ਗਦਰੀ ਬਾਬਿਆਂ ਦੇ ਮੁਦਈ ਕੈਨੇਡਾ ਵਾਲੇ ਸਾਹਿਬ ਥਿੰਦ ਨੇ ਨਾਇਬ ਸਿੰਘ ਸੈਣੀ ਨਾਲ ਕੀਤੀ ਮੀਟਿੰਗ
'ਪਗੜੀ ਸੰਭਾਲ ਜੱਟਾ' ਲਹਿਰ ਦੇ ਮੋਹਰੀ ਦੇਸ਼ ਭਗਤ ਲਾਲਾ ਕੇਦਾਰਨਾਥ ਸਹਿਗਲ ਦੀ ਯਾਦ ਵਿੱਚ ਯੂਨੀਵਰਸਿਟੀ ਸਥਾਪਤ ਕਰਨ ਦੀ ਮੰਗ
ਸਾਹਿਬ ਥਿੰਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
ਬਲਜੀਤ ਬੱਲੀ / ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ/, 28 ਅਪ੍ਰੈਲ 2026: ਪਿਛਲੇ ਦੋ ਦਹਾਕਿਆਂ ਤੋਂ ਗਦਰੀ ਬਾਬਿਆਂ, ਬੱਬਰ ਅਕਾਲੀਆਂ ਅਤੇ ਹੋਰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ , ਸੰਭਾਲਣ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਸੰਸਾਰ ਪੱਧਰੀ ਲਹਿਰ ਚਲਾ ਰਹੇ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਦੇ ਮੁਖੀ ਸਾਹਿਬ ਸਿੰਘ ਥਿੰਦ ਨੇ 27 ਅਪ੍ਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਡਾ. ਪ੍ਰੀਤਮ ਸਿੰਘ ਡੋਡ ਦੀ ਪਹਿਲਕਦਮੀ 'ਤੇ ਹਰਿਆਣਾ ਵਿਧਾਨ ਸਭਾ ਸਪੀਕਰ ਦੇ ਚੈਂਬਰ ਵਿੱਚ ਹੋਈ ਇਸ ਮੀਟਿੰਗ ਮੌਕੇ ਸਪੀਕਰ ਹਰਵਿੰਦਰ ਕਲਿਆਣ ਵੀ ਮੌਜੂਦ ਸਨ।
ਮੀਟਿੰਗ ਤੋਂ ਬਾਅਦ ਸਾਹਿਬ ਥਿੰਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਿੱਘੇ ਸੁਭਾਅ ਅਤੇ ਉਨ੍ਹਾਂ ਵੱਲੋਂ ਮਸਲੇ ਨੂੰ ਗੰਭੀਰਤਾ ਨਾਲ ਸੁਣਨ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਚੇਤੇ ਰਹੇ ਬਹੁਤ ਸਾਲਾਂ ਤੋਂ ਸਾਹਿਬ ਥਿੰਦ ਦੀ ਪਹਿਲ ਕਦਮੀ ਨਾਲ ਹਰ ਸਾਲ ਅਗਸਤ ਮਹੀਨੇ ਵਿੱਚ ਸਰੀ ( ਕੈਨੇਡਾ ) ਵਿੱਚ ਗਦਰੀ ਬਾਬਿਆਂ ਦਾ ਮੇਲਾ ਲਾਇਆ ਜਾਂਦਾ ਹੈ ਜਿਸ ਵਿੱਚ ਸ਼ਹੀਦਾਂ ਅਤੇ ਦੇਸ਼ ਭਗਤਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ .
ਮੁੱਖ ਮੰਗਾਂ:
ਸਾਹਿਬ ਥਿੰਦ ਨੇ ਹਰਿਆਣਾ ਸਰਕਾਰ ਨੂੰ ਲਿਖਤੀ ਪੱਤਰ ਰਾਹੀਂ ਮੰਗ ਕੀਤੀ ਹੈ ਕਿ 'ਪਗੜੀ ਸੰਭਾਲ ਜੱਟਾ' ਲਹਿਰ ਦੇ ਮੁਖੀ ਅਤੇ ਦੇਸ਼ ਭਗਤ ਲਾਲਾ ਕੇਦਾਰਨਾਥ ਸਹਿਗਲ ਦੀਆਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਮਾਨਤਾ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ:
-
ਅੰਬਾਲਾ ਵਿਖੇ ਲਾਲਾ ਕੇਦਾਰਨਾਥ ਸਹਿਗਲ ਦੇ ਨਾਮ 'ਤੇ ਇੱਕ ਯੂਨੀਵਰਸਿਟੀ ਕਾਇਮ ਕੀਤੀ ਜਾਵੇ।
-
ਉਨ੍ਹਾਂ ਦੇ ਆਜ਼ਾਦੀ ਸੰਘਰਸ਼ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ।
ਕੌਣ ਸਨ ਲਾਲਾ ਕੇਦਾਰਨਾਥ ਸਹਿਗਲ?
ਸਾਹਿਬ ਥਿੰਦ ਨੇ ਦੱਸਿਆ ਕਿ ਲਾਲਾ ਕੇਦਾਰਨਾਥ ਸਹਿਗਲ ਸਿਰਫ਼ 11 ਸਾਲ ਦੀ ਉਮਰ ਵਿੱਚ ਆਜ਼ਾਦੀ ਦੀ ਜੰਗ ਵਿੱਚ ਕੁੱਦ ਪਏ ਸਨ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 26 ਸਾਲ ਜੇਲ੍ਹ ਵਿੱਚ ਬਿਤਾਏ। ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬਹੁਤ ਕਰੀਬੀ ਸਾਥੀ ਸਨ। ਉਹ 1907 ਦੀ 'ਪਗੜੀ ਸੰਭਾਲ ਜੱਟਾ' ਲਹਿਰ ਦੇ ਮੋਹਰੀ ਸਨ ਅਤੇ ਸਰਦਾਰ ਅਜੀਤ ਸਿੰਘ ਤੇ ਸੂਫ਼ੀ ਅੰਬਾ ਪ੍ਰਸਾਦ ਵਰਗੇ ਨੇਤਾਵਾਂ ਨਾਲ ਸਰਗਰਮ ਸਨ। 1928 ਵਿੱਚ 'ਨੌਜਵਾਨ ਭਾਰਤ ਸਭਾ' ਦੇ ਪਹਿਲੇ ਸੰਮੇਲਨ ਦੀ ਪ੍ਰਧਾਨਗੀ ਵੀ ਉਨ੍ਹਾਂ ਹੀ ਕੀਤੀ ਸੀ।

'ਸਿਆਹਪੋਸ਼ ਜਰਨੈਲ' ਦੀ ਅਨੋਖੀ ਦੇਸ਼ ਭਗਤੀ:
ਉਨ੍ਹਾਂ ਨੂੰ 'ਸਿਆਹਪੋਸ਼ ਜਰਨੈਲ' ਵਜੋਂ ਜਾਣਿਆ ਜਾਂਦਾ ਸੀ। ਅੰਗਰੇਜ਼ੀ ਹਕੂਮਤ ਦੇ ਵਿਰੋਧ ਵਿੱਚ ਉਨ੍ਹਾਂ ਪ੍ਰਣ ਲਿਆ ਸੀ ਕਿ ਜਦੋਂ ਤੱਕ ਦੇਸ਼ ਆਜ਼ਾਦ ਨਹੀਂ ਹੁੰਦਾ, ਉਹ ਕਾਲੇ ਕੱਪੜੇ ਹੀ ਪਹਿਨਣਗੇ। ਆਜ਼ਾਦੀ ਤੋਂ ਬਾਅਦ ਵੀ ਉਹ ਇਸ ਪ੍ਰਣ 'ਤੇ ਕਾਇਮ ਰਹੇ ਅਤੇ ਆਪਣੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦਾ ਕਫ਼ਨ ਵੀ ਕਾਲੇ ਰੰਗ ਦਾ ਹੀ ਸੀ। 1963 ਵਿੱਚ ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ, ਤਾਂ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਸੀ, "ਇੱਕ ਸਿਤਾਰਾ, ਜੋ ਪਿਛਲੇ 50 ਸਾਲਾਂ ਤੋਂ ਦੇਸ਼ ਦੇ ਆਕਾਸ਼ ਵਿੱਚ ਚਮਕ ਰਿਹਾ ਸੀ, ਉਹ ਅੱਜ ਟੁੱਟ ਗਿਆ ਹੈ।"
ਸਾਹਿਬ ਥਿੰਦ ਨੇ ਆਸ ਪ੍ਰਗਟਾਈ ਹੈ ਕਿ ਹਰਿਆਣਾ ਸਰਕਾਰ ਅੰਬਾਲਾ ਦੀ ਇਸ ਮਹਾਨ ਸ਼ਖ਼ਸੀਅਤ ਨੂੰ ਉਚਿਤ ਸਨਮਾਨ ਦੇ ਕੇ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਾਏਗੀ।