ਨਿਊਜ਼ੀਲੈਂਡ ਸਰਕਾਰ ਹੋਈ ਸਤਰਕ
16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਵਾਲਾ ਨਵਾਂ ਬਿੱਲ ਸੰਸਦ ਵਿਚ ਪੇਸ਼
ਤਰਕ: ਸੋਸ਼ਲ ਮੀਡੀਆ ਦੇ ਝੂਠੇ ਜਾਲ ਤੋਂ ਬਚਾਓ, ਬੱਚਿਆਂ ਦੇ ਸੁਨਹਿਰੇ ਭਵਿੱਖ ਨਾਲ ਨਾ ਖੇਡੋ!
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 24 ਅਗਸਤ 2026:-ਨਿਊਜ਼ੀਲੈਂਡ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਵਾਲੇ ਆਪਣੇ ਬਿੱਲ ਨੂੰ ਸੰਸਦ ਵਿਚ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਸਿੱਖਿਆ ਮੰਤਰੀ ਐਰਿਕਾ ਸਟੈਨਫੋਰਡ ਨਾਲ ਇਸ ਯੋਜਨਾ ਦਾ ਐਲਾਨ ਕੀਤਾ। ਇਸ ਬਿੱਲ ਦਾ ਮੁੱਖ ਮਕਸਦ ਬੱਚਿਆਂ ਨੂੰ ਇੰਟਰਨੈੱਟ ’ਤੇ ਮੌਜੂਦ ਖਤਰਨਾਕ ਸਮੱਗਰੀ ਤੋਂ ਬਚਾਉਣਾ ਹੈ। ਹਾਲਾਂਕਿ, ਸਰਕਾਰ ਦੀਆਂ ਸਹਿਯੋਗੀ ਪਾਰਟੀਆਂ ਏਸੀਟੀ ਅਤੇ ਨਿਊਜ਼ੀਲੈਂਡ ਫਰਸਟ ਨੇ ਇਸ ਬਿੱਲ ਦਾ ਵਿਰੋਧ ਕੀਤਾ ਹੈ, ਜਿਸ ਕਰਕੇ ਸਰਕਾਰ ਨੂੰ ਹੁਣ ਲੇਬਰ ਪਾਰਟੀ ਦੇ ਸਮਰਥਨ ਦੀ ਲੋੜ ਪਵੇਗੀ।
ਬਿੱਲ ਵਿਚ ਸੋਸ਼ਲ ਮੀਡੀਆ ਕੰਪਨੀਆਂ ਜਿਵੇਂ ਇੰਸਟਾਗ੍ਰਾਮ, ਟਿਕਟੌਕ, ਸਨੈਪਚੈਟ, ਯੂਟਿਊਬ, ਐਕਸ ਅਤੇ ਫੇਸਬੁੱਕ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਵਰਤੋਂਕਾਰਾਂ ਦੀ ਉਮਰ ਦੀ ਜਾਂਚ ਕਰਨ। ਉਮਰ ਦੀ ਪੁਸ਼ਟੀ ਲਈ ਡਿਜੀਟਲ ਆਈਡੀ, ਚਿਹਰੇ ਦੀ ਉਮਰ ਦਾ ਅੰਦਾਜ਼ਾ ਲਗਾਉਣ ਵਾਲੀ ਤਕਨਾਲੋਜੀ ਜਾਂ ਹੋਰ ਸਰਕਾਰੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਜਾਵੇਗੀ। ਇੰਟਰਨਲ ਅਫੇਅਰਜ਼ ਵਿਭਾਗ ਦੇ ਅਧੀਨ ਇਕ ਨਵਾਂ ਰੈਗੂਲੇਟਰ ਸਥਾਪਿਤ ਕੀਤਾ ਜਾਵੇਗਾ ਜੋ ਇਨ੍ਹਾਂ ਨਿਯਮਾਂ ਦੀ ਨਿਗਰਾਨੀ ਕਰੇਗਾ। ਜੇਕਰ ਕੰਪਨੀਆਂ ਨਿਯਮਾਂ ਦੀ ਪਾਲਣਾ ਨਹੀਂ ਕਰਦੀਆਂ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਬੱਚਿਆਂ ਜਾਂ ਉਨ੍ਹਾਂ ਦੇ ਮਾਪਿਆਂ ਲਈ ਕੋਈ ਜੁਰਮਾਨਾ ਨਹੀਂ ਰੱਖਿਆ ਗਿਆ ਹੈ।
ਇਸ ਕਾਨੂੰਨ ਵਿਚ ਵਟਸਐਪ, ਡਿਸਕਾਰਡ, ਰੋਬਲੋਕਸ ਵਰਗੀਆਂ ਗੇਮਾਂ ਅਤੇ ਚੈਟ ਜੀਪੀਟੀ ਵਰਗੇ ਏਆਈ ਟੂਲਜ਼ ਨੂੰ ਸ਼ਾਮਲ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਲਕਸਨ ਨੇ ਕਿਹਾ ਕਿ ਸੋਸ਼ਲ ਮੀਡੀਆ ਕਾਰਨ ਬੱਚਿਆਂ ਦੀ ਮਾਨਸਿਕ ਸਿਹਤ, ਨੀਂਦ ਅਤੇ ਪੜ੍ਹਾਈ ’ਤੇ ਬੁਰਾ ਅਸਰ ਪੈ ਰਿਹਾ ਹੈ। ਲੇਬਰ ਪਾਰਟੀ ਨੇ ਅਜੇ ਆਪਣਾ ਸਮਰਥਨ ਪੱਕਾ ਨਹੀਂ ਕੀਤਾ ਹੈ ਅਤੇ ਉਨ੍ਹਾਂ ਨੇ ਬਿੱਲ ਬਾਰੇ ਕੁਝ ਅਹਿਮ ਸਵਾਲ ਚੁੱਕੇ ਹਨ। ਬਿੱਲ ਦੀ ਪਹਿਲੀ ਰੀਡਿੰਗ ਦੌਰਾਨ ਇਸ ਦੀ ਅਗਲੀ ਸਥਿਤੀ ਸਪੱਸ਼ਟ ਹੋਵੇਗੀ।
ਸੋ ਸਰਕਾਰ ਹੁਣ ਵੱਡੀਆਂ ਟੈਕਨਾਲੋਜੀ ਕੰਪਨੀਆਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿਚ ਹੈ ਤਾਂ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇੰਟਰਨੈੱਟ ਦੀ ਦੁਨੀਆ ਤੋਂ ਬੱਚਿਆਂ ਦੀ ਸੁਰੱਖਿਆ ਲਈ ਸਰਕਾਰ ਦਾ ਇਹ ਵੱਡਾ ਕਦਮ ਹੈ।