ਬਿਜਲੀ ਮੰਤਰੀ ਨਾਲ ਗੱਲਬਾਤ ਟੁੱਟੀ; ਦੇਰ ਰਾਤ ਤੋਂ ਮੁਲਾਜ਼ਮ ਗਏ ਹੜਤਾਲ 'ਤੇ...
ਸਰਕਾਰ ਤੇ ਬਿਜਲੀ ਨਿਗਮ ਮੁਲਾਜਮਾਂ ਦੀ ਛੱਡੋ ਲੋਕਾਂ ਪ੍ਰਤੀ ਵੀ ਦਿੱਖ ਰਹੀ ਗੰਭੀਰ - ਮਹਿਦੂਦਾਂ
ਰਵੀ ਜੱਖੂ
ਲੁਧਿਆਣਾ 20 ਜੁਲਾਈ 2026- ਆਪਣੀਆਂ ਸੰਵਿਧਾਨਕ ਮੰਗਾਂ ਜਿਵੇਂ ਕਿ 17/07/20 ਦਾ ਪੱਤਰ ਰੱਦ ਕਰਕੇ ਛੇਵਾਂ ਪੇਅ ਕਮਿਸ਼ਨ ਲਾਗੂ ਕਰਨਾ, 18% ਡੀਏ ਦੀ ਅਦਾਇਗੀ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਵਗੈਰਾ ਨੂੰ ਲੈਕੇ ਦੋ ਰੋਜਾ ਸਮੂਹਿਕ ਛੁੱਟੀ ਭਰਕੇ ਹੜਤਾਲ 'ਤੇ ਗਏ ਬਿਜਲੀ ਮੁਲਾਜਮ ਹੁਣ ਦੋ ਦਿਨ ਦੀ ਹੜਤਾਲ 'ਤੇ ਹੀ ਰਹਿਣਗੇ ਕਿਉਂਕਿ ਬਿਜਲੀ ਮੰਤਰੀ ਨਾਲ ਅੱਜ ਹੋਈ ਏਕਤਾ ਮੰਚ ਤੇ ਜੁਆਇੰਟ ਫੋਰਮ ਦੀ ਸਾਂਝੀ ਮੀਟਿੰਗ ਬੇਸਿੱਟਾ ਰਹੀ। ਗੱਲਬਾਤ ਟੁੱਟਣ ਤੋਂ ਬਾਅਦ ਦੋਵਾਂ ਥੜਿਆ ਦੀ ਅਗਵਾਈ ਕਰ ਰਹੇ ਮਨਜੀਤ ਸਿੰਘ ਬਾਸਰਕੇ ਸੂਬਾ ਪ੍ਰਧਾਨ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਅਤੇ ਕੁਲਵਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਟੀਐਸਯੂ ਨੇ ਹੋਰਨਾ ਜੱਥੇਬੰਦੀਆਂ ਦੇ ਮੁਖੀਆ ਦੀ ਹਾਜਰੀ ਵਿੱਚ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਸਾਰੇ ਪ੍ਰਧਾਨਾਂ ਨੇ ਅਪਣੇ ਕੈਡਰ ਨੂੰ ਸੰਘਰਸ਼ ਨੂੰ ਤਕੜਾ ਰੱਖਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਮਾਡਲ ਟਾਊਨ ਡਵੀਜਨ ਚ ਸੰਘਰਸ਼ ਨੂੰ ਹੇਠਲੇ ਪੱਧਰ ਤੱਕ ਮਜਬੂਤ ਕਰਨ ਲਈ ਪੁੱਜੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸਰਕਾਰ ਅਤੇ ਮੈਨੇਜਮੈਂਟ ਦੇ ਅਜਿਹੇ ਜਿੱਦੀ ਸੁਭਾਅ ਦੀ ਨਿੰਦਾ ਕਰਦਿਆਂ ਕਿਹਾ ਕਿ ਲੀਡਰਸ਼ਿਪ ਵੱਲੋਂ ਦਿੱਤੇ ਹੁਕਮਾਂ ਨੂੰ ਪ੍ਰਵਾਨ ਚੜਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਦੋ ਦਿਨ ਤੋਂ ਬਾਅਦ ਜੇਕਰ ਸਾਂਝੇ ਥੜੇ ਵੱਲੋਂ ਮੰਗਾਂ ਮੰਨਣ ਤੱਕ ਸਮੂਹਿਕ ਛੁੱਟੀ ਭਰਕੇ ਸੰਘਰਸ਼ ਨੂੰ ਜਾਰੀ ਰੱਖਣ ਦਾ ਹੁਕਮ ਹੋਇਆ ਤਾਂ ਉਸ ਉੱਤੇ ਵੀ ਸਿੱਦਤ ਨਾਲ ਪਹਿਰਾ ਦਿੱਤਾ ਜਾਵੇਗਾ। ਸ੍ਰ ਮਹਿਦੂਦਾਂ ਨੇ ਕਿਹਾ ਕਿ ਅੱਤ ਦੀ ਗਰਮੀ ਚ ਲੋਕ ਪਹਿਲਾਂ ਹੀ ਲੰਬੇ ਬਿਜਲੀ ਕੱਟਾਂ ਅਤੇ ਸਾਜੋ ਸਮਾਨ ਦੀ ਕਮੀਂ ਹੋਣ ਕਾਰਨ ਬਿਜਲੀ ਸ਼ਿਕਾਇਤਾਂ ਦੇ ਸਮਾਂਬੱਧ ਨਿਪਟਾਰੇ ਦੀ ਸਮਸਿਆ ਨਾਲ ਜੂਝ ਰਹੇ ਹਨ ਉਪਰੋਂ ਨਾ ਚਾਹੁੰਦੇ ਹੋਏ ਵੀ ਬਿਜਲੀ ਕਾਮਿਆਂ ਵੱਲੋਂ ਕੀਤੀ ਹੜਤਾਲ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਚ ਕਈ ਗੁਣਾ ਵਾਧਾ ਹੋ ਜਾਵੇਗਾ। ਇਸਦੇ ਲਈ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗਦਿਆਂ ਕਿਹਾ ਅਜਿਹੇ ਬਿਜਲੀ ਸੰਕਟ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਜਿੰਮੇਵਾਰ ਹੈ ਜਿਹੜੀ ਮੁਲਾਜਮਾਂ ਦੀ ਛੱਡੋ ਲੋਕਾਂ ਪ੍ਰਤੀ ਵੀ ਗੰਭੀਰ ਨਹੀਂ ਦਿੱਖ ਰਹੀ। ਉਨ੍ਹਾਂ ਕਿਹਾ ਕਿ ਕਿੱਡੀ ਹੈਰਾਨੀ ਦੀ ਗੱਲ ਕਿ ਬਿਜਲੀ ਮੰਤਰੀ ਜੱਥੇਬੰਦੀਆਂ ਨੂੰ ਮੋਹਾਲੀ ਬੁਲਾ ਕੇ ਆਨ ਲਾਈਨ ਮੀਟਿੰਗ ਕਰ ਰਿਹਾ ਹੈ ਜੋ ਮਿੰਟਾਂ ਚ ਹੀ ਟੁੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਾਜਮ ਇਕਜੁੱਟ ਹਨ ਅਤੇ ਮੰਗਾਂ ਮੰਨਵਾ ਕੇ ਹੀ ਦਮ ਲੈਣਗੇ। ਇਸ ਮੌਕੇ ਡਵੀਜਨ ਪ੍ਰਧਾਨ ਕੁਲਜੀਤ ਸਿੰਘ ਤੇ ਸਰਕਲ ਆਗੂ ਇੰਜ ਰਵਿੰਦਰ ਗੋਗੀ ਤੋਂ ਇਲਾਵਾ ਵੱਡੀ ਗਿਣਤੀ ਚ ਮੁਲਾਜਮ ਹਾਜਰ ਸਨ।
- Download Babushahi App
-
-