ਕਨੇਡਾ ਦੀ ਹੋਣ ਵਾਲੀ ਮਰਦਮਸ਼ੁਮਾਰੀ ਬਾਰੇ ਅਹਿਮ ਜਾਣਕਾਰੀ, ਪੜ੍ਹੋ ਪੂਰੀ ਖ਼ਬਰ
ਬਾਬੂਸ਼ਾਹੀ ਬਿਊਰੋ
ਕੈਨੇਡਾ, 28 ਅਪ੍ਰੈਲ 2026
ਸਟੈਟਿਸਟਿਕਸ ਕੈਨੇਡਾ ਹਰ ਪੰਜ ਸਾਲਾਂ ਬਾਅਦ ਦੇਸ਼ ਭਰ ਵਿੱਚ ਮਰਦਮਸ਼ੁਮਾਰੀ (ਜਨਗਣਨਾ) ਕਰਦਾ ਹੈ। ਇਸ ਦੇ ਹਿੱਸੇ ਵਜੋਂ, ਕੈਨੇਡੀਅਨ ਪਰਿਵਾਰਾਂ ਨੂੰ ਘਰ ਵਿੱਚ ਰਹਿਣ ਵਾਲੇ ਹਰ ਇੱਕ ਮੈਂਬਰ ਬਾਰੇ ਢੁਕਵੇਂ ਜਨਗਣਨਾ ਫਾਰਮ ਭਰਨ ਦੀ ਲੋੜ ਹੁੰਦੀ ਹੈ। ਕੈਨੇਡਾ ਦੇ ਉੱਤਰੀ ਇਲਾਕੇ ਵਿੱਚ ਇਹ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਬਾਕੀ ਕੈਨੇਡਾ ਵਿੱਚ, ਇਹ 1 ਮਈ ਤੋਂ ਸ਼ੁਰੂ ਹੋ ਜਾਵੇਗੀ। ਮਰਦਮਸ਼ੁਮਾਰੀ ਦੀ ਪ੍ਰਸ਼ਨਾਵਲੀ ਕਾਫ਼ੀ ਵਿਸਥਾਰ ਵਾਲੀ ਹੈ। ਇਸ ਵਿੱਚ ਘਰ (ਹਾਊਸਹੋਲਡ) ਦੇ ਹਰੇਕ ਵਾਸੀ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧਤ ਸਵਾਲ ਹਨ। ਜਨਗਣਨਾ ਫਾਰਮ - ਔਨਲਾਈਨ ਜਾਂ ਪ੍ਰਿੰਟ - ਭਰਨਾ ਅਤੇ ਵਾਪਸ ਕਰਨਾ ਸਾਡੀ ਨਾਗਰਿਕ ਜ਼ਿੰਮੇਵਾਰੀ ਹੈ। ਇਹ ਅੰਕੜਾ ਐਕਟ (ਸਟੈਟਿਸਟਕ ਐਕਟ) ਦੇ ਤਹਿਤ ਲਾਜ਼ਮੀ ਹੈ। ਕੈਨੇਡਾ ਦੇ ਸਾਰੇ ਵਸ਼ਿੰਦੇ - ਨਾਗਰਿਕ, ਸਥਾਈ ਨਿਵਾਸੀ (ਪਰਮਾਨੈਂਟ ਰੈਜ਼ੀਡੈਂਟ), ਅਸਥਾਈ ਵਿਦੇਸ਼ੀ ਕਾਮੇ (ਟੈਂਪਰੇਰੀ ਫੌਰਨ ਵਰਕਰਜ਼) ਅਤੇ ਵਿਜ਼ਟਰ - ਨੂੰ ਇਸ ਗਿਣਤੀ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ। ਹਰੇਕ ਘਰ (ਹਾਊਸਹੋਲਡ) ਨੂੰ ਇਹ ਫਾਰਮ ਭਰਨ ਅਤੇ ਇਸਨੂੰ ਜਲਦੀ ਤੋਂ ਜਲਦੀ ਵਾਪਸ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਸਟੈਟਿਕਸ ਕੈਨੇਡਾ ਨੇ ਇਹਨਾਂ ਫਾਰਮਾਂ ਨੂੰ ਭਰਨ ਅਤੇ ਇਕੱਠਾ ਕਰਨ ਵਿੱਚ ਕੈਨੇਡੀਅਨਾਂ ਦੀ ਸਹਾਇਤਾ ਲਈ 32,000 ਕਰਮਚਾਰੀ ਨਿਯੁਕਤ ਕੀਤੇ ਹਨ।
2026 ਦੀ ਮਰਦਮਸ਼ੁਮਾਰੀ ਵਿੱਚ ਭਾਸ਼ਾ ਨਾਲ ਸਬੰਧਤ ਤਿੰਨ ਮਹੱਤਵਪੂਰਨ ਸਵਾਲ ਸ਼ਾਮਲ ਹਨ। ਇਹਨਾਂ ਸਵਾਲਾਂ ਵਿੱਚੋਂ ਇੱਕ ਸਵਾਲ, ਹਰ ਵਿਅਕਤੀ ਦੀ ਮਾਂ-ਬੋਲੀ ਜਾਂ ਮਾਤ-ਭਾਸ਼ਾ ਬਾਰੇ ਹੈ। ਦੂਜਾ ਸਵਾਲ, ਘਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਬਾਰੇ ਹੈ। ਤੀਜਾ ਸਵਾਲ, ਦੂਜੀਆਂ ਭਾਸ਼ਾਵਾਂ ਦੇ ਗਿਆਨ ਬਾਰੇ ਹੈ। ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (PLEA) ਵੱਲੋਂ ਅਸੀਂ ਸਾਰਿਆਂ ਨੂੰ ਸਮੇਂ ਸਿਰ ਮਰਦਮਸ਼ੁਮਾਰੀ ਦੇ ਫਾਰਮ ਭਰਨ ਅਤੇ ਇਸਨੂੰ ਸਹੀ ਪਤੇ ਜਾਂ ਕਰਮਚਾਰੀ ਨੂੰ ਵਾਪਸ ਕਰਨ ਦੀ ਬੇਨਤੀ ਕਰਨਾ ਚਾਹੁੰਦੇ ਹਾਂ। ਨਾਲ ਹੀ, ਅਸੀਂ ਪੰਜਾਬੀ ਭਾਸ਼ਾ ਦੇ ਬੁਲਾਰਿਆਂ, ਸਮਰਥਕਾਂ ਅਤੇ ਸ਼ੁਭਚਿੰਤਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਉਹ ਆਪਣੇ ਜਵਾਬਾਂ ਵਿੱਚ ਪੰਜਾਬੀ ਨੂੰ ਜ਼ਰੂਰ ਸ਼ਾਮਲ ਕਰਨ। ਬੋਲੀ ਸੰਬੰਧੀ ਇਨ੍ਹਾਂ ਸਵਾਲਾਂ ਦੇ ਜਵਾਬ ਕੈਨੇਡਾ ਵਿੱਚ ਵੱਖਰੀਆਂ ਵੱਖਰੀਆਂ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੀ ਵੱਖਰਤਾ ਜਾਂ ਵਿਭਿੰਨਤਾ ਨੂੰ ਨਿਰਧਾਰਤ ਕਰਦੇ ਹਨ। ਭਾਸ਼ਾ ਨਾਲ ਸਬੰਧਤ ਸਵਾਲਾਂ ਦੇ ਜਵਾਬ ਕੈਨੇਡਾ ਦੇ ਚਾਰਟਰ ਵਿੱਚ ਦਰਸਾਏ ਅਨੁਸਾਰ ਕੈਨੇਡਾ ਦੀਆਂ ਸਰਕਾਰੀ ਅਤੇ ਗੈਰ-ਸਰਕਾਰੀ ਭਾਸ਼ਾਵਾਂ ਦੋਵਾਂ ਦਾ ਸਮਰਥਨ ਕਰਨ ਵਿੱਚ ਮਦਦਗਾਰ ਹੁੰਦੇ ਹਨ।
ਸਟੈਟਿਸਟਿਕਸ ਕੈਨੇਡਾ ਇੱਕ ਬਹੁਤ ਹੀ ਭਰੋਸੇਯੋਗ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸੰਸਥਾ ਹੈ। ਇਸ ਪ੍ਰਸ਼ਨਾਵਲੀ ਦੇ ਸਾਰੇ ਸਵਾਲਾਂ ਦੀ ਬਹੁਤ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਗਈ ਹੈ ਅਤੇ ਸੁਧਾਰ ਕੀਤਾ ਗਿਆ ਹੈ। ਉਦਾਹਰਨ ਲਈ, ਸਵਾਲ: ਕੀ ਇਹ ਵਿਅਕਤੀ ਬੋਲ ਸਕਦਾ ਹੈ ...? ਨੂੰ ਸੁਧਾਰ ਕੇ ਕੀਤਾ ਗਿਆ ਹੈ: ਕੀ ਇਹ ਵਿਅਕਤੀ ਬੋਲਦਾ ਹੈ ...? ਇਸੇ ਤਰ੍ਹਾਂ, ਹੋਰ ਭਾਸ਼ਾਵਾਂ ਵਿੱਚ ਸੰਕੇਤ ਭਾਸ਼ਾ (ਸਾਈਨ ਲੈਂਗੂਏਜ) ਵੀ ਸ਼ਾਮਲ ਕੀਤੀ ਗਈ ਹੈ। ਨਾਲ ਹੀ, 2026 ਦੀ ਜਨਗਣਨਾ ਵਿਚਲੇ ਸਵਾਲਾਂ ਨੂੰ ਅੰਤਿਮ ਰੂਪ ਦੇਣ ਲਈ ਦੇਸ਼ ਭਰ ਦੇ 222,000 ਘਰਾਂ ਨੂੰ ਜਨਗਣਨਾ ਟੈਸਟ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਸੀ। ਕੈਨੇਡਾ ਵਿੱਚ ਆਬਾਦੀ ਦੇ ਵਾਧੇ ਦੀ ਤੁਲਨਾ ਵਜੋਂ 2021 ਦੀ ਮਰਦਮਸ਼ੁਮਾਰੀ ਸਮੇਂ ਕੈਨੇਡਾ ਵਿੱਚ 36,991,981 ਵਿਅਕਤੀ ਸਨ। ਇਹ 2016 ਦੀ ਮਰਦਮਸ਼ੁਮਾਰੀ ਵਿਚਲੇ ਘਰਾਂ (ਹਾਊਸਹੋਲਡਜ਼) ਨਾਲੋਂ 5.2 ਵੱਧ ਸਨ। 2026 ਦੀ ਮਰਦਮਸ਼ੁਮਾਰੀ ਪਿਛਲੇ ਪੰਜ ਸਾਲਾਂ ਦੌਰਾਨ ਆਬਾਦੀ ਵਿੱਚ ਹੋਇਆ ਵਾਧਾ ਦਰਸਾਏਗੀ।
2021 ਦੀ ਮਰਦਮਸ਼ੁਮਾਰੀ ਵਿੱਚ, ਅੰਗਰੇਜ਼ੀ ਅਤੇ ਫਰਾਂਸੀਸੀ (ਫਰੈਂਚ) ਤੋਂ ਬਾਅਦ ਪੰਜਾਬੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਸਾਹਮਣੇ ਆਈ ਸੀ। ਉਸ ਵੇਲੇ 763,785 ਵਿਅਕਤੀਆਂ ਨੇ ਪੰਜਾਬੀ ਨੂੰ ਆਪਣੀ ਮਾਂ-ਬੋਲੀ ਵਜੋਂ ਦਰਸਾਇਆ ਸੀ ਜਦੋਂ ਕਿ 827,150 ਵਿਅਕਤੀਆਂ ਨੇ ਪੰਜਾਬੀ ਨੂੰ ਘਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਵਜੋਂ ਦਰਸਾਇਆ। ਪਿਛਲੇ ਪੰਜਾਂ ਸਾਲਾਂ ਦੌਰਾਨ ਵਿਦਿਆਰਥੀਆਂ, ਸਥਾਈ ਨਿਵਾਸੀ (ਪੀਆਰਜ਼), ਅਸਥਾਈ ਵਿਦੇਸ਼ੀ ਕਾਮਿਆਂ ਅਤੇ ਵਿਜ਼ਟਰਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੋ ਸਕਦੀ ਹੈ। ਉਮੀਦ ਹੈ ਕਿ 2026 ਦੀ ਮਰਦਮਸ਼ੁਮਾਰੀ ਵਿੱਚ ਪੰਜਾਬੀ ਭਾਸ਼ਾ ਦਾ ਹਰ ਬੁਲਾਰਾ, ਸਮਰਥਕ ਅਤੇ ਸ਼ੁਭਚਿੰਤਕ ਇਸ ਨੂੰ ਆਪਣੀ ਮਾਂ-ਬੋਲੀ ਵਜੋਂ ਦਰਸਾਵੇਗਾ।
ਬਲਵੰਤ ਸੰਘੇੜਾ
ਪ੍ਰਧਾਨ, ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (PLEA)
ਸਾਧੂ ਬਿਨਿੰਗ,
ਰੈਜ਼ੀਉਪ ਪ੍ਰਧਾਨ, ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (PLEA)