ਫ਼ੀਫਾ ਵਿਸ਼ਵ ਕੱਪ 2026:
ਫ਼ਰਾਂਸ ਅਤੇ ਮੋਰੋਕੋ ਵਿਚਾਲੇ ਮਹਾ-ਮੁਕਾਬਲਾ, ਨਿਊਜ਼ੀਲੈਂਡ ਵਿੱਚ ਸ਼ੁੱਕਰਵਾਰ ਸਵੇਰੇ 8 ਵਜੇ ਹੋਵੇਗਾ ਸਿੱਧਾ ਪ੍ਰਸਾਰਣ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 09 ਜੁਲਾਈ 2026: ਫ਼ੀਫਾ ਵਿਸ਼ਵ ਕੱਪ 2026 ਦਾ ਸਭ ਤੋਂ ਵੱਡਾ ਅਤੇ ਰੋਮਾਂਚਕ ਕੁਆਰਟਰ ਫਾਈਨਲ ਮੁਕਾਬਲਾ ਫ਼ਰਾਂਸ ਅਤੇ ਮੋਰੋਕੋ ਵਿਚਾਲੇ ਅਮਰੀਕਾ ਦੇ ਬੋਸਟਨ ਸਟੇਡੀਅਮ (ਜਿਲੇਟ ਸਟੇਡੀਅਮ) ਵਿੱਚ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਜ਼ਬਰਦਸਤ ਫਾਰਮ ਵਿੱਚ ਹਨ ਅਤੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਇੱਕ-ਦੂਜੇ ਨੂੰ ਟੱਕਰ ਦੇਣਗੀਆਂ। ਨਿਊਜ਼ੀਲੈਂਡ ਦੇ ਖੇਡ ਪ੍ਰੇਮੀਆਂ ਲਈ ਇਹ ਮੈਚ ਸ਼ੁੱਕਰਵਾਰ, 10 ਜੁਲਾਈ 2026 ਨੂੰ ਸਵੇਰੇ 8:00 ਵਜੇ (ਨਿਊਜ਼ੀਲੈਂਡ ਸਮਾਂ) ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ, ਜਦਕਿ ਫ਼ਰਾਂਸ ਦੇ ਸਮੇਂ ਮੁਤਾਬਕ ਇਹ ਮੈਚ ਵੀਰਵਾਰ ਰਾਤ 10:00 ਵਜੇ ਸ਼ੁਰੂ ਹੋਵੇਗਾ।
ਫ਼ਰਾਂਸ ਦੀ ਟੀਮ ਨੇ ਰਾਊਂਡ ਆਫ਼ 16 ਵਿੱਚ ਪੈਰਾਗੁਏ ਨੂੰ 1-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ, ਜਿੱਥੇ ਸਟਾਰ ਫਾਰਵਰਡ ਕਿਲੀਅਨ ਮਬਾਪੇ 7 ਗੋਲ ਕਰਕੇ ਗੋਲਡਨ ਬੂਟ ਦੀ ਰੇਸ ਵਿੱਚ ਸਭ ਤੋਂ ਅੱਗੇ ਚੱਲ ਰਹੇ ਹਨ। ਦੂਜੇ ਪਾਸੇ, ਮੌਜੂਦਾ ਅਫ਼ਰੀਕਨ ਚੈਂਪੀਅਨ ਮੋਰੋਕੋ ਨੇ ਕੈਨੇਡਾ ਨੂੰ 3-0 ਨਾਲ ਮਾਤ ਦੇ ਕੇ ਸ਼ਾਨਦਾਰ ਤਰੀਕੇ ਨਾਲ ਜਗ੍ਹਾ ਬਣਾਈ ਹੈ।
ਇਹ ਮੁਕਾਬਲਾ 2022 ਦੇ ਕਤਰ ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਯਾਦ ਦਵਾਉਂਦਾ ਹੈ, ਅਤੇ ਇਸ ਵਾਰ ਮੋਰੋਕੋ ਕੋਲ ਅਸ਼ਰਫ਼ ਹਕੀਮੀ ਅਤੇ ਬ੍ਰਾਹਿਮ ਦੀਆਜ਼ ਵਰਗੇ ਸਿਤਾਰਿਆਂ ਨਾਲ ਪੁਰਾਣੀ ਹਾਰ ਦਾ ਬਦਲਾ ਲੈਣ ਦਾ ਸੁਨਹਿਰੀ ਮੌਕਾ ਹੋਵੇਗਾ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਸਿੱਧਾ ਡੱਲਾਸ ਸਟੇਡੀਅਮ ਵਿੱਚ ਹੋਣ ਵਾਲੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰੇਗੀ।
ਅਗਲਾ ਕੁਆਰਟਰ ਫਾਈਨਲ ਸਪੇਨ ਅਤੇ ਬੈਲਜ਼ੀਅਮ ਵਿਚਕਾਰ 11 ਜੁਲਾਈ ਨੂੰ ਸਵੇਰੇ 6.45 ਵਜੇ (ਨਿਊਜ਼ੀਲੈਂਡ ਟਾਈਮ), ਫਿਰ 12 ਜੁਲਾਈ ਨੂੰ ਨਾਰਵੇ ਅਤੇ ਇੰਗਲੈਂਡ ਦੇ ਨਾਲ ਸਵੇਰੇ 8.45 ਵਜੇ ਅਤੇ ਚੌਥਾ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦੇ ਨਾਲ ਦੁਪਹਿਰ 12.30 ਵਜੇ ਹੋਵੇਗਾ।