੋਰਡ ਨੇ ਇਕ ਵਾਰ ਫਿਰ ਯੂਨੀਅਨ ਦੇ ਹੱਕ ਵਿੱਚ ਫੈਸਲਾ ਦਿੱਤਾ ਅਤੇ ਕਿਹਾ ਕਿ ਡੈਲਟਾ ਦੇ ਵੇਅਰਹਾਊਸ ਵਿਚਲੇ ਯੂਨੀਅਨ ਦੇ ਮੈਂਬਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਾ ਕਰਕੇ ਕੰਪਨੀ ਨੇ ਬੀ ਸੀ ਦੀ ਲੇਬਰ ਕੋਡ ਦੀ ਉਲੰਘਣਾ ਕੀਤੀ ਹੈ। ਬੋਰਡ ਨੇ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਤਨਖਾਹਾਂ ਵਿੱਚ ਇਹ ਵਾਧਾ ਇਕਦਮ ਲਾਗੂ ਕਰੇ ਅਤੇ ਉਸ ਤਰੀਕ ਤੋਂ ਕਰੇ ਜਦੋਂ ਉਸ ਨੇ ਇਹ ਵਾਧਾ ਦੂਜੀਆਂ ਥਾਂਵਾਂ `ਤੇ ਲਾਗੂ ਕੀਤਾ ਸੀ। ਇਸ ਫੈਸਲੇ ਕਾਰਨ ਕੰਪਨੀ ਨੂੰ ਡੈਲਟਾ ਦੇ ਵੇਅਰਹਾਊਸ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਤਨਖਾਹਾਂ ਵਿੱਚ 2 ਤੋਂ 3 ਡਾਲਰ ਪ੍ਰਤੀ ਘੰਟਾ ਤੱਕ ਦਾ ਵਾਧਾ ਕਰਨਾ ਪਿਆ ਅਤੇ ਉਸ ਤਰੀਕ ਤੋਂ ਕਰਨਾ ਪਿਆ ਜਿਸ ਤਰੀਕ ਤੋਂ ਇਹ ਵਾਧਾ ਹੋਰ ਥਾਂਵਾਂ `ਤੇ ਕੀਤਾ ਸੀ। ਤਨਖਾਹਾਂ ਦੇ ਵਾਧੇ ਦੇ ਨਾਲ ਨਾਲ ਕੰਪਨੀ ਨੂੰ ਵਰਕਰਾਂ ਨੂੰ ਕੁੱਝ ਹੋਰ ਫਾਇਦੇ ਵੀ ਦੇਣੇ ਪਏ। ਮੀਡੀਏ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਬੋਰਡ ਦੇ ਇਸ ਹੁਕਮ ਦੀ ਪੂਰਤੀ ਕਰਨ ਲਈ ਕੰਪਨੀ ਨੂੰ 10 ਲੱਖ (1 ਮਿਲੀਅਨ) ਡਾਲਰ ਤੱਕ ਦੀ ਰਕਮ ਵਰਕਰਾਂ ਨੂੰ ਦੇਣੀ ਪਈ।
ਅਗਸਤ 2026 ਵਿੱਚ ਯੂਨੀਅਨ ਨੂੰ ਸਰਟੀਫਿਕੇਸ਼ਨ ਮਿਲੀ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਸੀ। ਪਰ ਅਜੇ ਤੱਕ ਯੂਨੀਅਨ ਅਤੇ ਕੰਪਨੀ ਵਿਚਕਾਰ ਪਹਿਲਾ ਸਮਝੌਤਾ ਨਹੀਂ ਹੋਇਆ ਸੀ। ਇਸ ਹਾਲਤ ਵਿੱਚ 4 ਅਗਸਤ 2026 ਨੂੰ ਬੀ ਸੀ ਦੀ ਲੇਬਰ ਰਿਲੇਸ਼ਨ ਬੋਰਡ ਨੇ ਫੈਸਲਾ ਦਿੱਤਾ ਕਿ ਐਮਾਜ਼ੋਨ ਅਤੇ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਯੂਨੀਫਰ ਵਿਚਕਾਰ ਪਹਿਲਾ ਸਮਝੋਤਾ ਇਕ ਅਰਬਿਟਰੇਟਰ ਰਾਹੀਂ ਨੇਪਰੇ ਚਾੜ੍ਹਿਆ ਜਾਵੇਗਾ। ਅਤੇ ਅਖੀਰ ਵਿੱਚ 13 ਨਵੰਬਰ 2026 ਨੂੰ ਅਰਬਿਟਰੇਟਰ ਨੇ ਕੰਪਨੀ ਅਤੇ ਯੂਨੀਅਨ ਵਿਚਕਾਰ ਪਹਿਲੇ ਸਮਝੌਤੇ ਦੀਆਂ ਸ਼ਰਤਾਂ ਤੈਅ ਕਰ ਦਿੱਤੀਆਂ, ਜਿਹਨਾਂ ਨੂੰ ਮੰਨਣਾ ਦੋਹਾਂ ਧਿਰਾਂ ਲਈ ਜ਼ਰੂਰੀ ਹੈ। ਇਸ ਤਰ੍ਹਾਂ ਐਮਾਜ਼ੌਨ ਅਤੇ ਇਸ ਦੇ ਡੈਲਟਾ ਵਿਚਲੇ ਵੇਅਰਹਾਊਸ ਦੇ ਯੂਨੀਅਨ ਦੇ ਮੈਂਬਰ ਵਰਕਰਾਂ ਵਿਚਕਾਰ ਪਹਿਲਾ ਸਮਝੌਤਾ ਹੋਂਦ ਵਿੱਚ ਆਇਆ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਇਹ ਸਮਝੌਤਾ ਪੂਰੇ ਉੱਤਰੀ ਅਮਰੀਕਾ ਵਿੱਚ ਐਮਾਜ਼ੋਨ ਅਤੇ ਯੂਨੀਅਨ ਦਾ ਮੈਂਬਰ ਬਣੇ ਇਸ ਦੇ ਵਰਕਰਾਂ ਵਿਚਕਾਰ ਪਹਿਲਾ ਸਮਝੌਤਾ ਹੈ।
ਇਸ ਸਮਝੌਤੇ ਦਾ ਹੋਂਦ ਵਿੱਚ ਆਉਣਾ ਐਮਾਜ਼ੌਨ ਦੇ ਡੈਲਟਾ ਵਿਚਲੇ ਵੇਅਰਹਾਊਸ ਵਿੱਚ ਕੰਮ ਕਰਦੇ ਵਰਕਰਾਂ ਦੀ ਜਿੱਤ ਦੇ ਨਾਲ ਨਾਲ ਦੁਨੀਆ ਭਰ ਵਿੱਚ ਐਮਾਜ਼ੋਨ ਨਾਲ ਕੰਮ ਕਰਦੇ ਵਰਕਰਾਂ ਦੀ ਜਿੱਤ ਹੈ ਕਿਉਂਕਿ ਇਹ ਜਿੱਤ ਐਮਾਜ਼ੌਨ ਦੀ ਉਸ ਸੋਚ ਵਿਰੁੱਧ ਜਿੱਤ ਹੈ ਜੋ ਕਹਿੰਦੀ ਹੈ ਕਿ ਮਰਜ਼ੀ ਜੋ ਹੋਵੇ ਐਮਾਜ਼ੌਨ ਦੀਆਂ ਕੰਮ ਵਾਲੀਆਂ ਥਾਂਵਾਂ `ਤੇ ਯੂਨੀਅਨ ਨਹੀਂ ਬਣਨ ਦਿੱਤੀ ਜਾਵੇਗੀ ਅਤੇ ਜੇ ਯੂਨੀਅਨ ਬਣ ਜਾਵੇ ਤਾਂ ਉਸ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਉਦਾਹਰਨ ਲਈ ਨਿਊ ਯੋਰਕ ਦੇ ਸਟੇਟਨ ਆਈਲੈਂਡ ਵਿਚਲੇ ਵੇਅਰਹਾਊਸ ਦੇ ਵਰਕਰਾਂ ਨੇ ਸੰਨ 2022 ਵਿੱਚ ਐਮਾਜ਼ੌਨ ਲੇਬਰ ਯੂਨੀਅਨ ਬਣਾਈ ਸੀ ਜੋੋ ਕਿ ਉੱਤਰੀ ਅਮਰੀਕਾ ਵਿੱਚ ਐਮਾਜ਼ੌਨ ਵਰਕਰਾਂ ਦੀ ਬਣੀ ਪਹਿਲੀ ਯੂਨੀਅਨ ਸੀ। ਆਪਣੇ ਹੋਂਦ ਵਿੱਚ ਆਉਣ ਤੋਂ ਚਾਰ ਸਾਲ ਬਾਅਦ, ਹੁਣ ਤੱਕ ਵੀ ਐਮਾਜ਼ੌਨ ਨੇ ਇਸ ਯੂਨੀਅਨ ਨਾਲ ਪਹਿਲਾ ਕੁਲੈਕਟਿਵ ਐਗਰੀਮੈਂਟ ਨਹੀਂ ਕੀਤਾ। ਇਸ ਹੀ ਤਰ੍ਹਾਂ ਸੰਨ 2024 ਵਿੱਚ ਕੈਨੇਡਾ ਦੇ ਸੂਬੇ ਕਿਊਬਕ ਦੇ ਸ਼ਹਿਰ ਲਵਾਲ ਵਿਚਲੇ ਵੇਅਰਹਾਊਸ ਦੇ 300 ਵਰਕਰ ਯੂਨੀਅਨ ਬਣਾਉਣ ਵਿੱਚ ਕਾਮਯਾਬ ਹੋ ਗਏ ਸਨ। ਇਹ ਵੇਅਰਹਾਊਸ ਉੱਤਰੀ ਅਮਰੀਕਾ ਵਿੱਚ ਐਮਾਜ਼ੌਨ ਵਰਕਰਾਂ ਦੀ ਯੂਨੀਅਨ ਵਾਲਾ ਦੂਜਾ ਥਾਂ ਸੀ ਅਤੇ ਕੈਨੇਡਾ ਵਿੱਚ ਪਹਿਲਾ। ਵਰਕਰਾਂ ਵਲੋਂ ਯੂਨੀਅਨ ਬਣਾਉਣ ਤੋਂ ਬਾਅਦ ਐਮਾਜ਼ੌਨ ਨੇ ਇਸ ਥਾਂ `ਤੇ ਯੂਨੀਅਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਸ਼ੁਰ ਕਰ ਦਿੱਤੀਆਂ। ਜਦੋਂ ਕੰਪਨੀ ਯੂਨੀਅਨ ਨੂੰ ਤੋੜਨ ਦੀਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਕਾਮਯਾਬ ਨਾ ਹੋਈ ਤਾਂ ਜਨਵਰੀ 2025 ਵਿੱਚ ਐਮਾਜ਼ੌਨ ਨੇ ਕਿਊਬਕ ਸੂਬੇ ਵਿਚਲੇ ਆਪਣੇ ਸਾਰੇ ਸੱਤ ਵੇਅਰਹਾਊਸਾਂ ਨੂੰ ਬੰਦ ਕਰ ਦਿੱਤਾ।
ਮੀਡੀਆ ਰਿਪਰੋਟਾਂ ਅਨੁਸਾਰ ਐਮਾਜ਼ੋਨ ਕੰਪਨੀ ਦੀ ਕੁੱਲ ਸੰਪਤੀ 25 ਖਰਬ (2.5 ਟ੍ਰਿਲੀਅਨ) ਡਾਲਰ ਹੈ। ਆਪਣੀ ਇੰਨੀ ਸੰਪਤੀ ਦੇ ਜ਼ੋਰ `ਤੇ ਉਹ ਆਪਣੀਆਂ ਕੰਮ ਵਾਲੀਆਂ ਥਾਂਵਾਂ `ਤੇ ਯੂਨੀਅਨਾਂ ਬਣਨ ਤੋਂ ਰੋਕਣ ਲਈ ਅਥਾਹ ਪੈਸਾ ਖਰਚ ਕਰਦੀ ਹੈ। ਡੈਲਟਾ ਵਿੱਚ ਯੂਨੀਅਨ ਨੂੰ ਬਣਨ ਤੋਂ ਰੋਕਣ ਲਈ ਐਮਾਜ਼ੌਨ ਨੇ ਕਿੰਨਾ ਪੈਸਾ ਖਰਚ ਕੀਤਾ, ਸਾਡੇ ਕੋਲ ਇਸ ਦੇ ਅੰਕੜੇ ਨਹੀਂ ਹਨ। ਪਰ ਮੀਡੀਆ ਰਿਪੋਰਟਾਂ ਤੋਂ ਇਹ ਪਤਾ ਲਗਦਾ ਹੈ ਕਿ ਨਿਊ ਯੌਰਕ ਦੇ ਸਟੇਟਨ ਆਈਲੈਂਡ ਵਾਲੇ ਵੇਅਰਹਾਊਸ ਵਿੱਚ ਯੂਨੀਅਨ ਵਿਰੋਧੀ ਕਾਰਵਾਈਆਂ ਵਿੱਚ ਐਮਾਜ਼ੋਨ ਨੇ 40 ਲੱਖ (4 ਮਿਲੀਅਨ) ਡਾਲਰ ਖਰਚ ਕੀਤੇ ਸਨ। ਸੰਨ 2022 ਵਿੱਚ ਐਮਾਜ਼ੌਨ ਨੇ ਯੂਨੀਅਨ ਵਿਰੋਧੀ ਕਨਸਲਟੈਂਟਾਂ ਨੂੰ 142 ਲੱਖ (14.2 ਮਿਲੀਅਨ) ਡਾਲਰ ਤੋਂ ਵੱਧ ਰਕਮ ਅਦਾ ਕੀਤੀ ਸੀ। ਇਹਨਾਂ ਕਨਸਲਟੈਂਟਾਂ ਦਾ ਕੰਮ ਵਰਕਰਾਂ ਨੂੰ ਯੂਨੀਅਨ ਦੇ ਮੈਂਬਰ ਨਾ ਬਣਨ ਲਈ ਕਾਇਲ ਕਰਨਾ ਸੀ।
ਐਮਾਜ਼ੌਨ ਦੇ ਡੈਲਟਾ ਵਿਚਲੇ ਵੇਅਰਹਾਊਸ ਦੇ ਵਰਕਰਾਂ ਨੂੰ ਮਿਲੇ ਪਹਿਲੇ ਸਮਝੌਤੇ ਦੀ ਖਬਰ ਨੂੰ ਐਮਾਜ਼ੌਨ ਕੰਪਨੀ ਦੀ ਇਸ ਯੂਨੀਅਨ ਵਿਰੋਧੀ ਸੋਚ ਦੇ ਸੰਦਰਭ ਵਿੱਚ ਦੇਖਦੇ ਹੋਏ ਅਸੀਂ ਇਹ ਸਮਝ ਸਕਦੇ ਹਾਂ ਕਿ ਇਹ ਵਰਕਰਾਂ ਦੀ ਜਿੱਤ ਕਿੱਡੀ ਵੱਡੀ ਹੈ। ਐਮਾਜ਼ੋਨ ਕਹਿੰਦੀ ਹੈ ਕਿ ਅਸੀਂ ਆਪਣੀ ਕਿਸੇ ਵੀ ਕੰਮ ਵਾਲੀ ਥਾਂ `ਤੇ ਯੂਨੀਅਨ ਨਹੀਂ ਬਣਨ ਦੇਣੀ ਅਤੇ ਡੈਲਟਾ ਦੇ ਵਰਕਰਾਂ ਨੇ ਇਸ ਵੇਅਰਹਾਊਸ ਵਿੱਚ ਯੂਨੀਅਨ ਬਣਾ ਕੇ ਅਤੇ ਪਹਿਲਾ ਕੁਲੈਕਟਿਵ ਐਗਰੀਮੈਂਟ ਜਿੱਤ ਕੇ ਐਮਾਜ਼ੋਨ ਦੀ ਇਸ ਹਿੰਡ ਨੂੰਂ ਤੋੜਿਆ ਹੈ। ਇਸ ਕੁਲੈਕਟਿਵ ਐਗਰੀਮੈਂਟ ਦੇ ਮਿਲਣ `ਤੇ ਟਿੱਪਣੀ ਕਰਦਿਆਂ, ਯੂਨੀਫਰ ਯੂਨੀਅਨ ਦੇ ਵੈਸਟਰਨ ਰੀਜਨਲ ਡਾਇਰੈਕਟਰ ਗੈਵਿਨ ਮਕਗੈਰੀਗਲ ਨੇ ਕਿਹਾ, "ਐਮਾਜ਼ੋਨ ਨੇ ਵਰਕਰਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ (ਕੰਪਨੀ) ਇੰਨੇ ਵੱਡੇ ਹਨ ਕਿ ਉਨ੍ਹਾਂ ਦੇ ਯੂਨੀਅਨ ਬਣਾਉਣਾ ਸੰਭਵ ਨਹੀਂ, ਅਤੇ ਅਰਬਾਂ ਡਾਲਰਾਂ ਦਾ ਮੁਨਾਫ਼ਾ ਕਮਾਉਂਦੇ ਹੋਏ ਵਰਕਰਾਂ ਨੂੰ ਰੋਕਣ ਲਈ ਆਪਣੀ ਤਾਕਤ ਅਤੇ ਪੈਸੇ ਦੀ ਵਰਤੋਂ ਕੀਤੀ। ਉਨ੍ਹਾਂ ਨੇ ਹਰ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਹਰ ਕਦਮ 'ਤੇ ਹਕੀਕਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੇ।" ਯੂਨੀਅਨ ਦੀ ਨੈਸ਼ਨਲ ਪ੍ਰੈਜ਼ੀਡੈਂਟ ਲਾਨਾ ਪੇਅਨ ਨੇ ਕਿਹਾ, "ਐਮਾਜ਼ੌਨ ਨੇ ਸਭਨਾਂ ਨੂੰ ਦੱਸਿਆ ਕਿ ਯੂਨੀਅਨ ਕੰਟਰੈਕਟ ਕਦੇ ਨਹੀਂ ਹੋਵੇਗਾ, ਪਰ ਵਰਕਰਾਂ ਨੇ ਉਨ੍ਹਾਂ ਨੂੰ ਗ਼ਲਤ ਸਾਬਤ ਕਰ ਦਿੱਤਾ। ਇਨ੍ਹਾਂ ਵਰਕਰਾਂ ਨੇ ਧਰਤੀ ਦੀਆਂ ਸਭ ਤੋਂ ਤਾਕਤਵਰ ਕੰਪਨੀਆਂ ਵਿੱਚੋਂ ਇੱਕ ਦਾ ਮੁਕਾਬਲਾ ਕੀਤਾ ਅਤੇ ਲਿਖਤ ਵਿੱਚ ਉਹ ਹੱਕ ਜਿੱਤੇ ਜੋ ਐਮਾਜ਼ੌਨ ਖੋਹ ਨਹੀਂ ਸਕਦੀ। ਉਨ੍ਹਾਂ ਦੇ ਹੌਂਸਲੇ ਨੇ ਬਾਜ਼ੀ ਮਾਰ ਲਈ।"
ਅਜੇ ਇਹਨਾਂ ਵਰਕਰਾਂ ਦੀ ਜਦੋਜਹਿਦ ਖਤਮ ਨਹੀਂ ਹੋਈ। ਐਮਾਜ਼ੋਨ ਦਾ ਕਹਿਣਾ ਹੈ ਕਿ ਉਹ ਅਰਬਿਟ੍ਰੇਟਰ ਵਲੋਂ ਤੈਅ ਕੀਤੇ ਇਸ ਐਗਰੀਮੈਂਟ ਨੂੰ ਅਤੇ ਬੀ ਸੀ ਲੇਬਰ ਰਿਲੇਸ਼ਨ ਬੋਰਡ ਵਲੋਂ ਯੂਨੀਅਨ ਨੂੰ ਦਿੱਤੀ ਸਰਟੀਫਿਕੇਸ਼ਨ ਨੂੰ ਕਾਨੂੰਨੀ ਚੁਣੋਤੀ ਦੇਵੇਗੀ। ਇਸ ਲਈ ਇਹਨਾਂ ਵਰਕਰਾਂ ਨੂੰ ਆਪਣੀ ਯੂਨੀਅਨ ਰਾਹੀਂ ਐਮਾਜ਼ੌਨ ਦੀ ਇਸ ਕਾਨੂੰਨੀ ਲੜਾਈ ਨਾਲ ਲੜਨਾ ਪਵੇਗਾ। ਪਰ ਇਸ ਸਮੇਂ ਸਾਨੂੰ ਉਹਨਾਂ ਨੂੰ ਉਹਨਾਂ ਦੀ ਇਸ ਇਤਿਹਾਸਕ ਜਿੱਤ ਲਈ ਵਧਾਈ ਦੇਣੀ ਚਾਹੀਦੀ ਹੈ। ਉਹਨਾਂ ਨੇ ਐਮਾਜ਼ੌਨ ਵਿਰੁੱਧ ਆਪਣੀ ਜਿੱਤ ਨਾਲ ਅਸੰਭਵ ਨੂੰ ਸੰਭਵ ਬਣਾਇਆ ਹੈ ਅਤੇ ਦੁਨੀਆ ਭਰ ਵਿੱਚ ਐਮਾਜ਼ੌਨ ਨਾਲ ਕੰਮ ਕਰਦੇ ਵਰਕਰਾਂ ਨੂੰ ਯਕੀਨ ਦਿਵਾਇਆ ਹੈ ਕਿ ਐਮਾਜ਼ੌਨ ਨੂੰ ਵੀ ਹਰਾਇਆ ਜਾ ਸਕਦਾ ਹੈ।
ਇਕ ਗੱਲ ਹੋਰ, ਐਮਾਜ਼ੌਨ ਦੇ ਵੇਅਰਹਾਊਸਾਂ ਵਿੱਚ ਵੱਡੀ ਗਿਣਤੀ ਵਿੱਚ ਰੰਗਦਾਰ ਲੋਕ (ਰੇਸ਼ਿਆਲਾਈਜ਼ਡ ਜਾਂ ਵਿਜ਼ੀਬਲ ਮਾਈਨੌਰਟੀਜ਼ ਨਾਲ ਸੰਬੰਧਿਤ ਲੋਕ) ਕੰਮ ਕਰਦੇ ਹਨ। ਡੈਲਟਾ ਦੇ ਵੇਅਰਹਾਊਸ ਵਿੱਚ ਵੀ ਇਹ ਹੀ ਸਥਿਤੀ ਹੈ ਜੋ ਇਸ ਪੋਸਟ ਦੇ ਨਾਲ ਦਿੱਤੀ ਤਸਵੀਰ ਤੋਂ ਸਾਫ ਜ਼ਾਹਰ ਹੈ। ਇਹ ਤਸਵੀਰ 20 ਨਵੰਬਰ ਨੂੰ ਯੂਨੀਅਨ ਦੇ ਦਫਤਰ ਵਿੱਚ ਇਸ ਇਤਿਹਾਸਕ ਜਿੱਤ ਦਾ ਜਸ਼ਨ ਮਨਾਉਣ ਅਤੇ ਇਸ ਨਵੇਂ ਸਮਝੌਤੇ (ਐਗਰੀਮੈਂਟ) ਬਾਰੇ ਗੱਲਬਾਤ ਕਰਨ ਲਈ ਸੱਦੀ ਮੀਟਿੰਗ ਦੀ ਹੈ। ਇਸ ਫੋਟੋ ਵਿੱਚ 80 ਫੀਸਦੀ ਤੋਂ ਵੱਧ ਰੰਗਦਾਰ ਲੋਕ ਹਨ, ਜਿਹਨਾਂ ਵਿੱਚੋਂ 6 ਪੰਜਾਬੀ/ਭਾਰਤੀ ਕੁੜੀਆਂ ਹਨ। ਇਸ ਲਈ ਇਸ ਇਤਿਹਾਸਕ ਜਿੱਤ ਦੀ ਪੰਜਾਬੀ/ਭਾਰਤੀ ਭਾਈਚਾਰੇ ਲਈ ਵੀ ਵਿਸ਼ੇਸ਼ ਮਹੱਤਤਾ ਹੈ। ਇਹਨਾਂ ਵਰਕਰਾਂ ਦੀ ਇਹ ਜਿੱਤ ਪੰਜਾਬੀ/ਭਾਰਤੀ ਭਾਈਚਾਰੇ ਦੀ ਗੱਲਬਾਤ ਅਤੇ ਖਬਰ-ਸੰਸਾਰ ਦਾ ਹਿੱਸਾ ਵੀ ਬਣਨੀ ਚਾਹੀਦੀ ਹੈ। ***
(ਇਹ ਲੇਖ ਇਹਨਾਂ ਵਰਕਰਾਂ ਦੀ ਜਦੋਜਹਿਦ ਬਾਰੇ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਦੇ ਆਧਾਰ `ਤੇ ਲਿਖਿਆ ਗਿਆ ਹੈ।)