ਮਰਹੂਮ ਸ਼ਾਇਰ ਈਸ਼ਰ ਸਿੰਘ ਮੋਮਨ ਦੀ ਪਹਿਲੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ
ਹਰਦਮ ਮਾਨ
ਹੇਵਰਡ 10 ਜੁਲਾਈ, 2026
ਮਾਨਵਤਾ ਦੇ ਪੁਜਾਰੀ ਅਤੇ ਪੰਜਾਬੀ ਸਾਹਿਤ ਦੇ ਸਤਿਕਾਰਯੋਗ ਸ਼ਾਇਰ ਸ. ਈਸ਼ਰ ਸਿੰਘ ਮੋਮਨ ਜੀ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਸੈਨ ਹੋਜ਼ੇ ਦੇ ਗੁਰੂ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ, ਕੀਰਤਨ ਅਤੇ ਅਰਦਾਸ ਕਰਵਾਈ ਗਈ। ਇਹ ਸਮਾਗਮ ਸਿਰਫ਼ ਇੱਕ ਬਰਸੀ ਨਹੀਂ ਸੀ, ਸਗੋਂ ਇੱਕ ਅਜਿਹੇ ਇਨਸਾਨ ਨੂੰ ਸ਼ਰਧਾਂਜਲੀ ਸੀ ਜਿਸ ਨੇ ਆਪਣੀ ਕਲਮ, ਆਪਣੇ ਜੀਵਨ ਅਤੇ ਆਪਣੇ ਸੰਸਕਾਰਾਂ ਨਾਲ ਅਨੇਕਾਂ ਦਿਲਾਂ ਨੂੰ ਰੋਸ਼ਨ ਕੀਤਾ। ਸਮਾਗਮ ਵਿੱਚ ਪਰਿਵਾਰਕ ਮੈਂਬਰਾਂ, ਸਨੇਹੀਆਂ ਅਤੇ ਮਿੱਤਰਾਂ ਤੋਂ ਇਲਾਵਾ ਵਿਸ਼ਵ ਪੰਜਾਬ ਸਾਹਿਤ ਅਕੈਡਮੀ ਵੱਲੋਂ ਪ੍ਰਧਾਨ ਕੁਲਵਿੰਦਰ, ਜਗਜੀਤ ਨੌਸ਼ਹਿਰਵੀ, ਪ੍ਰੋ. ਸੁਰਿੰਦਰ ਸੀਰਤ, ਅਭੀਤਾਬ ਸੈਣੀ ਅਤੇ ਲਾਜ ਨੀਲਮ ਸੈਣੀ ਹਾਜ਼ਰ ਸਨ। ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਰਾਏ ਬੁਲਾਰ ਜੀ ਦੀ ਉੱਨੀਵੀਂ ਪੀੜ੍ਹੀ ਨਾਲ ਸੰਬੰਧਿਤ ਰਾਏ ਭੱਟੀ ਨੇ ਵੀ ਆਪਣੀ ਹਾਜ਼ਰੀ ਲਗਵਾ ਕੇ ਮੋਮਨ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਰੱਬ ਮੋਮਨ ਜੀ ਨੂੰ ਜੰਨਤ ਵਿੱਚ ਥਾਂ ਦੇਵੇ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਹਮੇਸ਼ਾ ਕ੍ਰਿਪਾ ਬਣਾਈ ਰੱਖੇ।
ਇਸ ਮੌਕੇ ਬੋਲਦਿਆਂ ਲਾਜ ਨੀਲਮ ਸੈਣੀ ਨੇ ਕਿਹਾ ਕਿ ਮੋਮਨ ਜੀ ਦੀ ਅਸਲ ਪਛਾਣ ਸਿਰਫ਼ ਉਨ੍ਹਾਂ ਦੀ ਸ਼ਾਇਰੀ ਨਹੀਂ ਸੀ ਸਗੋਂ ਉਨ੍ਹਾਂ ਦਾ ਜੀਵਨ ਆਪਣੇ ਆਪ ਵਿੱਚ ਇੱਕ ਕਵਿਤਾ ਸੀ। ਉਹ ਇੱਕ ਆਦਰਸ਼ ਪੁੱਤਰ, ਸੁਹਿਰਦ ਭਰਾ, ਸਮਰਪਿਤ ਪਤੀ ਅਤੇ ਆਦਰਸ਼ ਪਿਤਾ ਸਨ। ਉਨ੍ਹਾਂ ਆਪਣੇ ਭਰਾ-ਭਰਜਾਈ ਨਾਲ ਮਿਲ ਕੇ ਅਠਾਈ ਸਾਲ ਮੰਜੇ 'ਤੇ ਪਈ ਮਾਤਾ ਦੀ ਸੇਵਾ ਕੀਤੀ ਅਤੇ ਦਸ ਸਾਲ ਤੱਕ ਬਿਮਾਰ ਜੀਵਨ ਸਾਥਣ ਦੀ ਨਿਸ਼ਕਾਮ ਸੇਵਾ ਨੂੰ ਆਪਣਾ ਧਰਮ ਸਮਝ ਕੇ ਨਿਭਾਇਆ। ਸੇਵਾ, ਸਾਦਗੀ ਅਤੇ ਸੱਚਾਈ ਉਨ੍ਹਾਂ ਦੇ ਜੀਵਨ ਦੇ ਮੂਲ ਮੁੱਲ ਸਨ। ਅੱਜ ਇਹੀ ਸੰਸਕਾਰ ਉਨ੍ਹਾਂ ਦੀ ਅਗਲੀ ਪੀੜ੍ਹੀ ਵਿੱਚ ਵੀ ਦਿਖਾਈ ਦਿੰਦੇ ਹਨ। ਉਨ੍ਹਾਂ ਦੇ ਪੁੱਤਰ ਪਰਦੀਪ ਸਿੰਘ ਪਾਬਲਾ ਅਤੇ ਨੂੰਹ ਮਨਜੀਤ ਕੌਰ ਨੇ ਵੀ ਆਪਣੇ ਨਿੱਜੀ ਸੁਖਾਂ ਤੋਂ ਉੱਪਰ ਉੱਠ ਕੇ ਆਖ਼ਰੀ ਸਮੇਂ ਤੱਕ ਉਨ੍ਹਾਂ ਦੀ ਸੇਵਾ-ਸੰਭਾਲ ਕੀਤੀ। ਇਹ ਮੋਮਨ ਜੀ ਦੀ ਪਰਵਰਿਸ਼ ਦੀ ਸਭ ਤੋਂ ਵੱਡੀ ਕਾਮਯਾਬੀ ਸੀ। ਉਸ ਨੇ ਭਾਵੁਕਤਾ ਨਾਲ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਨ੍ਹਾਂ ਨੇ ਉਸ ਨੂੰ ਆਪਣੀ ਧੀ ਦਾ ਦਰਜਾ ਦਿੱਤਾ ਅਤੇ ਇਸ ਪਵਿੱਤਰ ਰਿਸ਼ਤੇ ਨੂੰ ਆਪਣੇ ਆਖ਼ਰੀ ਸਾਹ ਤੱਕ ਨਿਭਾਇਆ।
ਸ. ਈਸ਼ਰ ਸਿੰਘ ਮੋਮਨ ਜੀ 99 ਸਾਲਾਂ ਦੀ ਸੰਪੂਰਨ ਜੀਵਨ ਯਾਤਰਾ ਪੂਰੀ ਕਰਕੇ ਇਸ ਸੰਸਾਰ ਤੋਂ ਵਿਦਾ ਹੋਏ ਪਰ ਉਨ੍ਹਾਂ ਦੀ ਕਲਮ ਅੱਜ ਵੀ ਜਿਊਂਦੀ ਹੈ। 'ਗ਼ਜ਼ਲ ਗੁਲਜ਼ਾਰ' ਅਤੇ 'ਕਲਮਾਂ ਦੀ ਕਸਤੂਰੀ' ਵਰਗੇ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਨੂੰ ਅਨਮੋਲ ਦੇਣ ਹਨ। ਉਨ੍ਹਾਂ ਦੀ ਸ਼ਾਇਰੀ ਵਿੱਚ ਮਾਨਵੀ ਕਦਰਾਂ ਕੀਮਤਾਂ ਅਤੇ ਜ਼ਿੰਦਗੀ ਦੇ ਨੇੜੇ ਹਨ। ਮਾਂ ਪ੍ਰਤੀ ਆਪਣੀ ਅਸੀਮ ਸ਼ਰਧਾ ਨੂੰ ਉਨ੍ਹਾਂ ਨੇ ਇਨ੍ਹਾਂ ਸਤਰਾਂ ਵਿੱਚ ਅਮਰ ਕਰ ਦਿੱਤਾ—
ਮੋਮਨ ਮਾਂ ਦੇ ਚਰਨਾਂ ਦੇ ਵਿੱਚ, ਕਾਸ਼ੀ ਕਾਅਬਾ ਦੋਈ,
ਮਾਂ ਦੀ ਸੇਵਾ ਰੱਬ ਦੀ ਸੇਵਾ, ਵਿਰਲਾ ਕਰਦਾ ਕੋਈ।
ਇਹ ਸਤਰਾਂ ਸਿਰਫ਼ ਉਨ੍ਹਾਂ ਦੀ ਕਲਮ ਦੀ ਨਹੀਂ, ਸਗੋਂ ਉਨ੍ਹਾਂ ਦੇ ਜੀਵਨ ਦੀ ਵੀ ਸੱਚਾਈ ਸਨ।
ਮਨੁੱਖੀ ਸੁਭਾਅ ਦੀ ਡੂੰਘੀ ਪਰਖ ਉਨ੍ਹਾਂ ਦੇ ਸ਼ਬਦਾਂ ਵਿੱਚ ਝਲਕਦੀ ਹੈ—
ਮਰਦੇ ਦਮ ਤੱਕ ਮਰਦੀ ਨਹੀਂ ਇਹ, ਮਨ 'ਚੋਂ ਮੇਰਾ-ਮੇਰੀ,
ਅੰਤ ਸਮੇਂ ਤੱਕ ਬੰਦਾ ਕਰਦਾ, ਰੱਜ ਕੇ ਹੇਰਾ-ਫੇਰੀ।
ਗੰਭੀਰ ਵਿਚਾਰਾਂ ਦੇ ਨਾਲ-ਨਾਲ ਉਨ੍ਹਾਂ ਦੀ ਹਾਸ-ਰਸ ਭਰੀ ਸ਼ਾਇਰੀ ਵੀ ਮਹਿਫ਼ਲਾਂ ਦੀ ਜਾਨ ਹੁੰਦੀ ਸੀ—
ਮੇਰੀ ਗੱਲ ਦਾ ਵੀ ਕਰਿਓ ਯਕੀਨ ਭਾਈ ਜੀ,
ਬੰਦਾ ਏਦਾਂ ਜਿੱਦਾਂ ਹੁੰਦੀ ਹੈ ਮਸ਼ੀਨ ਭਾਈ ਜੀ।
ਪਿੰਡ ਚੌਧਰੀ ਸੀ, ਚੌਧਰੀ ਦੀ ਧੌਣ ਆਕੜੀ,
ਇੱਥੇ ਆਟੇ ਤੋਂ ਵੀ ਹੋਈ ਹੈ ਮਹੀਨ ਭਾਈ ਜੀ।
ਮਾਂ-ਬੋਲੀ ਪੰਜਾਬੀ ਪ੍ਰਤੀ ਉਨ੍ਹਾਂ ਦਾ ਪਿਆਰ ਉਨ੍ਹਾਂ ਦੀ ਹਰ ਰਚਨਾ ਵਿੱਚ ਧੜਕਦਾ ਸੀ—
ਜੇ ਤੂੰ ਚਾਹੁੰਦਾ ਤੋਲਣਾ, ਤਾਂ ਤੂੰ ਪੂਰਾ ਤੋਲ,
ਮਾਂ ਦੀ ਮਮਤਾ ਬੋਲਦੀ, ਬਹਿ ਜਾ ਮੇਰੇ ਕੋਲ।
ਹਿੰਦੀ, ਉਰਦੂ ਰਹਿਣ ਦੇ, ਅੰਗਰੇਜ਼ੀ ਵੀ ਰੱਖ,
ਤੂੰ ਪੁੱਤਰ ਪੰਜਾਬ ਦਾ, ਮਾਂ ਦੀ ਬੋਲੀ ਬੋਲ।
ਮੋਮਨ ਜੀ ਨੇ ਆਪਣੀ ਸਾਰੀ ਉਮਰ ਪਿਆਰ, ਸਤਿਕਾਰ ਅਤੇ ਮਨੁੱਖਤਾ ਦੀ ਦੌਲਤ ਵੰਡੀ। ਇਸੇ ਲਈ ਉਨ੍ਹਾਂ ਨੂੰ ਲੋਕਾਂ ਤੋਂ ਵੀ ਬੇਅੰਤ ਪਿਆਰ ਮਿਿਲਆ—
ਆ ਕੇ ਮਿਲੀ ਮੁਹੱਬਤ, ਦਿਲ ਨੂੰ ਕਰਾਰ ਮਿਿਲਆ,
ਮੈਨੂੰ ਪਿਆਰ ਬਦਲੇ ਰੱਜਵਾਂ ਪਿਆਰ ਮਿਿਲਆ।
ਸੱਚਮੁਚ ਸ. ਈਸ਼ਰ ਸਿੰਘ ਮੋਮਨ ਜੀ ਇੱਕ ਬੋਹੜ ਵਰਗੇ ਇਨਸਾਨ ਸਨ। ਬੋਹੜ ਕਦੇ ਨਹੀਂ ਮਰਦੇ; ਉਹ ਆਪਣੀ ਛਾਂ, ਆਪਣੀ ਠੰਢਕ ਅਤੇ ਆਪਣੇ ਬੀਜ ਸਮੇਂ ਦੀਆਂ ਹਵਾਵਾਂ ਦੇ ਹਵਾਲੇ ਕਰ ਜਾਂਦੇ ਹਨ। ਮੋਮਨ ਜੀ ਵੀ ਆਪਣੀ ਕਲਮ, ਆਪਣੇ ਵਿਚਾਰਾਂ ਅਤੇ ਆਪਣੇ ਸੰਸਕਾਰਾਂ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਰਾਹ ਦਿਖਾਉਂਦੇ ਰਹਿਣਗੇ। ਉਨ੍ਹਾਂ ਦੀ ਯਾਦ ਦਾ ਦੀਵਾ ਪੰਜਾਬੀ ਸਾਹਿਤ ਅਤੇ ਅਣਗਿਣਤ ਦਿਲਾਂ ਵਿੱਚ ਹਮੇਸ਼ਾਂ ਬਲਦਾ ਰਹੇਗਾ। ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਉਨ੍ਹਾਂ ਦੀ ਯਾਦ ਵਿੱਚ 19 ਜੁਲਾਈ 2026 ਨੂੰ ਫਰੀਮਾਂਟ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ।